ਭਾਰਤੀ ਰਾਜਨੀਤੀ ਉੱਪਰ ਭਾਰੂ ਪਰਿਵਾਰਵਾਦ

ਤਾਮਿਲਨਾਡੂ ਵਿੱਚ ਡੀ ਐਮ ਕੇ ਨੇਤਾ ਕਰੁਣਾਨਿਧੀ ਦੇ ਦੂਜੇ ਬੇਟੇ ਸਟਾਲਿਨ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ| ਬੀਤੀ 4 ਜਨਵਰੀ ਨੂੰ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਵਿੱਚ ਇਹ ਪ੍ਰਸਤਾਵ ਸਾਧਾਰਨ ਢੰਗ ਨਾਲ ਪਾਸ ਹੋ ਗਿਆ| ਇਸਦਾ ਮਤਲਬ ਇਹ ਨਹੀਂ ਕਿ ਸਟਾਲਿਨ ਦੇ ਰਸਤਾ ਵਿੱਚ ਰੋੜੇ ਨਹੀਂ ਸਨ| ਸਭ ਤੋਂ ਵੱਡਾ ਰੋੜਾ ਤਾਂ ਵੱਡੇ ਭਰਾ ਅਲਾਗਿਰੀ ਹੀ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਪਹਿਲਾਂ ਕਿਨਾਰੇ ਕੀਤਾ ਗਿਆ, ਫਿਰ ਪਾਰਟੀ ਤੋਂ ਹੀ ਕੱਢ ਦਿੱਤਾ ਗਿਆ| ਇਸ ਘਟਨਾਕ੍ਰਮ ਵਿੱਚ ਸਟਾਲਿਨ ਨੂੰ ਪਿਤਾ ਕਰੁਣਾਨਿਧੀ ਦਾ ਪੂਰਾ ਸਮਰਥਨ ਹਾਸਿਲ ਰਿਹਾ|
ਦੱਖਣੀ ਭਾਰਤ ਵਿੱਚ ਬਾਪ-ਬੇਟੇ ਦੇ ਆਪਸੀ ਤਾਲਮੇਲ ਨਾਲ ਸੰਪੰਨ ਹੋਈ ਸੱਤਾ ਤਬਦੀਲੀ ਦੀ ਇਸ ਸਹਿਜ ਪ੍ਰਕ੍ਰਿਆ ਨੇ ਉੱਤਰ ਭਾਰਤ ਲਈ ਇੱਕ ਮਿਸਾਲ ਪੇਸ਼ ਕਰ ਦਿੱਤੀ ਹੈ| ਖਾਸਕਰਕੇ ਯੂ ਪੀ ਵਿੱਚ ਜਿਸ ਤਰ੍ਹਾਂ ਬੇਟੇ ਨੂੰ ਸੀ ਐਮ ਬਣਾਉਣ ਦੇ ਬਾਅਦ ਵੀ ਮੁਲਾਇਮ ਸਿੰਘ ਪੂਰੇ ਕਾਰਜਕਾਲ ਵਿੱਚ ਉਸ ਤੇ ਆਪਣਾ ਅੰਕੁਸ਼ ਬਣਾਕੇ ਰੱਖਣ ਦੀ ਲਗਦੀ ਵਾਹ ਕੋਸ਼ਿਸ਼ ਕਰਦੇ ਰਹੇ, ਅਤੇ ਹੁਣ ਚੋਣਾਂ ਤੋਂ ਐਨ ਪਹਿਲਾਂ ਉਸਦੀ ਲੱਤ ਖਿੱਚਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਉਸਨੂੰ ਵੇਖਦੇ ਹੋਏ ਕਰੁਣਾਨਿਧੀ ਆਦਰਸ਼ ਪਿਤਾ ਦੇ ਹੀ ਰੂਪ ਵਿੱਚ ਸਾਹਮਣੇ ਆਉਂਦੇ ਹਨ| ਦਿਲਚਸਪ ਗੱਲ ਇਹ ਹੈ ਕਿ ਸਟਾਲਿਨ ਅਜਿਹੇ ਸਮੇਂ ਵਿੱਚ ਪਾਰਟੀ ਦੀ ਕਮਾਨ ਸੰਭਾਲ ਰਹੇ ਹਨ ਜਦੋਂ ਮੁੱਖਮੰਤਰੀ ਅਹੁਦਾ ਉਨ੍ਹਾਂ ਦੀ ਪਹੁੰਚ ਤੋਂ ਜ਼ਿਆਦਾ ਦੂਰ ਨਹੀਂ ਲੱਗ ਰਿਹਾ|
