ਭਾਰਤ ਅਤੇ ਚੀਨ ਵਿਚਲੇ ਦੋ ਪੱਖੀ ਰਿਸ਼ਤਿਆਂ ਨੂੰ ਮਜਬੂਤ ਕਰਨ ਦੀ ਗੁੰਜਾਇਸ਼

ਬ੍ਰਹਮਪੁਤਰ ਨਦੀ ਨਾਲ ਸਬੰਧਿਤ ਪਨਬਿਜਲੀ ਦੇ ਅੰਕੜੇ ਭਾਰਤ ਨਾਲ ਸਾਂਝਾ ਕਰਨ ਲਈ ਚੀਨ ਦਾ ਰਾਜੀ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਦੋ ਪੱਖੀ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਭਰਪੂਰ ਗੁੰਜਾਇਸ਼ ਹੈ| ਇਹ ਅੰਕੜੇ ਭਾਰਤ ਲਈ ਕਾਫ਼ੀ ਅਹਿਮੀਅਤ ਰੱਖਦੇ ਹਨ, ਕਿਉਂਕਿ ਇਨ੍ਹਾਂ ਦੇ ਜਰੀਏ ਪੂਰਬ ਉੱਤਰ ਵਿੱਚ ਹੜ੍ਹ ਬਾਰੇ ਅਨੁਮਾਨ ਲਗਾਉਣਾ ਅਤੇ ਹੜ੍ਹ ਨਾਲ ਨਿਪਟਨ ਦੀ ਯੋਜਨਾ ਬਣਾਉਣਾ ਆਸਾਨ ਹੋ ਜਾਂਦਾ ਹੈ| ਜੇਕਰ ਜਲ ਪੱਧਰ ਅਤੇ ਜਲ ਪ੍ਰਵਾਹ ਬਾਰੇ ਸੂਚਨਾਵਾਂ ਬਰਾਬਰ ਮਿਲਦੀਆਂ ਰਹਿਣ, ਤਾਂ ਹੜ੍ਹ ਕੰਟਰੋਲ ਦੇ ਪ੍ਰਭਾਵੀ ਕਦਮ ਚੁੱਕੇ ਜਾ ਸਕਦੇ ਹਨ, ਬਚਾਉ ਦੇ ਅਗਾਉਂ ਉਪਾਅ ਵੀ ਕੀਤੇ ਜਾ ਸਕਦੇ ਹਨ| ਅਸਮ ਤਾਂ ਦਹਾਕਿਆਂ ਤੋਂ ਹਰ ਸਾਲ ਹੜ੍ਹ ਦਾ ਡਰਾਉਣਾ ਦ੍ਰਿਸ਼ ਝੱਲਦਾ ਆਇਆ ਹੈ| ਕੁਦਰਤ ਦਾ ਉਤਾਰ-ਚੜਾਓ ਨਹੀਂ ਰੋਕਿਆ ਜਾ ਸਕਦਾ ਪਰ ਸਾਵਧਾਨੀ ਅਤੇ ਪ੍ਰਬੰਧਨ ਦੇ ਜੋਰ ਤੇ ਕੁਦਰਤ ਦਾ ਗੁੱਸਾ ਘੱਟ ਜਰੂਰ ਕੀਤਾ ਜਾ ਸਕਦਾ ਹੈ| ਬ੍ਰਹਮਪੁਤਰ ਦੇ ਜਲ ਪੱਧਰ ਅਤੇ ਪ੍ਰਵਾਹ ਬਾਰੇ ਸੂਚਨਾਵਾਂ ਉਪਲੱਬਧ ਕਰਾਉਣ ਲਈ ਚੀਨ ਦਾ ਰਾਜੀ ਹੋਣਾ ਕੋਈ ਨਵੀਂ ਗੱਲ ਨਹੀਂ ਹੈ| ਸਾਲ 2006 ਵਿੱਚ ਹੀ ਦੋਵਾਂ ਦੇਸ਼ਾਂ ਦੇ ਵਿਚਾਲੇ ਇਸ ਤਰ੍ਹਾਂ ਦਾ ਸਮਝੌਤਾ ਹੋ ਗਿਆ ਅਤੇ ਸਾਲ – ਦਰ – ਸਾਲ ਉਸ ਉਤੇ ਅਮਲ ਵੀ ਹੁੰਦਾ ਰਿਹਾ| ਸਮੱਝੌਤਾ ਇਹ ਹੋਇਆ ਸੀ ਕਿ 15 ਮਈ ਤੋਂ 15 ਅਕਤੂਬਰ ਤੱਕ ਬ੍ਰਹਮੁਪਤਰ ਦੀ ਰਫ਼ਤਾਰ, ਪ੍ਰਵਾਹ ਅਤੇ ਜਲ ਪੱਧਰ ਸਬੰਧੀ ਜਾਣਕਾਰੀ ਚੀਨ ਹਰ ਰੋਜ ਭਾਰਤ ਨੂੰ ਦੇਵੇਗਾ|
ਪਰੰਤੂ ਪਿਛਲੇ ਸਾਲ ਚੀਨ ਨੇ ਇਹ ਅੰਕੜੇ ਭਾਰਤ ਨੂੰ ਉਪਲੱਬਧ ਨਹੀਂ ਕਰਾਏ, ਇਹ ਕਹਿੰਦੇ ਹੋਏ ਅੰਕੜੇ ਦੇਣ ਵਾਲੇ ਤਿੱਬਤ ਸਥਿਤ ਕੇਂਦਰ ਵਿੱਚ ਆਧੁਨਿਕੀਕਰਣ ਦਾ ਕੰਮ ਜਾਰੀ ਹੋਣ ਦੇ ਕਾਰਨ ਇਹ ਅੰਕੜੇ ਦੇਣ ਵਿੱਚ ਉਹ ਅਸਮਰਥ ਹੈ| ਪਰ ਤਮਾਮ ਕੂਟਨੀਤਿਕਾਂ ਦਾ ਅਨੁਮਾਨ ਸੀ ਕਿ ਡੋਕਲਾਮ ਰੇੜਕੇ ਦੀ ਵਜ੍ਹਾ ਨਾਲ ਚੀਨ ਨੇ ਬ੍ਰਹਮਪੁਤਰ ਦੇ ਅੰਕੜੇ ਭਾਰਤ ਨੂੰ ਦੇਣੇ ਬੰਦ ਕਰ ਦਿੱਤੇ| ਡੋਕਲਾਮ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਵਿਚਾਲੇ ਰੇੜਕਾ 73 ਦਿਨਾਂ ਤੱਕ ਚੱਲਿਆ ਸੀ| ਜ਼ਿਕਰਯੋਗ ਹੈ ਕਿ ਡੋਕਲਾਮ ਰੇੜਕੇ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਚੀਨ ਤੋਂ ਬ੍ਰਹਮਪੁਤਰ ਦੇ ਅੰਕੜੇ ਭਾਰਤ ਨੂੰ ਮਿਲਣਗੇ| ਕਰੀਬ ਬਾਰਾਂ ਸਾਲ ਪਹਿਲਾਂ ਹੋਏ ਸਮਝੌਤੇ ਨੂੰ ਜਾਰੀ ਰੱਖਣ ਅਤੇ ਉਸ ਉਤੇ ਅਮਲ ਕਰਨ ਦਾ ਫ਼ੈਸਲਾ ਦੋਵਾਂ ਦੇਸ਼ਾਂ ਦੇ ਜਲ ਸੰਸਾਧਨ ਸਬੰਧੀ ਆਲਾ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ| ਇਸ ਮਸਲੇ ਤੇ ਦੋ ਦਿਨ ਚੱਲੀ ਮੀਟਿੰਗ ਚੀਨ ਦੇ ਪੂਰਵੀ ਸ਼ਹਿਰ ਹਾਂਗਝੋਊ ਵਿੱਚ ਸੰਪੰਨ ਹੋਈ|
