ਭਾਰਤੀ ਮੂਲ ਦੇ ਇਕ ਡਾਕਟਰ ਅਤੇ ਉਸ ਦੀ ਪਤਨੀ ਤੇ ਧੋਖਾਧੜੀ ਦੇ ਦੋਸ਼
ਨਿਊਯਾਰਕ, 20 ਜੂਨ (ਸ.ਬ.) ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਡਾਕਟਰ ਅਤੇ ਉਸ ਦੀ ਪਤਨੀ ਤੇ ਧੋਖਾਧੜੀ ਦੇ ਦੋਸ਼ ਲੱਗੇ ਹਨ| ਦਰਅਸਲ ਡਾਕਟਰ ਜੋੜੇ ਨੇ ਬਿਨਾਂ ਮਨਜ਼ੂਰੀ ਵਾਲੀਆਂ ਦਵਾਈਆਂ ਵੇਚੀਆਂ ਸਨ ਅਤੇ ਦੋਵੇਂ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ| ਧੋਖਾਧੜੀ ਦੇ ਦੋਸ਼ਾਂ ਕਾਰਨ ਜੋੜਾ 12 ਲੱਖ ਡਾਲਰ ਦਾ ਹਰਜ਼ਾਨਾ ਦੇਣ ਲਈ ਰਾਜ਼ੀ ਹੋ ਗਿਆ ਹੈ|
ਦੱਸਣ ਯੋਗ ਹੈ ਕਿ 68 ਸਾਲਾ ਅਨਿਦਯ ਸੇਨ ਦੇ ਟੈਨੇਸੀ ਵਿੱਚ ਗ੍ਰੀਨਵਿਲੇ ਅਤੇ ਜਾਨਸਨ ਸਿਟੀ ਵਿੱਚ ਦੋ ਕੈਂਸਰ ਕੇਂਦਰ ਹਨ| ਉਨ੍ਹਾਂ ਦੀ 69 ਸਾਲਾ ਪਤਨੀ ਪੈਟਰੀਸੀਆ ਪੋਸੇ ਸੇਨ 2009 ਤੋਂ 2012 ਤੱਕ ਉਨ੍ਹਾਂ ਦੇ ਮੈਡੀਕਲ ਦੇ ਪੇਸ਼ ਨੂੰ ਸੰਭਾਲਦੀ ਰਹੀ| ਨਿਆਂ ਵਿਭਾਗ ਮੁਤਾਬਕ ਜੋੜੇ ਨੇ ਬਿਨਾਂ ਮਨਜ਼ੂਰੀ ਵਾਲੀਆਂ ਸਸਤੀਆਂ ਦਵਾਈਆਂ ਵੇਚ ਕੇ ਮੁਨਾਫਾ ਕਮਾਇਆ| ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ‘ਸਟੇਟ ਐਂਡ ਫੈਡਰਲ ਫਾਲਸ ਕਲੇਮਸ ਐਕਟ’ ਦੇ ਦੋਸ਼ਾਂ ਨੂੰ ਨਿਪਟਾਉਣ ਲਈ 12 ਲੱਖ ਡਾਲਰ ਦੇਣੇ ਪੈਣਗੇ|
ਜੋੜੇ ਨੇ ਅਜਿਹੀਆਂ ਦਵਾਈਆਂ ਦੀ ਵਿਕਰੀ ਕੀਤੀ, ਜਿਸ ਨੂੰ ਅਮਰੀਕਾ ਵਿਚ ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਐਫ. ਡੀ. ਏ.) ਨੇ ਮਾਰਕੀਟਿੰਗ ਲਈ ਮਨਜ਼ੂਰੀ ਨਹੀਂ ਦਿੱਤੀ ਸੀ| ਨਿਆਂ ਵਿਭਾਗ ਦੇ ਸਿਵਲ ਡਿਵੀਜ਼ਨ ਦੇ ਕਾਰਜਕਾਰੀ ਸਹਾਇਕ ਅਟਾਰਨੀ ਜਨਰਲ ਚਾਡ ਰੀਡਲਰ ਨੇ ਕਿਹਾ ਐਫ. ਡੀ. ਏ. ਵਲੋਂ ਨਾ ਮਨਜ਼ੂਰ ਵਿਦੇਸ਼ੀ ਦਵਾਈਆਂ ਨੂੰ ਵੇਚਣਾ ਫੈਡਰਲ ਹੈਲਥਕੇਅਰ ਪ੍ਰੋਗਰਾਮ ਨੂੰ ਘੱਟ ਕਰਦਾ ਹੈ ਅਤੇ ਇਸ ਨਾਲ ਮਰੀਜ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਸੀ| ਵਿਭਾਗ ਨੇ ਦੋਸ਼ ਲਾਇਆ ਕਿ ਸੇਨ ਨੇ ਨਾ ਮਨਜ਼ੂਰ ਦਵਾਈਆਂ ਖਰੀਦੀਆਂ, ਕਿਉਂਕਿ ਇਹ ਉਨ੍ਹਾਂ ਦਵਾਈਆਂ ਤੋਂ ਸਸਤੀਆਂ ਸਨ, ਜਿਨ੍ਹਾਂ ਨੂੰ ਅਮਰੀਕਾ ਵਿਚ ਮਾਰਕੀਟਿੰਗ ਲਈ ਐਫ. ਡੀ. ਏ. ਨੇ ਮਨਜ਼ੂਰੀ ਨਹੀਂ ਦਿੱਤੀ ਸੀ|