ਭਾਰਤ ਅਤੇ ਅਮਰੀਕਾ ਵਿਚਾਲੇ ਮਜਬੂਤ ਹੁੰਦੇ ਸਬੰਧ

ਅਮਰੀਕੀ ਕਾਂਗਰਸ ਵੱਲੋਂ ਖਾਸ ਸੰਸ਼ੋਧਨ ਬਿਲ ਪਾਸ ਕਰਕੇ ਭਾਰਤ ਵਰਗੇ ਦੇਸ਼ਾਂ ਲਈ ਰੂਸ ਦੇ ਨਾਲ ਹਥਿਆਰ ਸੌਦੇ ਕਰਨ ਦੀ ਗੁੰਜਾਇਸ਼ ਬਣਾਏ ਜਾਣ ਦੀ ਖਬਰ ਉਤਸ਼ਾਹਿਤ ਕਰਨ ਵਾਲੀ ਹੈ| ਪਿਛਲੇ ਦਿਨੀਂ ਸੀਨੇਟ ਨੇ ਨੈਸ਼ਨਲ ਡਿਫੈਂਸ ਅਥਾਰਾਈਜੇਸ਼ਨ ਐਕਟ (ਐਨਡੀਏਏ) ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ, ਜਿਸ ਤੋਂ ਬਾਅਦ ਇਸਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਨਜ਼ੂਰੀ ਲਈ ਭੇਜਿਆ ਗਿਆ ਹੈ| ਉਮੀਦ ਜਤਾਈ ਜਾ ਰਹੀ ਹੈ ਕਿ ਰਾਸ਼ਟਰਪਤੀ ਟਰੰਪ ਛੇਤੀ ਤੋਂ ਛੇਤੀ ਹਸਤਾਖਰ ਕਰਕੇ ਇਸਨੂੰ ਕਾਨੂੰਨ ਦਾ ਰੂਪ ਦੇ ਦੇਣਗੇ| ਇਹ ਬਿਲ ਕਾਉਂਟਰਿੰਗ ਅਮੇਰੀਕਾਜ ਐਡਵਰਸਰੀਜ ਥਰੂ ਸੈਂਕਸ਼ੰਸ ਐਕਟ (ਸੀਏਏਟੀਐਸਏ) ਦੀ ਧਾਰਾ 231 ਵਿੱਚ ਅਹਿਮ ਬਦਲਾਉ ਲਿਆਇਆ ਹੈ, ਜਿਸਦੇ ਮੁਤਾਬਕ ਰੂਸ ਨਾਲ ਵੱਡਾ ਹਥਿਆਰ ਖਰੀਦ ਸੌਦਾ ਕਰਨ ਵਾਲੇ ਦੇਸ਼ਾਂ ਉੱਤੇ ਪਾਬੰਦੀਆਂ ਲਗਾਉਣ ਦੀ ਗੱਲ ਕੀਤੀ ਜਾਂਦੀ ਰਹੀ ਹੈ| ਨਵਾਂ ਸੰਸ਼ੋਧਨ ਰਾਸ਼ਟਰਪਤੀ ਨੂੰ ਅਜਿਹੇ ਅਧਿਕਾਰ ਦਿੰਦਾ ਹੈ ਜਿਸਦੇ ਨਾਲ ਉਹ ਅਮਰੀਕਾ ਦੇ ਮਿੱਤਰ ਦੇਸ਼ਾਂ, ਉਸਦੇ ਫੌਜੀ ਅਭਿਆਨਾਂ ਅਤੇ ਸੰਵੇਦਨਸ਼ੀਲ ਟੈਕਨਾਲਜੀ ਦੀ ਰੱਖਿਆ ਕਰ ਸਕਣ|
ਆਪਣੇ ਇਹਨਾਂ ਅਧਿਕਾਰਾਂ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਆਪਣੇ ਮਿੱਤਰ ਦੇਸ਼ਾਂ ਨੂੰ ਜੁਰਮਾਨੇ ਤੋਂ ਛੂਟ ਦੇ ਸਕਦੇ ਹਨ| ਵਾਈਟ ਹਾਊਸ ਨਾਲ ਜੁੜੇ ਅਫਸਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਜਾਣਕਾਰ ਭਾਰਤ ਵਰਗੇ ਦੇਸ਼ਾਂ ਲਈ ਇਸ ਸੰਸ਼ੋਧਨ ਨੂੰ ਬੇਹੱਦ ਅਹਿਮ ਮੰਨ ਰਹੇ ਹਨ| ਕਿਹਾ ਜਾ ਰਿਹਾ ਹੈ ਕਿ ਇਹਨਾਂ ਸੰਸ਼ੋਧਨਾਂ ਦੇ ਕਾਨੂੰਨੀ ਰੂਪ ਵਿੱਚ ਆ ਜਾਣ ਤੋਂ ਬਾਅਦ ਭਾਰਤ ਲਈ ਰੂਸ ਤੋਂ ਐਸ-400 ਏਅਰ ਡਿਫੈਂਸ ਮਿਜ਼ਾਇਲ ਸਿਸਟਮ ਹਾਸਲ ਕਰਨਾ ਆਸਾਨ ਹੋ ਜਾਵੇਗਾ| ਯਾਦ ਕੀਤਾ ਜਾ ਸਕਦਾ ਹੈ ਕਿ ਮਾਰਚ ਵਿੱਚ ਰੂਸ ਦੇ ਨਾਲ ਭਾਰਤ ਦੇ ਇਸ ਪ੍ਰਸਤਾਵਿਤ ਸੌਦੇ ਤੇ ਅਮਰੀਕਾ ਨੇ ਸਖਤ ਇਤਰਾਜ ਜਤਾਇਆ ਸੀ| ਉਸ ਉਤੇ ਭਾਰਤ ਨੇ ਵੀ ਸਾਫ਼ ਕਹਿ ਦਿੱਤਾ ਸੀ ਕਿ ਇੱਕ ਆਜਾਦ, ਸੰਪ੍ਰਭੁ ਰਾਸ਼ਟਰ ਹੋਣ ਦੇ ਨਾਤੇ ਉਸਨੂੰ ਆਪਣੀ ਆਤਮਰੱਖਿਆ ਦਾ ਖਿਆਲ ਰੱਖਣ ਅਤੇ ਉਸਦੇ ਲਈ ਜਰੂਰੀ ਹੋਣ ਤੇ ਕਿਸੇ ਵੀ ਦੇਸ਼ ਨਾਲ ਉਪਯੁਕਤ ਸਮਝੌਤੇ ਕਰਨਾ ਦਾ ਪੂਰਾ ਅਧਿਕਾਰ ਹੈ|
ਉਸ ਸਮੇਂ ਦੋਵਾਂ ਦੇਸ਼ਾਂ ਦੇ ਰੁਖ਼ ਨਾਲ ਅਜਿਹਾ ਲੱਗ ਰਿਹਾ ਸੀ ਕਿ ਇਹ ਰੇੜਕਾ ਲੰਮਾ ਚੱਲੇਗਾ, ਜਿਸਦਾ ਨੁਕਸਾਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਭੁਗਤਣਾ ਪੈ ਸਕਦਾ ਹੈ| ਪਰੰਤੂ ਇੰਨੇ ਘੱਟ ਸਮੇਂ ਵਿੱਚ ਜੇਕਰ ਭਾਰਤ ਨੇ ਅਮਰੀਕਾ ਨੂੰ ਆਪਣੀ ਨੇਕਨੀਅਤੀ ਦਾ ਅਹਿਸਾਸ ਦਿਲਾਉਂਦੇ ਹੋਏ ਆਪਣੀਆਂ ਜਾਇਜ ਚਿੰਤਾਵਾਂ ਤੋਂ ਜਾਣੂ ਕਰਵਾ ਦਿੱਤਾ ਅਤੇ ਉਸਨੂੰ ਆਪਣੇ ਰੁਖ਼ ਤੇ ਮੁੜਵਿਚਾਰ ਕਰਨ ਨੂੰ ਤਿਆਰ ਕਰ ਲਿਆ ਤਾਂ ਨਿਸ਼ਚਿਤ ਰੂਪ ਨਾਲ ਇਹ ਭਾਰਤ ਦੀ ਇੱਕ ਵੱਡੀ ਕਾਮਯਾਬੀ ਹੈ| ਕਹਿਣ ਦੀ ਜ਼ਰੂਰਤ ਨਹੀਂ ਕਿ ਦੋਵੇਂ ਦੇਸ਼ ਜੇਕਰ ਇੱਕ – ਦੂਜੇ ਦੇ ਹਿਤਾਂ ਅਤੇ ਚਿੰਤਾਵਾਂ ਦੇ ਪ੍ਰਤੀ ਅਜਿਹੀ ਸੰਵੇਦਨਸ਼ੀਲਤਾ ਬਣਾ ਕੇ ਰੱਖਦੇ ਹਨ ਤਾਂ ਇਸਦਾ ਚੰਗਾ ਪ੍ਰਭਾਵ ਛੇਤੀ ਹੀ ਦੋਵਾਂ ਦੇ ਆਪਸੀ ਸਬੰਧਾਂ ਤੇ ਹੀ ਨਹੀਂ ਦੁਨੀਆ ਦੀ ਰਾਜਨੀਤੀ ਉਤੇ ਵੀ ਸਪੱਸ਼ਟ ਦਿਸਣ ਲੱਗੇਗਾ|
ਵਿਪਨ ਮਹਿਤਾ

Leave a Reply

Your email address will not be published. Required fields are marked *