ਜਿਕਰਯੋਗ ਹੈ ਕਿ ਚੀਨ ਨੇ ਵਪਾਰ ਘਾਟੇ ਨਾਲ ਸਬੰਧਤ ਭਾਰਤ ਦੀ ਸ਼ਿਕਾਇਤ ਉਤੇ ਵੀ ਸਕਾਰਾਤਮਕ ਸੰਕੇਤ ਦਿੱਤਾ ਹੈ| ਚੀਨ ਦੇ ਨਾਲ ਭਾਰਤ ਦਾ ਵਪਾਰ ਤਾਂ ਕਾਫ਼ੀ ਵਧਿਆ ਹੈ, ਪਰ ਚੀਨ ਨਾਲ ਹੋਣ ਵਾਲੇ ਆਯਾਤ ਦੇ ਮੁਕਾਬਲੇ ਚੀਨ ਨੂੰ ਹੋਣ ਵਾਲਾ ਭਾਰਤ ਦਾ ਨਿਰਯਾਤ ਕਾਫੀ ਘੱਟ ਰਿਹਾ ਹੈ| ਵਿੱਤ ਸਾਲ 2016 – 17 ਵਿੱਚ ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ 51 ਅਰਬ ਡਾਲਰ ਸੀ, ਜੋ ਕਿ ਉਸਤੋਂ ਪਹਿਲਾਂ ਦੇ ਸਾਲ ਵਿੱਚ 52.69 ਅਰਬ ਡਾਲਰ ਸੀ| ਚਾਲੂ ਵਿੱਤ ਸਾਲ ਦੀ ਅਪ੍ਰੈਲ ਤੋਂ ਅਕਤੂਬਰ ਦੀ ਮਿਆਦ ਵਿੱਚ ਮਤਲਬ ਸਿਰਫ ਸੱਤ ਮਹੀਨਿਆਂ ਵਿੱਚ ਚੀਨ ਦੇ ਨਾਲ ਭਾਰਤ ਦੇ ਵਪਾਰ ਘਾਟੇ ਦਾ ਅੰਕੜਾ 36.73 ਅਰਬ ਡਾਲਰ ਤੇ ਪਹੁੰਚ ਗਿਆ| ਆਪਸੀ ਵਪਾਰ ਦੇ ਅਸੰਤੁਲਨ ਨੂੰ ਦੂਰ ਕਰਨ ਦੀ ਮੰਗ ਭਾਰਤ ਨੇ ਇੱਕ ਵਾਰ ਫਿਰ ਚੁੱਕੀ ਹੈ| ਇਸ ਤੇ ਚੀਨ ਦੇ ਵਣਜ ਅਤੇ ਉਦਯੋਗ ਮੰਤਰੀ ਜਾਂਗ ਸ਼ਨ ਨੇ ਭਰੋਸਾ ਦਿਵਾਇਆ ਹੈ ਕਿ ਭਾਰਤੀ ਉਤਪਾਦਾਂ ਅਤੇ ਸੇਵਾਵਾਂ ਨੂੰ ਚੀਨ ਦੇ ਬਾਜ਼ਾਰ ਵਿੱਚ ਉਪਲਬਧ ਕਰਾਇਆ ਜਾਵੇਗਾ| ਇਸ ਤਰ੍ਹਾਂ ਦੀ ਗੱਲ ਚੀਨ ਵੱਲੋਂ ਪਹਿਲੀ ਵਾਰ ਨਹੀਂ ਕਹੀ ਗਈ ਹੈ| ਇਸ ਲਈ ਸੁਭਾਵਿਕ ਹੀ ਇਹ ਸਵਾਲ ਉਠਦਾ ਹੈ ਕਿ ਜਾਂਗ ਸ਼ਨ ਨੇ ਜੋ ਭਰੋਸਾ ਦਿੱਤਾ ਹੈ, ਕੀ ਉਸ ਉਤੇ ਚੀਨ ਗੰਭੀਰਤਾ ਨਾਲ ਅਮਲ ਕਰੇਗਾ ਅਤੇ ਕੀ ਇਹ ਸਰਾਕਾਤਮਮਕ ਰੁਖ਼ ਹੋਰ ਮਾਮਲਿਆਂ ਵਿੱਚ ਵੀ ਦਿਖੇਗਾ?
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *