ਭਾਰਤ ਉੱਤੇ ਹਮਲੇ, ਅਲ -ਕਾਇਦਾ ਦਾ ਸਿਧਾਂਤਕ ਏਜੇਂਡਾ

ਅੱਤਵਾਦ ਦੀ ਸਮੱਸਿਆ ਉਤੇ ਲਗਾਮ ਲਗਾਉਣ ਦੀਆਂ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਦੁਨੀਆ ਨੂੰ ਇਸਤੋਂ ਛੁਟਕਾਰਾ ਨਹੀਂ ਮਿਲ ਪਾ ਰਿਹਾ ਹੈ| ਇੱਕ ਪਾਸੇ ਆਈਐਸ ਵਰਗੇ ਸੰਗਠਨ ਦੀ ਕਮਰ ਟੁੱਟ ਗਈ ਹੈ ਤਾਂ ਦੂਜੇ ਪਾਸੇ ਅਲ ਕਾਇਦੇ ਦੇ ਫਿਰ ਤੋਂ ਮਜਬੂਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ| ਸਾਡੇ ਲਈ ਇਹ ਖਾਸ ਤੌਰ ਤੇ ਚਿੰਤਾ ਦੀ ਗੱਲ ਹੈ ਕਿਉਂਕਿ ਉਹ ਭਾਰਤ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ| ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਮੁਤਾਬਕ ਇਸ ਅੱਤਵਾਦੀ ਸਮੂਹ ਦਾ ਨਵਾਂ ਸੰਸਕਰਣ ‘ਅਲ – ਕਾਇਦਾ ਇਨ ਇੰਡੀਅਨ ਸਬਕਾਂਟਿਨੇਂਟ’ (ਏਕਿਊਆਈਐਸ) ਮਤਲਬ ‘ਭਾਰਤੀ ਮਹਾਂਦੀਪ ਵਿੱਚ ਅਲ-ਕਾਇਦਾ’ ਨਾਮਕ ਅੱਤਵਾਦੀ ਗੁਟ ਭਾਰਤ ਵਿੱਚ ਹਮਲੇ ਕਰਨ ਦੀ ਫਿਰਾਕ ਵਿੱਚ ਹੈ| ਇਹ ਵੱਖ ਗੱਲ ਹੈ ਕਿ ਭਾਰਤ ਵਿੱਚ ਸੁਰੱਖਿਆ ਦੇ ਬਿਹਤਰ ਉਪਾਆਂ ਦੇ ਕਾਰਨ ਉਹ ਹਮਲਾ ਨਹੀਂ ਕਰ ਪਾ ਰਿਹਾ ਹੈ| ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਲ ਕਾਇਦਾ ਰੋਕ ਕਮੇਟੀ ਨੂੰ ਸੌਂਪੀ ਗਈ ਵਿਸ਼ਲੇਸ਼ਣਾਤਮਕ ਸਹਿਯੋਗ ਅਤੇ ਪਾਬੰਦੀ ਨਿਗਰਾਨੀ ਦਲ ਦੀ 22ਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਉਤੇ ਹਮਲਾ ਉਸਦੀ ਸਿਧਾਂਤੀਕੀ ਦਾ ਹਿੱਸਾ ਹੈ ਮਤਲਬ ਉਹ ਉਸਦਾ ਵਿਚਾਰਕ ਏਜੇਂਡਾ ਹੈ|
