ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਣਗੇ ਹੋਰ ਮਜ਼ਬੂਤ, ਸੱਜਣ ਆਉਣਗੇ ਭਾਰਤ

ਟੋਰਾਂਟੋ/ਨਵੀਂ ਦਿੱਲੀ, 8 ਅਪ੍ਰੈਲ (ਸ.ਬ.) ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬੀ ਮੂਲ ਦੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਦੌਰੇ ਤੇ ਆ ਰਹੇ ਹਨ| ਸੱਜਣ 17 ਅਪ੍ਰੈਲ ਨੂੰ ਭਾਰਤੀ ਰੱਖਿਆ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਨਗੇ| ਇਸ ਦੌਰਾਨ    ਦੋਵੇਂ ਦੇਸ਼ ਰੱਖਿਆ ਦੇ ਖੇਤਰ ਵਿੱਚ ਅਹਿਮ ਵਿਸਥਾਰ ਤੇ ਗੱਲਬਾਤ ਕਰਨਗੇ| ਮੌਜੂਦਾ ਸਮੇਂ ਭਾਰਤ ਅਤੇ ਕੈਨੇਡਾ ਰੱਖਿਆ, ਖੋਜ, ਵਿਗਿਆਨ ਤੇ ਤਕਨਾਲੋਜੀ ਅਤੇ ਸਮਾਜਿਕ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ|
ਆਪਣੀ ਯਾਤਰਾ ਦੌਰਾਨ ਹਰਜੀਤ ਸੱਜਣ ਦਿੱਲੀ ਅਤੇ ਪੰਜਾਬ ਦਾ ਦੌਰਾ ਕਰਨਗੇ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਨੇਡੀਅਨ ਹਾਈ ਕਮਿਸ਼ਨਰ ਨਾਦੀਰ ਪਟੇਲ ਨੇ ਕਿਹਾ ਕਿ ਸੱਜਣ ਦਾ ਇਹ ਦੌਰਾ ਇਸ ਨਾਲ ਸੰਬੰਧਤ ਹੈ ਕਿ ਅਸੀਂ ਆਪਣੇ ਸੰਬੰਧਾਂ ਨੂੰ ਵਿਸਥਾਰ ਦੇਣ ਲਈ ਹੋਰ ਕੀ ਕੁੱਝ ਕਰ ਸਕਦੇ ਹਾਂ? ਇਹ ਦੌਰਾ ਦੋਹਾਂ ਦੇਸ਼ਾਂ ਦੇ ਰੱਖਿਆ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਲਈ ਹੈ| ਕੈਨੇਡਾ ਵਿੱਚ ਸਰਗਰਮ ਕੱਟੜਪੰਥੀ ਗਰੁੱਪਾਂ ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਾਨੂੰਨ ਤੋੜੇਗਾ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਤੁਰੰਤ ਕਾਰਵਾਈ ਕਰਨਗੀਆਂ| ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕ ਕੈਨੇਡਾ ਦੇ ਸਮਾਜ ਵਿੱਚ ਅਹਿਮ ਯੋਗਦਾਨ ਦੇ ਰਹੇ ਹਨ ਅਤੇ ਉਹ ਸ਼ਾਂਤੀ ਪਸੰਦ ਹਨ| ਉਨ੍ਹਾਂ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਇਕ ਵੱਖਰੀ ਮੀਟਿੰਗ ਹੋਵੇਗੀ |
ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ 12 ਲੱਖ ਭਾਰਤੀ-ਕੈਨੇਡੀਅਨ ਹਨ, ਜਿਨ੍ਹਾਂ ਵਿੱਚੋਂ ਲਗਭਗ 5 ਲੱਖ ਪੰਜਾਬੀ ਅਤੇ 3 ਲੱਖ ਗੁਜਰਾਤੀ ਹਨ|
ਲਗਭਗ 1000 ਕੈਨੇਡੀਅਨ ਕੰਪਨੀਆਂ ਭਾਰਤ ਨਾਲ ਵਪਾਰ ਕਰ ਰਹੀਆਂ ਹਨ| ਉਨ੍ਹਾਂ ਕਿਹਾ ਕਿ ਉਹ ਸੱਜਣ ਦੇ ਭਾਰਤ ਦੌਰੇ ਨੂੰ ਲੈ ਕੇ ਆਸ਼ਾਵਾਦੀ ਹਨ|

Leave a Reply

Your email address will not be published. Required fields are marked *