ਭਾਰਤ ਦੀ ਤਾਕਤ ਵਿੱਚ ਇਜਾਫਾ ਕਰਦਾ ਹੈ ਇੰਟਰ ਬੈਲਿਸਟਿਕ ਮਿਜ਼ਾਇਲ ਅਗਨੀ -5 ਦਾ ਸਫਲ ਪ੍ਰੀਖਣ

ਭਾਰਤ ਦੇ ਸਾਹਮਣੇ ਚੀਨ ਅਤੇ ਪਾਕਿਸਤਾਨ ਸਭ ਤੋਂ ਵੱਡੀ ਰੱਖਿਆ ਚੁਣੌਤੀ ਹੈ| ਭਾਰਤ ਤੋਂ ਵੱਖ ਹੋਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇਸ਼ ਦੀ ਸੁਰੱਖਿਆ ਲਈ ਸਿਰਦਰਦ ਬਣਿਆ ਹੋਇਆ ਹੈ| ਚੀਨ ਦੇ ਨਾਲ ਦਹਾਕਿਆਂ ਤੋਂ ਸੀਮਾ ਵਿਵਾਦ ਹੈ| ਹਾਲ ਵਿੱਚ ਚੀਨ ਦੀ ਵਿਸਤਾਰਵਾਦੀ ਇੱਛਾ ਨੇ ਸਰਹੱਦ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ| ਭਾਰਤ ਅਤੇ ਚੀਨ ਦੇ ਵਿਚਾਲੇ ਕਰੀਬ 3488 ਕਿ.ਮੀ. ਦੀ ਸਰਹੱਦ ਹੈ, ਜਿਨ੍ਹਾਂ ਵਿੱਚ ਸਾਰੀਆਂ ਥਾਵਾਂ ਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਹੈ| ਚੀਨ ਅਤੇ ਪਾਕਿਸਤਾਨ ਦੇ ਵਿਚਾਲੇ ਆਰਥਿਕ ਅਤੇ ਸਾਮਰਿਕ ਦੋਸਤੀ ਭਾਰਤ ਲਈ ਹੋਰ ਵੀ ਖਤਰਨਾਕ ਹੈ| ਚੀਨ ਖੁਦ ਭਾਰਤ ਦੇ ਨਾਲ ਨਾ ਉਲਝ ਕੇ ਪਾਕਿਸਤਾਨ ਦੇ ਸਹਾਰੇ ਵੀ ਨੁਕਸਾਨ ਪੁਹੰਚਾ ਸਕਦਾ ਹੈ| ਅਜਿਹੇ ਵਿੱਚ ਭਾਰਤ ਨੂੰ ਆਪਣੇ ਰੱਖਿਆ ਤੰਤਰ ਨੂੰ ਹਮੇਸ਼ਾ ਮਜਬੂਤ ਕਰਦੇ ਰਹਿਣਾ ਜਰੂਰੀ ਹੈ| ਇੰਟਰ ਬੈਲਿਸਟਿਕ ਮਿਜ਼ਾਇਲ ਅਗਨੀ- 5 ਦੇ ਸਫਲ ਪ੍ਰੀਖਣ ਨਾਲ ਭਾਰਤ ਦਾ ਰੱਖਿਆ ਤੰਤਰ ਹੋਰ ਮਜਬੂਤ ਹੋਇਆ ਹੈ| ਆਪਣੇ ਦੇਸ਼ ਵਿੱਚ ਬਣੀ ਇਹ ਪਰਮਾਣੂ ਸਮਰੱਥਾ ਵਾਲੀ ਜ਼ਮੀਨ ਤੋਂ ਜ਼ਮੀਨ ਤੇ ਮਾਰ ਕਰਨ ਵਾਲੀ ਮਿਜ਼ਾਇਲ 5,000 ਤੋਂ 8,000 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਨਿਸ਼ਾਨਾ ਸਾਧ ਸਕਦੀ ਹੈ| ਇਸ ਐਟਮੀ ਮਿਜ਼ਾਇਲ ਨਾਲ ਭਾਰਤ ਚੀਨ ਦੇ ਕਿਸੇ ਵੀ ਹਿੱਸੇ ਵਿੱਚ ਟਾਰਗੈਟ ਨੂੰ ਭੇਜ ਸਕਦਾ ਹੈ| ਇਸ ਮਿਜ਼ਾਇਲ ਦੇ ਨਾਲ ਹੀ ਭਾਰਤ ਬੈਲਿਸਟਿਕ ਮਿਜ਼ਾਇਲਾਂ ਨਾਲ ਲੈਸ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਿਲ ਹੋ ਗਿਆ ਹੈ| ਹੁਣ ਇਹ ਸਮਰੱਥਾ ਅਮਰੀਕਾ, ਰੂਸ, ਚੀਨ, ਫ਼ਰਾਂਸ ਅਤੇ ਬ੍ਰਿਟੇਨ ਦੇ ਹੀ ਕੋਲ ਹੈ| ਅਗਨੀ ਸੀਰੀਜ ਦੀਆਂ ਮਿਜ਼ਾਇਲਾਂ ਨੂੰ ਚੀਨ ਅਤੇ ਪਾਕਿਸਤਾਨ ਨੂੰ ਧਿਆਨ ਵਿੱਚ ਰੱਖ ਕੇ ਜ਼ਮੀਨ ਉਤੇ ਮਾਰ ਕਰਨ ਲਈ ਤਿਆਰ ਕੀਤਾ ਗਿਆ ਹੈ| ਭਾਰਤ ਨੇ ਅਗਨੀ- 1, ਅਗਨੀ-2 ਅਤੇ ਅਗਨੀ – 3 ਮਿਜ਼ਾਇਲਾਂ ਨੂੰ ਪਾਕਿਸਤਾਨ ਦੇ ਖਿਲਾਫ ਬਣਾਈ ਗਈ ਰਣਨੀਤੀ ਦੇ ਤਹਿਤ ਤਿਆਰ ਕੀਤਾ ਹੈ, ਜਦੋਂ ਕਿ ਅਗਨੀ- 4 ਅਤੇ ਅਗਨੀ – 5 ਨੂੰ ਚੀਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਹੈ| ਅਗਨੀ- 5 ਭਾਰਤ ਦਾ ਹੁਣ ਤੱਕ ਦਾ ਸਭਤੋਂ ਤਕਨੀਕੀ ਰੂਪ ਨਾਲ ਵਿਕਸਿਤ ਬੈਲਿਸਟਿਕ ਮਿਜ਼ਾਇਲ ਹੈ| ਬੈਲਿਸਟਿਕ ਮਿਜ਼ਾਇਲ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਇਹ ਧਰਤੀ ਦੇ ਵਾਯੂਮੰਡਲ ਤੋਂ ਬਾਹਰ ਜਾ ਕੇ ਇੱਕ ਪੈਰਾਬੋਲਿਕ ਪਾਥ ਵਿੱਚ ਜਾਂਦੀ ਹੈ ਅਤੇ ਫਿਰ ਤੋਂ ਧਰਤੀ ਦੇ ਵਾਯੂਮੰਡਲ ਵਿੱਚ ਆ ਜਾਂਦੀ ਹੈ| ‘ਅਗਨੀ -5’ ਸੀਰੀਜ ਦਾ ਇਹ ਛੇਵਾਂ ਸਫਲ ਪ੍ਰੀਖਣ ਹੈ| ਇਸ ਸੀਰੀਜ ਦਾ ਪਹਿਲਾ ਪ੍ਰੀਖਣ 19 ਅਪ੍ਰੈਲ 2012 ਨੂੰ, ਦੂਜਾ 15 ਸਤੰਬਰ 2013 , ਤੀਜਾ 31 ਜਨਵਰੀ 