ਭਾਰਤ ਅਤੇ ਰੂਸ ਵਿਚਕਾਰ ਏਅਰ ਡਿਫੈਂਸ ਸਿਸਟਮ ਐਸ-400 ਦੀ ਖਰੀਦ ਦਾ ਸਮਝੌਤਾ

ਅਮਰੀਕੀ ਦਬਾਅ ਦੇ ਬਾਵਜੂਦ ਭਾਰਤ ਅਤੇ ਰੂਸ ਦੇ ਵਿੱਚ ਏਅਰ ਡਿਫੈਂਸ ਸਿਸਟਮ ਐਸ-400 ਦੀ ਖਰੀਦ ਨਾਲ ਜੁੜੀ 5.2 ਅਰਬ ਡਾਲਰ ਦੀ ਡੀਲ ਉਤੇ ਦਸਤਖਤ ਹੋ ਗਏ| ਦੋਵਾਂ ਦੇਸ਼ਾਂ ਦੇ ਵਿਚਾਲੇ ਸਮਝੌਤੇ ਤਾਂ ਕਈ ਹੋਏ, ਪੁਲਾੜ ਦੇ ਖੇਤਰ ਵਿੱਚ ਸਹਿਯੋਗ ਉਤੇ ਵੀ ਸਹਿਮਤੀ ਬਣੀ, ਪਰੰਤੂ ਜਿਸ ਕਾਰਨ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਮੁਲਾਕਾਤ ਉਤੇ ਸਭ ਦੀਆਂ ਨਜਰਾਂ ਟਿਕੀਆਂ ਸਨ, ਉਹ ਐਸ- 400 ਨਾਲ ਜੁੜਿਆ ਇਹ ਸੌਦਾ ਹੀ ਹੈ| ਇਸ ਡੀਲ ਨੂੰ ਲੈ ਕੇ ਅਮਰੀਕਾ ਦਾ ਸਖ਼ਤ ਇਤਰਾਜ ਸੀ ਅਤੇ ਇਸ ਸੌਦੇ ਨੂੰ ਮੁੱਦਾ ਬਣਾ ਕੇ ਉਹ ਚੀਨ ਦੀਆਂ ਕਈ ਰੱਖਿਆ ਇਕਾਈਆਂ ਉਤੇ ਪਾਬੰਦੀ ਲਗਾ ਚੁੱਕਿਆ ਹੈ| ਪਹਿਲੇ ਸੰਕੇਤਾਂ ਵਿੱਚ ਅਤੇ ਬਾਅਦ ਵਿੱਚ ਖੁੱਲੇ ਤੌਰ ਤੇ ਅਮਰੀਕਾ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਭਾਰਤ ਨੇ ਰੂਸ ਤੋਂ ਐਸ-400 ਖਰੀਦਣ ਦਾ ਸਮਝੌਤਾ ਕੀਤਾ ਤਾਂ ਉਹ ਪਾਬੰਦੀਆਂ ਦੇ ਦਾਇਰੇ ਵਿੱਚ ਆ ਜਾਵੇਗਾ| ਪਿਛਲੇ ਕੁੱਝ ਸਮੇਂ ਤੋਂ ਭਾਰਤ ਅਤੇ ਅਮਰੀਕਾ ਦੀਆਂ ਨਜਦੀਕੀਆਂ ਜਿਸ ਤੇਜੀ ਨਾਲ ਵਧੀਆਂ ਹਨ, ਉਸਨੂੰ ਦੇਖਦੇ ਹੋਏ ਇਹ ਖਦਸ਼ਾ ਜ਼ੋਰ ਫੜਨ ਲੱਗਿਆ ਸੀ ਕਿ ਕਿਤੇ ਅਮਰੀਕਾ ਆਪਣੇ ਹੋਰ ਸਮਰਥਕ ਦੇਸ਼ਾਂ ਦੀ ਤਰ੍ਹਾਂ ਭਾਰਤ ਉਤੇ ਵੀ ਆਪਣੀਆਂ ਇੱਛਾਵਾਂ ਤਾਂ ਨਹੀਂ ਲੱਦਣ ਲਗਿਆ ਹੈ| ਦੋਸਤੀ ਵਿੱਚ ਇੱਕ – ਦੂਜੇ ਦੀਆਂ ਚਿੰਤਾਵਾਂ ਅਤੇ ਹਿਤਾਂ ਦਾ ਇੱਕ ਹੱਦ ਤੱਕ ਖਿਆਲ ਰੱਖਿਆ ਹੀ ਜਾਂਦਾ ਹੈ, ਪਰ ਆਪਣੀ ਰੱਖਿਆ ਅਤੇ ਵਿਦੇਸ਼ ਨੀਤੀ ਤੈਅ ਕਰਨ ਦਾ ਅਧਿਕਾਰ ਕੋਈ ਸੰਪ੍ਰਭੁ ਰਾਸ਼ਟਰ ਭਲਾ ਕਿਵੇਂ ਛੱਡ ਸਕਦਾ ਹੈ? ਪਿਛਲੇ ਕੁੱਝ ਸਮੇਂ ਤੋਂ ਅਮਰੀਕੀ ਰੁਖ਼ ਨੂੰ ਦੇਖ ਕੇ ਇਹ ਸਵਾਲ ਉਠਣ ਲੱਗਿਆ ਹੈ ਕਿ ਰਾਜਨੀਤੀ ਦੇ ਇਸ ਪਹਿਲੇ ਪਾਠ ਨੂੰ ਉਹ ਕਿਤੇ ਨਜਰਅੰਦਾਜ ਤਾਂ ਨਹੀਂ ਕਰ ਰਿਹਾ| ਆਪਣੇ ਕਿਸੇ ਕਾਨੂੰਨ ਦੇ ਹਵਾਲੇ ਨਾਲ ਭਾਰਤ ਵਰਗੇ ਦੇਸ਼ ਨੂੰ ਇਹ ਦੱਸਣਾ ਕਿ ਉਹ ਕਿਸ ਦੇਸ਼ ਤੋਂ ਹਥਿਆਰ ਖਰੀਦੇ ਕਿਸ ਤੋਂ ਨਹੀਂ, ਕੋਈ ਸਾਧਾਰਨ ਗੱਲ ਨਹੀਂ|
