ਭਾਰਤੀ ਸੂਬਿਆਂ ਨੂੰ ਹੋਰ ਖੁਦਮੁਖਤਿਆਰੀ ਦਿੱਤੀ ਜਾਵੇ : ਡਾ. ਧਰਮਵੀਰ ਗਾਂਧੀ

ਭਾਰਤੀ ਸੂਬਿਆਂ ਨੂੰ ਹੋਰ ਖੁਦਮੁਖਤਿਆਰੀ ਦਿੱਤੀ ਜਾਵੇ : ਡਾ. ਧਰਮਵੀਰ ਗਾਂਧੀ
ਪੰਜਾਬ ਮੰਚ ਵਲੋਂ ਆਪਣਾ ‘ਐਲਾਨਨਾਮਾ’ ਜਾਰੀ
ਚੰਡੀਗੜ੍ਹ, 31 ਜੁਲਾਈ (ਸ.ਬ.) ਪੰਜਾਬ ਮੰਚ ਨੇ ਅੱਜ ਆਪਣਾ ‘ਐਲਾਨਨਾਮਾ’ ਜਾਰੀ ਕਰ ਦਿੱਤਾ ਹੈ| ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਅਤੇ ਮੰਚ ਦੇ ਮੈਂਬਰਾਂ ਨੇ ਇਸ ਐਲਾਨਨਾਮੇ ਨੂੰ ਜਾਰੀ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ| ਇਸ ਮੌਕੇ ਬੋਲਦਿਆਂ ਡਾ. ਗਾਂਧੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਰਾਜਾਂ ਨੂੰ ਮਿਲੀ ਸੀਮਤ ਖ਼ੁਦਮੁਖਤਿਆਰੀ ਵੀ ਭਾਰਤੀ ਗਣਰਾਜ ਨੇ ਅਜ਼ਾਦੀ ਦੇ ਬਾਅਦ ਦੇ ਸਾਲਾਂ ਦੌਰਾਨ ਤਾਕਤ ਅਤੇ ਸੂਖ਼ਮ ਤਰੀਕਿਆਂ ਰਾਹੀਂ ਖੋਰ ਕੇ ਰੱਖ ਦਿੱਤੀ ਹੈ| ਨਤੀਜੇ ਵਜੋਂ ਰਾਜਾਂ ਦਾ ਕਰੂੰਗਾ ਹੋ ਗਿਆ ਹੈ| ਅੱਜ ਪੰਜਾਬ ਸਮੇਤ ਬਹੁਤੇ ਰਾਜ ਲੱਖਾਂ ਕਰੋੜਾਂ ਦੇ ਕਰਜ਼ਾਈ ਹਨ ਅਤੇ ਬੱਜਟਾਂ ਦਾ ਬਹੁਤਾ ਹਿੱਸਾ ਕਰਜ਼ੇ ਦੀਆਂ ਕਿਸ਼ਤਾਂ ਦੇਣ ਵਿੱਚ ਹੀ ਨਿਕਲ ਜਾਂਦਾ ਹੈ|
ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਤਾਂ ਬਹੁਤੀ ਖ਼ਰਾਬ ਹੈ ਜਿਸ ਦੇ ਕੁਦਰਤੀ ਵਸੀਲੇ ‘ਦਰਿਆਈ ਪਾਣੀਆ’ ਨੂੰ ਭਾਰਤੀ ਸੰਵਿਧਾਨ ਵਿਚ ਦਰਜ ਧਾਰਾ 262 ਦੀਆਂ ਧੱਜੀਆਂ ਉਡਾ ਕੇ ਬਲ ਅਤੇ ਛਲ ਨਾਲ ਮੁਫ਼ਤ ਲੁੱਟ ਲਿਆ ਗਿਆ| ਭੂਗੋਲਿਕ ਤੌਰ ਤੇ ਚੁਫ਼ੇਰਿਓਂ ਬੰਦ ਅਤੇ ਇਸਦੇ ਨਤੀਜੇ ਵਜੋਂ ਵਪਾਰਕ ਤੌਰ ਤੇ ਮੁਥਾਜ ਪੰਜਾਬ ਲਈ ਇਸਦੇ ਕੁਦਰਤੀ ਵਸੀਲੇ ਦਾ ਲੁੱਟੇ ਜਾਣਾ ਅਤੀ ਘਾਤਕ ਸਾਬਤ ਹੋਇਆ ਹੈ| ਪੰਜਾਬ ਦਾ ਅੱਜ ਦਾ ਘੋਰ ਨਿਰਾਸ਼ਾ ਦਾ ਆਲਮ, ਜੁਆਨੀ ਦਾ ਵਿਦੇਸ਼ਾਂ ਵੱਲ ਉਡਾਰੀ ਮਾਰਨਾ ਜਾਂ ਨਸ਼ਿਆਂ ਦੀ ਦਲਦਲ ਵਿੱਚ ਗ੍ਰਸੇ ਜਾਣਾ, ਖੇਤੀ ਦੇ ਗ਼ੈਰ-ਲਾਹੇਵੰਦ ਹੋਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ ਦੀ ਪਿੱਠ ਵਿੱਚ ਵੱਜੇ ਛੁਰੇ ਦੀ ਬਦੌਲਤ ਹੀ ਹਨ|
ਉਨ੍ਹਾਂ ਕਿਹਾ ਕਿ ਪੰਜਾਬ ਮੰਚ ਕਾਂਗਰਸ ਦੇ ‘ਨਹਿਰੂਵਾਦੀ ਸਮਾਜਵਾਦ’ ਅਤੇ ‘ਨਹਿਰੂਵਾਦੀ ਧਰਮਨਿਰਪੱਖਤਾ’ ਦੇ ਨਾਕਾਮ ਤਜੁਰਬੇ ਨੂੰ ਦਰਅਸਲ ਭਾਰਤੀ ਉਪ-ਮਹਾਂਦੀਪ ਦੀ ਫ਼ਿਰਕੂ ਵੰਡ ਦਾ ਹੀ ਵਿਸਥਾਰ ਮੰਨਦਾ ਹੈ ਜਿਸਨੇ ਹੁਣ ਬੀਜੇਪੀ ਦੇ ਰੂਪ ਵਿੱਚ ਪ੍ਰਗਟ ਹਿੰਦੂ-ਬਹੁਗਿਣਤੀਵਾਦ ਲਈ ਧਰਾਤਲ ਤਿਆਰ ਕੀਤੀ ਹੈ| ਪੰਜਾਬ ਮੰਚ ਭਾਰਤੀ ਸਿਆਸਤ ਦੀਆਂ ਦੋਹਾਂ ਧਾਰਾਵਾਂ ਨੂੰ ਇਕੋ ਕੇਂਦਰਵਾਦੀ ਧਾਰਾ ਮੰਨਦਾ ਹੈ ਜੋ ਭਾਰਤੀ ਉਪ-ਮਹਾਂਦੀਪ ਦੀਆਂ ਵਿਲੱਖਣਤਾਵਾਂ ਦੇ ਰੂਪ ਵਿੱਚ ਵਿਚਰ ਰਹੀਆਂ ਨੀਮ-ਕੌਮੀ, ਧਾਰਮਿਕ, ਜਾਤਪਾਤੀ, ਭਾਸ਼ਾਈ, ਇਲਾਕਾਈ ਅਤੇ ਨਸਲੀ ਪਛਾਣਾਂ ਲਈ ਦਮ-ਘੋਟੂ ਹਨ|
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਅੰਦਰ ਵਿਭਿੰਨਤਾਵਾਂ ਦੇ ਇਕ ਬਗ਼ੀਚੇ ਵਾਂਗ ਖਿੜਨ ਲਈ ਜਮੂਹਰੀ ਮਹੌਲ ਚਾਹੀਦਾ ਹੈ ਜੋ ਕਿ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਅਸੂਲਾਂ ਤੇ ਅਧਾਰਤ ਫ਼ੈਡਰਲ ਢਾਂਚਾ ਹੀ ਦੇ ਸਕਦਾ ਹੈ| ਅਜਿਹੀ ਜਮੂਹਰੀਅਤ ਲਈ ਰਾਜਾਂ ਨੂੰ ਅੰਦਰੂਨੀ ਖ਼ੁਦ-ਮੁਖਤਿਆਰੀ ਹੀ ਅਸਲੀ ਢਾਰਸ ਬਣ ਸਕਦੀ ਹੈ|