ਰਿਪੋਰਟ ਦੇ ਅਨੁਸਾਰ ਅਲ-ਕਾਇਦਾ ਹੁਣ ਵੀ ਦੱਖਣ ਏਸ਼ੀਆ ਵਿੱਚ ਮੌਜੂਦ ਹੈ ਅਤੇ ਸਥਾਨਕ ਲੋਕਾਂ ਵਿੱਚ ਆਪਣੀ ਪਹੁੰਚ ਦਖ਼ਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ| ਇਸ ਗੁਟ ਦੇ ਤਾਲਿਬਾਨ ਦੇ ਨਾਲ ਕਾਫੀ ਕਰੀਬੀ ਰਿਸ਼ਤੇ ਹਨ| ਫਿਲਹਾਲ ਇਸਦੀ ਤਾਕਤ ਦਾ ਅਸਰ ਅਫਗਾਨਿਸਤਾਨ ਦੇ ਕਈ ਇਲਾਕਿਆਂ ਵਿੱਚ ਦੇਖਿਆ ਜਾ ਸਕਦਾ ਹੈ| ਸਥਾਨਕ ਲੋਕਾਂ ਦੇ ਨਾਲ ਘੁਲਣ-ਮਿਲਣ ਵਾਲੀ ਗੱਲ ਸੱਚਮੁੱਚ ਅਹਿਮ ਹੈ ਕਿਉਂਕਿ ਅਗਸਤ ਦੇ ਪਹਿਲੇ ਹੀ ਹਫਤੇ ਵਿੱਚ ਜੰਮੂ ਪੁਲੀਸ ਨੇ ਕਸ਼ਮੀਰ ਦੇ ਰਹਿਣ ਵਾਲੇ ਅਰਫਾਨ ਹੁਸੈਨ ਵਾਨੀ ਨਾਮਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸਦੇ ਅਲ ਕਾਇਦਾ ਨਾਲ ਜੁੜੇ ਹੋਣ ਦਾ ਸ਼ਕ ਹੈ| ਪਿਛਲੇ ਸਾਲ ਦਸੰਬਰ ਵਿੱਚ ਕਸ਼ਮੀਰ ਵਿੱਚ ਅਲ -ਕਾਇਦਾ ਦੇ ਇੱਕ ਗਰੁਪ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤ ਦੇ ਮੁਸਲਮਾਨਾਂ ਨੂੰ ਜਿਹਾਦ ਕਰਨ ਦਾ ਐਲਾਨ ਕੀਤਾ ਸੀ| ਪਤਾ ਨਹੀਂ ਜੰਮੂ-ਕਸ਼ਮੀਰ ਜਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਸੰਗਠਨ ਦੇ ਕਿੰਨੇ ਲੋਕ ਸਰਗਰਮ ਹਨ| ਅਜਿਹਾ ਲੱਗਦਾ ਹੈ ਕਿ ਜਦੋਂ ਪੂਰੀ ਦੁਨੀਆ ਦਾ ਧਿਆਨ ਆਈਐਸ ਦੇ ਵੱਲ ਲੱਗਿਆ ਸੀ, ਉਦੋਂ ਅਲ ਕਾਇਦਾ ਨੇ ਚੁਪਚਾਪ ਖੁਦ ਨੂੰ ਨਵੇਂ ਸਿਰੇ ਤੋਂ ਸੰਗਠਿਤ ਕੀਤਾ| ਇਸ ਸਾਲ ਫਰਵਰੀ ਵਿੱਚ ਸੰਯੁਕਤ ਰਾਸ਼ਟਰ ਦੀ ਹੀ ਇੱਕ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਸੀ ਕਿ ਅਲ-ਕਾਇਦਾ (ਏਕਿਊਆਈਐਸ) ਭਾਰਤ ਅਤੇ ਬੰਗਲਾਦੇਸ਼ ਦੇ ਦੂਰ-ਦਰਾਡੇ ਦੇ ਇਲਾਕਿਆਂ ਤੋਂ ਲੋਕਾਂ ਦੀ ਭਰਤੀ ਕਰ ਰਿਹਾ ਹੈ| ਸਾਨੂੰ ਆਪਣੀ ਸੁਰੱਖਿਆ ਨੂੰ ਚੌਂਕਸ ਰੱਖਣ ਦੇ ਨਾਲ-ਨਾਲ ਅੱਤਵਾਦ ਦੇ ਖਤਰੇ ਦੇ ਪ੍ਰਤੀ ਸੰਸਾਰ ਨੂੰ ਸੁਚੇਤ ਕਰਦੇ ਰਹਿਣ ਦਾ ਕੰਮ ਜਾਰੀ ਰੱਖਣਾ ਪਵੇਗਾ|
ਪ੍ਰਵੀਨ ਮਹਿਤਾ

Leave a Reply

Your email address will not be published. Required fields are marked *