ਅਜਿਹੇ ਵਿੱਚ ਅੱਜ ਨਹੀਂ ਤਾਂ ਕੱਲ, ਭਾਰਤ ਨੂੰ ਆਪਣੇ ਵਿਵਹਾਰ ਨਾਲ ਅਮਰੀਕਾ ਨੂੰ ਇਹ ਸੰਕੇਤ ਦੇਣਾ ਹੀ ਸੀ ਕਿ ਆਪਣੀਆਂ ਨੀਤੀਆਂ ਉਹ ਆਪਣੇ ਰਾਸ਼ਟਰਹਿਤ ਦੇ ਹਿਸਾਬ ਨਾਲ ਹੀ ਤੈਅ ਕਰੇਗਾ ਅਤੇ ਕਿਸੇ ਵੀ ਮਜਬੂਰੀ ਵਿੱਚ ਉਹ ਆਪਣੇ ਇਸ ਹੱਕ ਨੂੰ ਨਹੀਂ ਛੱਡ ਸਕਦਾ| ਅੱਜ ਦੀ ਦੁਨੀਆ ਵਿੱਚ ਕੋਈ ਵੀ ਦੇਸ਼ ਪੂਰੀ ਤਰ੍ਹਾਂ ਆਤਮਨਿਰਭਰ ਨਹੀਂ ਹੈ| ਸਾਰੇ ਆਪਣੀਆਂ ਜਰੂਰਤਾਂ ਲਈ ਕਿਸੇ ਨਾ ਕਿਸੇ ਹੱਦ ਤੱਕ ਇੱਕ-ਦੂਜੇ ਉਤੇ ਨਿਰਭਰ ਕਰਦੇ ਹਨ| ਭਾਰਤ ਵੀ ਰੱਖਿਆ ਜਰੂਰਤਾਂ ਲਈ ਲੰਬੇ ਸਮੇਂ ਤੋਂ ਰੂਸੀ ਸਹਿਯੋਗ ਉਤੇ ਨਿਰਭਰ ਰਿਹਾ ਹੈ, ਜਦੋਂ ਕਿ ਨਿਰਯਾਤ ਦੇ ਮਾਮਲੇ ਵਿੱਚ ਅਮਰੀਕਾ ਉਤੇ ਉਸਦੀ ਨਿਰਭਰਤਾ ਜਗਜਾਹਿਰ ਹੈ| ਅਜਿਹੇ ਵਿੱਚ ਅਮਰੀਕਾ ਨਾਲ ਕਰੀਬੀ ਰਿਸ਼ਤਿਆਂ ਦਾ ਮਤਲਬ ਜੇਕਰ ਰੂਸ ਤੋਂ ਦੂਰੀ ਦੇ ਰੂਪ ਵਿੱਚ ਨਹੀਂ ਲਿਆ ਗਿਆ ਤਾਂ ਰੂਸ ਨਾਲ ਸਮਝੌਤੇ ਦਾ ਮਤਲਬ ਅਮਰੀਕਾ ਨਾਲ ਨਾਰਾਜਗੀ ਵੀ ਨਹੀਂ ਮੰਨਿਆ ਜਾਣਾ ਚਾਹੀਦਾ| ਭਾਰਤੀ ਕੂਟਨੀਤੀ ਦੀ ਅਗਲੀ ਚੁਣੌਤੀ ਅਮਰੀਕਾ ਨੂੰ ਇਹੀ ਗੱਲ ਸਮਝਾਉਣ ਦੀ ਹੈ ਕਿ ਰੂਸ ਨਾਲ ਤਾਜ਼ਾ ਸਮਝੌਤੇ ਦਾ ਮਤਲਬ ਅਮਰੀਕਾ ਦੀ ਉਲੰਘਣਾ ਕਰਨਾ ਨਹੀਂ ਹੈ| ਰੂਸ ਤੋਂ ਰੱਖਿਆ ਉਪਕਰਨ ਅਤੇ ਇਰਾਨ ਤੋਂ ਤੇਲ ਖਰੀਦਣਾ ਭਾਰਤ ਦੀਆਂ ਅਜਿਹੀਆਂ ਹੀ ਜਰੂਰਤਾਂ ਹਨ, ਜਿਨ੍ਹਾਂ ਦਾ ਧਿਆਨ ਅਮਰੀਕਾ ਨੂੰ ਰੱਖਣਾ ਚਾਹੀਦਾ ਹੈ| ਨਵੇਂ ਅਮਰੀਕੀ ਕਾਨੂੰਨ ਕਾਟਸਾ ਵਿੱਚ ਜਿੰਨੀ ਛੂਟ ਦੀ ਗੁੰਜਾਇਸ਼ ਹੁਣ ਤੱਕ ਸੀ, ਉਸਨੂੰ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਜਾਰੀ ਰੱਖਣਾ ਭਾਰਤ ਹੀ ਨਹੀਂ, ਅਮਰੀਕਾ ਦੇ ਵੀ ਹਿੱਤ ਵਿੱਚ ਹੈ| ਰੌਹਨ

Leave a Reply

Your email address will not be published. Required fields are marked *