ਭਾਰਤ-ਚੀਨ ਵਿਚਾਲੇ ਭਲਕੇ ਹੋਵੇਗੀ 9ਵੇਂ ਗੇੜ ਦੀ ਵਾਰਤਾਨ
ਵੀਂ ਦਿੱਲੀ, 23 ਜਨਵਰੀ (ਸ.ਬ.) ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਉੱਤੇ ਜਾਰੀ ਗਤੀਰੋਧ ਨੂੰ ਘੱਟ ਕਰਨ ਲਈ ਕੱਲ੍ਹ ਯਾਨੀ ਐਤਵਾਰ ਨੂੰ ਭਾਰਤ-ਚੀਨ ਵਿਚਾਲੇ ਕਮਾਂਡਰ ਪੱਧਰ ਦੀ 9ਵੇਂ ਗੇੜ ਦੀ ਗੱਲਬਾਤ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਵੀ ਤਣਾਅ ਨੂੰ ਦੂਰ ਕਰਨ ਲਈ 8 ਗੇੜ ਦੀ ਫੌਜ ਗੱਲਬਾਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਕੋਈ ਹੱਲ ਨਹੀਂ ਨਿਕਲ ਸਕਿਆ ਸੀ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਗੱਲਬਾਤ ਵਿੱਚ ਦੋਹਾਂ ਪੱਖਾਂ ਵਿਚਾਲੇ ਇਕ ਲਿਖਤੀ ਸਮਝੌਤਾ ਹੋ ਸਕਦਾ ਹੈ।
ਦਰਅਸਲ 18 ਦਸੰਬਰ 2020 ਨੂੰ ਸਰਹੱਦੀ ਮਾਮਲਿਆਂ ਉੱਤੇ ਸਲਾਹ ਅਤੇ ਤਾਲਮੇਲ (ਡਬਲਿਊ.ਐੱਮ. ਸੀ. ਸੀ.) ਲਈ ਇੱਕ ਮੀਟਿੰਗ ਹੋਈ ਸੀ। ਇਸੇ ਦੌਰਾਨ ਭਾਰਤ ਅਤੇ ਚੀਨ ਨੇ ਸਹਿਮਤੀ ਜਤਾਈ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਸੀਨੀਅਰ ਕਮਾਂਡਰਾਂ ਦਰਮਿਆਨ ਮੀਟਿੰਗਾਂ ਦਾ ਅਗਲਾ ਦੌਰ ਜਲਦ ਆਯੋਜਿਤ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਵਿਚਾਲੇ 8 ਕੋਰ ਕਮਾਂਡਰ ਪੱਧਰ ਦੀ ਗੱਲਬਾਤ 6 ਨਵੰਬਰ ਨੂੰ ਹੋਈ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਲੋਂ ਮਹੱਤਵਪੂਰਨ ਸਹਿਮਤੀ ਨੂੰ ਲਾਗੂ ਕਰਨ, ਫੌਜ ਦੇ ਸਬਰ ਬਣਾਏ ਰੱਖਣ ਅਤੇ ਗਲਤਫਹਿਮੀ ਤੋਂ ਬਚਣ ਉੱਤੇ ਸਹਿਮਤ ਹੋਏ ਸਨ।
ਜਿਕਰਯੋਗ ਹੈ ਕਿ 5 ਮਈ ਨੂੰ ਪੈਂਗੋਂਗ ਝੀਲ ਇਲਾਕੇ ਵਿੱਚ ਭਾਰਤੀ ਫੌਜ ਅਤੇ ਪੀ. ਐੱਲ. ਏ. ਦੇ ਫੌਜੀਆਂ ਵਿਚਾਲੇ ਹਿੰਸਕ ਝੜਪ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਗਤੀਰੋਧ ਵੱਧ ਗਿਆ ਸੀ। ਦੋਹਾਂ ਵਿੱਚੋਂ ਕੋਈ ਵੀ ਪੱਖ ਪਿੱਛੇ ਹੱਟਣ ਲਈ ਤਿਆਰ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਵਾਲੇ ਫਰਿਕਸ਼ਨ ਪੁਆਇੰਟ ਉੱਤੇ ਮਤਭੇਦ ਦੀ ਸਥਿਤੀ ਨੂੰ ਕੂਟਨੀਤਕ ਅਤੇ ਰਾਜਨੀਤਿਕ ਪੱਧਰ ਉੱਤੇ ਗੱਲਬਾਤ ਰਾਹੀਂ ਸੁਲਝਾ ਨਹੀਂ ਲਿਆ ਜਾਂਦਾ, ਉਦੋਂ ਤੱਕ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿੱਚ ਇਹ ਹਾਲਾਤ ਇਸੇ ਤਰ੍ਹਾਂ ਰਹਿਣਗੇ।