ਭਾਰਤ ਤੋਂ ਬਿਨਾਂ ਅਧੂਰੀ ਹੈ ਚੰਨ ਸਬੰਧੀ ਚਰਚਾ

ਚੰਦਰਮਾ ਉਤੇ ਪਾਣੀ ਦੇ ਪਹਿਲੇ ਨਿਸ਼ਾਨ ਦੇਖਣ ਦਾ ਮੌਕਾ ਭਾਰਤ ਦੇ ਹਿੱਸੇ ਆ ਚੁੱਕਿਆ ਹੈ| ਸਾਲ 2008 ਵਿੱਚ ਭਾਰਤ ਨੇ ਆਪਣਾ ਪਹਿਲਾ ਚੰਦਰਯਾਨ ਉਥੇ ਭੇਜਿਆ ਸੀ, ਜੋ ਸੌ ਕਿਲੋਮੀਟਰ ਦੀ ਦੂਰੀ ਤੋਂ ਚੰਨ ਦੇ ਤਕਰੀਬਨ ਹਰ ਹਿੱਸੇ ਦੇ ਉੱਤੋਂ ਗੁਜਰਿਆ| ਇਸ ਦੌਰਾਨ ਪਤਾ ਲੱਗਿਆ ਕਿ ਚੰਨ ਦੇ ਧਰੁਵੀ ਇਲਾਕਿਆਂ ਵਿੱਚ ਪਾਣੀ ਦੀ ਭਾਰੀ ਮਾਤਰਾ ਬਰਫ ਦੀ ਸ਼ਕਲ ਵਿੱਚ ਮੌਜੂਦ ਹੋ ਸਕਦੀ ਹੈ| ਪਰੰਤੂ ਇਹ ਸੱਚਮੁੱਚ ਪਾਣੀ ਹੀ ਹੈ, ਇਸਦੀ ਪੁਸ਼ਟੀ ਉਦੋਂ ਹੋਈ ਜਦੋਂ ਚੰਦਰਯਾਨ – 1 ਦੇ ਨਾਲ ਭੇਜੇ ਗਏ ਅਮਰੀਕਾ ਦੇ ਮੂਨ ਮਿਨਰਾਲਜੀ ਮੈਪਰ (ਐਮ-3) ਨੇ ਉੱਥੋਂ ਇਕੱਠੇ ਡਾਟਾ ਦਾ ਵਿਸਤ੍ਰਿਤ ਅਧਿਐਨ ਕੀਤਾ| ਨਾਸਾ ਦਾ ਇਹ ਅਧਿਐਨ ਪੀਐਨਏਐਸ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ, ਜੋ ਚੰਨ ਦੀ ਉੱਪਰੀ ਪਤਲੀ ਤਹਿ ਵਿੱਚ ਹਾਇਡਰੋਜਨ ਅਤੇ ਆਕਸੀਜਨ ਦੀ ਹਾਜ਼ਰੀ ਅਤੇ ਉਨ੍ਹਾਂ ਦੇ ਰਸਾਇਣਿਕ ਸੰਬੰਧ ਤੇ ਕੇਂਦਰਿਤ ਹੈ| ਐਮ-3 ਦੁਆਰਾ ਚੰਦਰਮਾ ਉੱਤੇ ਪਾਣੀ ਦੀ ਹੋਂਦ ਦੀ ਪੁਸ਼ਟੀ ਇਸ ਅਧਿਐਨ ਦਾ ਨਤੀਜਾ ਹੈ| ਇਸਤੋਂ ਪਹਿਲਾਂ ਚੰਨ ਤੋਂ ਧਰਤੀ ਉਤੇ ਲਿਆਏ ਗਏ ਨਮੂਨਿਆਂ ਦੀ ਜਾਂਚ ਕਰਨ ਵਾਲੇ ਖੋਜਕਾਰ ਲਗਭਗ ਚਾਲ੍ਹੀ ਸਾਲਾਂ ਵਿੱਚ ਇੰਨਾ ਹੀ ਕਹਿ ਪਾਏ ਸਨ ਕਿ ਚੰਨ ਤੇ ਕਦੇ ਕੁੱਝ ਪਾਣੀ ਜਰੂਰ ਰਿਹਾ ਹੋਵੇਗਾ| ਪਰੰਤੂ ਇਸਨੂੰ ਸਾਬਤ ਕਰਨ ਲਈ ਉਨ੍ਹਾਂ ਦੇ ਕੋਲ ਕੁੱਝ ਨਹੀਂ ਸੀ| ਸਾਲ 2009 ਵਿੱਚ ਅਮਰੀਕਾ ਨੇ ਵੀ ਚੰਨ ਉਤੇ ਲੂਨਰ ਰਿਕਾਨੇਸਾਂ ਆਰਬਿਟਰ (ਐਲਆਰਓ) ਭੇਜਿਆ ਸੀ, ਜਿਸਨੇ ਚੰਨ ਉਤੇ ਮੌਜੂਦ ਚਟਾਨਾਂ ਦੀਆਂ ਸੰਧੀਆਂ ਵਿੱਚ ਪਾਣੀ ਲੱਭਿਆ ਸੀ| ਐਲਆਰਓ ਨੇ ਹੀ ਚੰਨ ਦੇ ਉਤਰੀ ਧਰੁਵ ਤੇ ਬਰਫ ਦੀ ਹਾਜ਼ਰੀ ਵੀ ਦੱਸੀ ਸੀ| ਅਜੇ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਗੱਲ ਪੁਖਤਾ ਹੋਈ ਹੈ,ਉਥੇ ਇਸਨੂੰ ਧੂਲ ਨਾਲ ਅਲਗਾਇਆ ਜਾ ਸਕਦਾ ਹੈ ਜਾਂ ਨਹੀਂ, ਇਸ ਉਤੇ ਨਾਸਾ ਚੁੱਪ ਹੈ| ਪਰੰਤੂ ਇੰਨਾ ਤੈਅ ਹੈ ਕਿ ਇਸ ਪਾਣੀ ਵਿੱਚ ਹਾਇਡਰੋਜਨ ਅਤੇ ਆਕਸੀਜਨ ਪਰਮਾਣੂਆਂ ਦੇ ਵਿਚਾਲੇ ਦਾ ਸਬੰਧ ਲਗਭਗ ਧਰਤੀ ਦੇ ਪਾਣੀ ਵਰਗਾ ਹੀ ਹੈ| ਇਸ ਖੋਜ ਤੋਂ ਬਾਅਦ ਵਿਗਿਆਨੀਆਂ ਨੇ ਪੁਲਾੜ ਵਿੱਚ ਹੋਰ ਗਹਿਰਾਈ ਤੱਕ ਜਾਣ ਅਤੇ ਬ੍ਰਹਿਮੰਡ ਦੇ ਰਹੱਸਾਂ ਨੂੰ ਸਮਝਣ ਲਈ ਚੰਨ ਨੂੰ ਦੂਜਾ ਲਾਂਚ ਬੇਸ ਬਣਾਉਣ ਦਾ ਸੁਫ਼ਨਾ ਵੇਖਣਾ ਸ਼ੁਰੂ ਕਰ ਦਿੱਤਾ ਹੈ, ਜਿੱਥੋਂ ਮੰਗਲ ਅਤੇ ਹੋਰ ਗ੍ਰਹਾਂ ਤੱਕ ਪੁੱਜਣ ਲਈ ਇੰਧਨ ਦਾ ਇੰਤਜਾਮ ਕੀਤਾ ਜਾ ਸਕੇ| ਇਸ ਤਰ੍ਹਾਂ ਤਕਨੀਕ ਨੇ ਇੱਕ ਅਹਿਮ ਪੜਾਅ ਪਾਰ ਕਰਾ ਦਿੱਤਾ ਹੈ| ਵਿਗਿਆਨੀਆਂ ਦੇ ਸਾਹਮਣੇ ਚੁਣੌਤੀ ਇਸ ਗੱਲ ਦੀ ਹੈ ਕਿ ਉਹ ਆਪਣੀ ਯਾਤਰਾ ਨੂੰ ਅਗਲੇ ਮੁਕਾਮ ਤੱਕ ਕਿਵੇਂ ਲੈ ਜਾਣ| ਚੰਦਰਮਾ ਉਤੇ ਪਾਣੀ ਦੀ ਪੁਸ਼ਟੀ ਭਾਰਤ ਦੀ ਇੱਕ ਅਭੂਤਪੂਵ ਉਪਲਬਧੀ ਮੰਨੀ ਜਾਵੇਗੀ ਅਤੇ ਜਿਸ ਤਰ੍ਹਾਂ ਹਿਸਾਬ ਦੇ ਸਿਫ਼ਰ ਤੇ ਹੋਣ ਵਾਲੀ ਕੋਈ ਵੀ ਗੱਲਬਾਤ ਭਾਰਤ ਦੇ ਜਿਕਰ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ, ਉਂਝ ਹੀ ਚੰਨ ਉਤੇ ਕੋਈ ਵੀ ਵਿਗਿਆਨੀ ਚਰਚਾ ਭਾਰਤ ਦੇ ਬਿਨਾਂ ਅਧੂਰੀ ਰਹੇਗੀ|
ਕਮਲਪ੍ਰੀਤ ਸਿੰਘ

Leave a Reply

Your email address will not be published. Required fields are marked *