ਇਸ ਲਿਹਾਜ਼ ਨਾਲ ਵੇਖੀਏ ਤਾਂ ਕਰੁਣਾਨਿਧੀ ਵਰਗੇ ਪਿਤਾ ਭਾਰਤੀ ਰਾਜਨੀਤੀ ਵਿੱਚ ਘੱਟ ਹੀ ਨਜ਼ਰ ਆਉਂਦੇ ਹਨ| ਲਾਲੂ ਨੇ ਜਰੂਰ ਆਪਣੇ ਦੋਵੇਂ ਬੇਟਿਆਂ ਨੂੰ ਨਿਤੀਸ਼ ਮੰਤਰੀਮੰਡਲ ਵਿੱਚ ਸੈਟ ਕਰਵਾ ਦਿੱਤਾ, ਪਰ ਉਤਰਾਅਧਿਕਾਰੀ ਦਾ ਸਵਾਲ ਉਨ੍ਹਾਂ ਨੂੰ ਵੀ ਅੱਗੇ-ਪਿੱਛੇ ਹੱਲ ਕਰਨਾ ਹੀ ਹੋਵੇਗਾ| ਫਾਰੁਕ ਅਬਦੁੱਲਾ ਨੇ ਵੀ ਮਨ ਨਾਲ ਜਾਂ ਬੇਮਨ ਨਾਲ, ਪਰ ਬੇਟੇ ਨੂੰ ਸਮਾਂ ਰਹਿੰਦੇ ਸੀ ਐਮ ਬਣਵਾ ਹੀ ਦਿੱਤਾ| ਬਾਲਾ ਸਾਹੇਬ ਠਾਕਰੇ ਨੇ ਭਤੀਜੇ ਰਾਜ ਠਾਕਰੇ ਨੂੰ ਰਸਤੇ ਤੋਂ ਹਟਾ ਕੇ ਬੇਟੇ ਉੱਧਵ ਠਾਕਰੇ ਨੂੰ ਪਾਰਟੀ ਦੇ ਤਾਜ ਤੱਕ ਪਹੁੰਚਾ ਦਿੱਤਾ, ਪਰ ਸੀ ਐਮ ਦੀ ਗੱਦੀ ਫਿਲਹਾਲ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੀ ਲੱਗ ਰਹੀ ਹੈ|
ਇਸ ਮਾਮਲੇ ਵਿੱਚ ਪੰਜਾਬ ਦੇ ਬਾਦਲ ਪਿਤਾ-ਪੁੱਤ ਦੇ ਸਾਹਮਣੇ ਨਾ ਤਾਂ ਕੋਈ ਦਵੰਦਵ ਸੀ, ਨਾ ਹੀ ਕੋਈ ਵੈਰੀ| ਪਰ ਹੁਣ ਇਸਦਾ ਕੀ ਕਰੀਏ ਕਿ ਪਿਤਾ ਦੀਰਘਜੀਵੀ ਨਿਕਲੇ ਅਤੇ      ਬੇਟੇ ਦੀ ਬੱਸ ਛੁੱਟਣ ਵਾਲੀ ਹੈ ! ਕੇਂਦਰ ਵਿੱਚ ਰਾਹੁਲ ਗਾਂਧੀ ਨੂੰ ਵੀ ਕੋਈ ਚੁਣੌਤੀ ਦੇਣ ਵਾਲਾ ਨਹੀਂ ਸੀ| ਮੌਕਾ ਪੂਰੇ ਦਸ ਸਾਲ ਨਜਰਾਂ ਝੁਕਾਕੇ ਉਨ੍ਹਾਂ ਦੇ ਦਰਵਾਜੇ ਤੇ ਖੜਿਆ ਰਿਹਾ, ਪਰ ਉਦੋਂ ਗੱਲ ਨਹੀਂ ਬਣੀ ਅਤੇ ਹੁਣ ਵਿਗੜਦੀ ਹੀ ਜਾ ਰਹੀ ਹੈ| ਭਾਰਤੀ ਲੋਕਤੰਤਰ ਵਿੱਚ ਖ਼ਾਨਦਾਨ ਰਵਾਇਤ ਤੁਹਾਨੂੰ ਰਾਜ ਕੁਮਾਰ ਬਣਾ ਸਕਦੀ ਹੈ ਪਰ ਰਾਜਾ ਬਣਨ ਦੀ ਇੱਥੇ ਕੋਈ ਗਾਰੰਟੀ ਨਹੀਂ|
ਦਿਲਜੀਤ

Leave a Reply

Your email address will not be published. Required fields are marked *