ਭਾਰਤੀ ਹਾਕੀ: ਮੁੜ ਸੁਨਿਹਰੀ ਯੁੱਗ ਸ਼ੁਰੂ ਹੋਣ ਦੀ ਆਸ ਬੱਝੀ

ਐਸ.ਏ.ਐਸ.ਨਗਰ, 19 ਦਸੰਬਰ (ਜਗਮੋਹਨ ਸਿੰਘ ਲੱਕੀ) ਭਾਰਤੀ ਹਾਕੀ ਟੀਮ ਨੇ 15 ਸਾਲ ਬਾਅਦ ਜੂਨੀਅਰ ਹਾਕੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ| ਇਸ ਤੋਂ ਪਹਿਲਾਂ ਸਾਲ 2001 ਵਿੱਚ ਅਸਟ੍ਰੇਲੀਆ ਦੇ ਹੋਬਰਟ ਵਿੱਚ ਭਾਰਤੀ ਟੀਮ ਨੇ ਅਰਜਨਟਾਈਨਾ ਨੂੰ 6-1 ਨਾਲ ਹਰਾ ਕੇ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ| ਇਸ ਤਰ੍ਹਾਂ ਜੂਨੀਅਰ ਵਿਸ਼ਵ ਹਾਕੀ ਕੱਪ ਦੇ ਫਾਈਨਲ ਵਿੱਚ ਬੈਲਜੀਅਮ ਨੂੰ ਹਰਾ ਕੇ ਭਾਰਤੀ ਟੀਮ ਨੇ ਲੰਮੇ ਅਰਸੇ ਬਾਅਦ ਹਾਕੀ ਦੇ ਮੈਦਾਨ ਉਪਰ ਖਿਤਾਬ ਤੋਹਫੇ ਵਿੱਚ ਦੇਸ਼ ਵਾਸੀਆਂ ਨੂੰ ਦਿੱਤਾ ਹੈ|
ਭਾਰਤੀ ਜੂਨੀਅਰ ਹਾਕੀ ਟੀਮ ਦੀ ਇਸ ਸਫਲਤਾ ਨਾਲ ਜਿਥੇ ਸਾਰਾ ਦੇਸ਼ ਹੀ ਖੁਸ਼ ਹੈ, ਉਥੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵਸੇ ਭਾਰਤੀ ਵੀ ਭਾਰਤੀ ਹਾਕੀ ਟੀਮ ਦੀ ਇਸ ਖਿਤਾਬੀ ਜਿੱਤ ਉਪਰ ਜ਼ਸ਼ਨ ਮਨਾ ਰਹੇ ਹਨ| ਭਾਰਤੀ ਹਾਕੀ ਟੀਮ ਦੀ ਇਸ ਜਿੱਤ ਨੂੰ ਜਿੱਥੇ ਮੀਡੀਆ ਨੇ ਪੂਰੀ ਕਵਰੇਜ ਦਿੱਤੀ, ਉੱਥੇ ਕਈ ਇਲੈਕਟ੍ਰੋਨਿਕ ਚੈਨਲਾਂ ਨੇ ਵੀ ਭਾਰਤੀ ਹਾਕੀ ਟੀਮ ਦੀ ਖਬਰ ਪ੍ਰਮੁਖਤਾ ਨਾਲ ਪੇਸ਼ ਕੀਤੀ ਪਰ ਇਸ ਮੌਕੇ ਉਪਰ ਹਾਕੀ ਸੰਬੰਧੀ ਕੋਈ ਵਿਸ਼ੇਸ਼ ਡੀਬੇਟ ਜਾਂ ਹੋਰ ਕੋਈ ਪ੍ਰੋਗਰਾਮ ਪੇਸ਼ ਕਰਨ ਵਿੱਚ ਇਲੈਕਟ੍ਰੋਨਿਕ ਮੀਡੀਆ ਅਸਫਲ ਰਿਹਾ|
ਭਾਰਤੀ ਹਾਕੀ ਟੀਮ ਦੀ ਇਸ ਸਫਲਤਾ ਨਾਲ ਭਾਰਤ ਦੇ ਖੇਡ ਪ੍ਰੇਮੀਆਂ ਨੂੰ ਇਹ ਆਸ ਬੱਝ ਗਈ ਹੈ ਕਿ ਜੋ ਇਸੇ ਤਰ੍ਹਾਂ ਭਾਰਤੀ ਹਾਕੀ ਟੀਮ ਸਫਲਤਾ ਹਾਸਲ ਕਰਦੀ ਰਹੀ ਤਾਂ ਭਾਰਤੀ ਹਾਕੀ ਟੀਮ ਦਾ ਸੁਨਿਹਰੀ ਯੁੱਗ ਮੁੜ ਸ਼ੁਰੁ ਹੋ ਸਕਦਾ ਹੈ|
ਇਤਿਹਾਸ ਦੇ ਵਰਕੇ ਫਰੋਲਦਿਆਂ ਪਤਾ ਚਲਦਾ ਹੈ ਕਿ ਇਕ ਸਮਾਂ ਅਜਿਹਾ ਵੀ ਸੀ, ਜਦੋਂ ਪੂਰੇ ਵਿਸ਼ਵ ਵਿੱਚ ਹੀ ਭਾਰਤ ਦੀ ਹਾਕੀ ਟੀਮ ਦੀ ਸਰਦਾਰੀ ਸੀ, ਭਾਰਤੀ ਹਾਕੀ ਖਿਡਾਰੀ ਵਿਰੋਧੀ ਟੀਮਾਂ ਦੇ ਡੀ ਵਿੱਚ ਪਹੁੰਚਦੇ ਸਨ ਤਾਂ ਵਿਰੋਧੀ ਟੀਮਾਂ ਦੇ ਖਿਡਾਰੀਆਂ ਨੂੰ ਕਾਂਬਾ ਛਿੜ ਜਾਂਦਾ ਸੀ| ਮੇਜਰ ਧਿਆਨ ਚੰਦ ਨੂੰ ਤਾਂ ਹਾਕੀ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ, ਹਾਕੀ ਦੇ ਮੈਚ ਦੌਰਾਨ ਗੇਂਦ ਧਿਆਨ ਚੰਦ ਦੀ ਹਾਕੀ ਨਾਲ ਹੀ ਚਿੰਬੜੀ ਰਹਿੰਦੀ ਸੀ ਜਿਸ ਤੋਂ ਅੰਗ੍ਰੇਜ ਖਿਡਾਰੀ ਬਹੁਤ ਹੈਰਾਨ ਹੁੰਦੇ ਸਨ| ਸੁਰਜੀਤ ਸਿੰਘ ਫੁਲਬੈਕ ਪੈਨਲਟੀ ਕੌਰਨਰ ਲਗਾਉਣ ਸਮੇਂ ਏਨੇ ਜੋਰ ਦੀ ਹਿੱਟ ਮਾਰਦਾ ਸੀ ਕਿ ਗੇਂਦ ਨਾ ਤਾਂ ਗੋਲਕੀਪਰ ਨੂੰ ਦਿਖਾਈ ਦਿੰਦੀ ਸੀ ਨਾ ਹੀ ਰੈਫਰੀ ਨੂੰ ਪਤਾ ਉਦੋਂ ਹੀ ਉਦੋਂ ਹੀ  ਲੱਗਦਾ ਸੀ ਕਿ ਗੋਲ ਹੋ ਗਿਆ ਹੈ| ਇਸੇ ਤਰ੍ਹਾਂ ਬਲਬੀਰ ਸਿੰਘ (ਸਾਰੇ) ਹਾਕੀ ਦੇ ਮਹਾਰਥੀ ਰਹਿ ਚੁੱਕੇ ਹਨ| ਇਹੀ ਕਾਰਨ ਹੈ ਕਿ ਪੰਜਾਬ ਵਿੱਚ ਵੱਖ ਵੱਖ ਥਾਵਾਂ ਉਪਰ ਲੱਗਦੇ ਖੇਡ ਮੇਲਿਆਂ ਵਿੱਚ ਢਾਡੀ ਹਾਕੀ ਖਿਡਾਰੀਆਂ ਦੀਆਂ ਵਾਰਾਂ ਗਾਉਂਦੇ ਹੁੰਦੇ ਸਨ|
ਭਾਰਤ ਦੀ ਹਾਕੀ ਟੀਮ ਉਲੰਪਿਕ ਖੇਡਾਂ ਵਿੱਚ ਅੱਠ ਵਾਰ ਸੋਨ ਤਗਮਾ ਜਿੱਤ ਚੁੱਕੀ ਹੈ ਅਤੇ ਇਸ ਤਰ੍ਹਾਂ ਭਾਰਤੀ ਹਾਕੀ ਟੀਮ ਦਾ ਇਤਹਾਸ ਸ਼ੁਨਿਹਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ|
ਇਥੇ ਇਹ ਜਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਹਾਕੀ ਟੀਮ ਸਾਰੇ ਵਿਸ਼ਵ ਵਿੱਚ ਹੀ ਫਾਡੀ ਰਹਿ ਗਈ ਸੀ ਅਤੇ ਉਲੰਪਿਕ ਖੇਡਾਂ ਵਿੱਚ ਤਾਂ ਭਾਰਤੀ ਹਾਕੀ ਟੀਮ ਅਖੀਰਲੇ ਨੰਬਰ ਉਪਰ ਹੀ ਆ ਰਹੀ ਸੀ| ਜਿਸ ਕਰਕੇ ਹਾਕੀ ਪ੍ਰੇਮੀਆਂ ਵਿੱਚ ਕਾਫੀ ਨਿਰਾਸ਼ਾ ਘਰ ਕੇ ਗਈ ਸੀ ਪਰ ਹੁਣ ਭਾਰਤੀ ਜੂਨੀਅਰ ਹਾਕੀ ਟੀਮ ਨੇ ਵਿਸ਼ਵ ਕੱਪ ਵਿੱਚ ਜਿੱਤ ਦੇ ਝੰਡੇ ਗੱਡਦਿਆਂ ਸਫਲਤਾ ਦਾ ਇਕ ਵੱਖਰਾ ਹੀ ਇਤਿਹਾਸ ਸਿਰਜ ਦਿੱਤਾ ਹੈ| ਜੂਨੀਅਰ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੀ ਇਸ ਵਿਸ਼ੇਸਤਾ ਇਹ ਵੀ ਹੈ ਕਿ ਇਸ ਟੀਮ ਦੇ 16 ਖਿਡਾਰੀਆਂ ਵਿੱਚ 10 ਖਿਡਾਰੀ ਪੰਜਾਬ ਨਾਲ ਸਬੰਧਿਤ ਹਨ| ਇਹ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ|
ਜੂਨੀਅਰ ਵਿਸ਼ਵ ਕੱਪ ਜਿਤੱਣ ਵਾਲੀ ਭਾਰਤੀ ਹਾਕੀ ਟੀਮ ਦੇ ਸਾਰੇ ਹੀ ਖਿਡਾਰੀ ਆਪੋਂ ਆਪਣੀ ਥਾਂ ਬਹੁਤ ਵਧੀਆਂ ਖੇਡ ਰਹੇ ਹਨ, ਲੋੜ ਤਾਂ ਉਹਨਾਂ ਵਿੱਚ ਅਜੇ ਵੀ ਰਹਿ ਗਈਆਂ ਕੁਝ ਕਮਜੋਰੀਆਂ ਨੂੰ ਦੂਰ ਕਰਕੇ ਉਹਨਾਂ ਨੂੰ ਸੀਨੀਅਰ ਟੀਮ ਦੇ ਜਗਤ ਜੇਤੂ ਬਨਾਉਣ ਦੀ ਹੈ| ਜੂਨੀਅਰ ਭਾਰਤੀ ਹਾਕੀ ਟੀਮ ਤੋਂ ਦੇਸ਼ ਵਾਸੀਆਂ ਨੂੰ ਬਹੁਤ ਉਮੀਦਾਂ ਹਨ|

Leave a Reply

Your email address will not be published. Required fields are marked *