ਡਾ. ਧਰਮਵੀਰ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਰਾਜਾਂ ਨੂੰ ਅੰਦਰੂਨੀ ਖ਼ੁਦ-ਮੁਖ਼ਤਿਆਰੀ ਰਾਹੀਂ ਸਚਮੁੱਚ ਦਾ ਫ਼ੇਡਰਲ ਭਾਰਤ ਬਨਾਉਣ ਲਈ, ਕੇਂਦਰ-ਰਾਜ ਸਬੰਧਾਂ ਦੇ ਸਾਰੇ ਪੱਖਾਂ ਤੇ ਮੁੜ-ਨਜ਼ਰਸਾਨੀ ਕਰਨ ਲਈ ਕਦਮ ਚੁੱਕੇ ਤਾਂ ਕਿ ਰਾਜਾਂ ਨੂੰ ਲੋਕ ਕਲਿਆਣ ਦੇ ਆਪਣੇ ਸੰਵਿਧਾਨਕ ਕਾਰਜ ਕਰਨ ਦੇ ਸਮਰੱਥ ਬਣਾਇਆ ਜਾ ਸਕੇ|
ਇਸ ਮੌਕੇ ਪ੍ਰੌ. ਰੌਣਕੀ ਰਾਮ ਨੇ ਫ਼ੈਡਰਲ ਭਾਰਤ ਦੀ ਸਹੀ ਸਿਰਜਣਾ ਕਰਨ ਲਈ ਜਮੂਹਰੀ ਪੰਜਾਬ ਨੂੰ ਪੂਰਵ-ਸ਼ਰਤ ਦੱਸਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਧਰਮ, ਜਾਤ ਅਤੇ ਭਾਈਚਾਰਿਆਂ ਦੀ ਪਛਾਣ ਤੋਂ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦੀ ਪਛਾਣ ਤੱਕ ਉਪਰ ਉੱਠ ਜਾਣ, ਜਿਸ ਹੇਠ ਸਾਰੇ ਨਾਗਰਿਕਾਂ ਨੂੰ ‘ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ’ ਦੇ ਅਸੂਲਾਂ ਤਹਿਤ ਕਿਸੇ ਵੀ ਦਾਬੇ ਤੋਂ ਮੁਕਤ ਬਰਾਬਰ ਦੇ ਹੱਕ ਹੋਣ|
ਇਸ ਮੌਕੇ ‘ਪੰਜਾਬ ਮੰਚ’ ਦੇ ਮੈਂਬਰ ਪੱਤਰਕਾਰ ਸੁਖਦੇਵ ਸਿੰਘ, ਦਿਲਪ੍ਰੀਤ ਸਿੰਘ , ਪ੍ਰੋ. ਮਲਕੀਅਤ ਸਿੰਘ ਸੈਣੀ, ਪ੍ਰੋ. ਬਾਵਾ ਸਿੰਘ, ਨਰਿੰਦਰ ਸਿੰਘ, ਮਾਣਿਕ ਗੋਇਲ , ਹਰਮੀਤ ਕੌਰ ਬਰਾੜ, ਗੁਰਚਰਨ ਸਿੰਘ ਪੱਖੋਕਲਾਂ, ਹਰਿੰਦਰ ਸਿੰਘ ਜ਼ੀਰਾ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਸੁਮੀਤ ਭੁੱਲਰ, ਜਗਤਾਰ ਸਿੰਘ ਗਿੱਲ, ਮਾਨਿਕ ਗੋਇਲ, ਡਾ. ਜਗਜੀਤ ਸਿੰਘ ਚੀਮਾ, ਰੋਬਿਨ ਅਗਰਵਾਲ ਅਤੇ ਇੰਜੀ. ਰਣਜੀਤ ਸਿੰਘ ਸ਼ਾਮਲ ਸਨ|

Leave a Reply

Your email address will not be published. Required fields are marked *