2015, ਚੌਥਾ 26 ਦਸੰਬਰ 2016 ਅਤੇ ਪੰਜਵਾਂ 18 ਜਨਵਰੀ 2018 ਨੂੰ ਹੋਇਆ ਸੀ| ਸਾਰੇ ਪ੍ਰੀਖਣ ਸਫਲ ਰਹੇ ਸਨ| ਇੰਟਰ ਬੈਲਿਸਟਿਕ ਮਿਜ਼ਾਇਲ ਅਗਨੀ-5 ਡੇਢ ਟਨ ਐਟਮੀ ਹਥਿਆਰ ਦੇ ਨਾਲ ਸਤ੍ਹਾ ਤੋਂ ਸਤ੍ਹਾ ਤੇ 5000 ਕਿਲੋਮੀਟਰ ਤੱਕ ਸਟੀਕ ਨਿਸ਼ਾਨਾ ਸਾਧ ਸਕਦੀ ਹੈ| ਇਸਦੀ ਰੇਂਜ ਵਿੱਚ ਅੱਧੀ ਦੁਨੀਆ ਹੈ| ਅਮਰੀਕਾ ਨੂੰ ਛੱਡ ਕੇ ਪੂਰਾ ਏਸ਼ੀਆ, ਅਫਰੀਕਾ ਅਤੇ ਯੂਰਪ ਇਸਦੇ ਦਾਇਰੇ ਵਿੱਚ ਹਨ| ਭਾਰਤ ਦੀ ਇਸ ਸਭ ਤੋਂ ਤਾਕਤਵਰ ਮਿਜ਼ਾਇਲ ਦੀ ਹਦ ਵਿੱਚ ਪੂਰਾ ਪਾਕਿਸਤਾਨ, ਅਫਗਾਨਿਸਤਾਨ, ਇਰਾਕ, ਈਰਾਨ, ਕਰੀਬ ਅੱਧਾ ਯੂਰਪ, ਚੀਨ, ਰੂਸ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਫਿਲੀਪੀਂਸ ਆਉਂਦੇ ਹਨ| ਅਜਿਹਾ ਨਹੀਂ ਹੈ ਕਿ ਪਾਕਿਸਤਾਨ ਅਤੇ ਚੀਨ ਚੁਪ ਹਨ| ਉਹ ਦੋਵੇਂ ਵੀ ਆਪਣੇ ਮਿਜ਼ਾਇਲ ਸਿਸਟਮ ਨੂੰ ਮਜਬੂਤ ਕਰ ਰਹੇ ਹਨ| ਪਾਕਿਸਤਾਨ ਨੇ ਜਿੱਥੇ ਬਾਬਰ ਸੀਰੀਜ ਦੀ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ, ਉੱਥੇ ਉਹ ਭਾਰਤ ਦੇ ਮੁਕਾਬਲੇ ਬਹੁਤ ਪਿੱਛੇ ਹੈ, ਉਥੇ ਹੀ ਚੀਨ ਨੇ ਇਸ ਸਾਲ ਜਨਵਰੀ ਵਿੱਚ ਆਪਣੇ ਸਭਤੋਂ ਆਧੁਨਿਕ ਹਾਈਪਰ ਸੋਨਿਕ ਬੈਲਿਸਟਿਕ ਮਿਜ਼ਾਇਲ ਡੀਐਫ – 17 ਦਾ ਸਫਲ ਪ੍ਰੀਖਣ ਕੀਤਾ ਹੈ| ਹਾਇਪਰਸੋਨਿਕ ਬੈਲਿਸਟਿਕ ਮਿਜ਼ਾਇਲ ਹਾਈਪਰ ਸੋਨਿਕ ਗਲਾਇਡ ਮਿਜ਼ਾਇਲ ਹੁੰਦੀ ਹੈ , ਜਿਸ ਵਿੱਚ ਕਰੂਜ ਅਤੇ ਬੈਲਿਸਟਿਕ ਦੋਵਾਂ ਦੀਆਂ ਹੀ ਖੂਬੀਆਂ ਸ਼ਾਮਿਲ ਹੁੰਦੀਆਂ ਹਨ| ਡੀਐਫ-17 ਦੀ ਮਾਰਕ ਸਮਰਥਾ 12 ਹਜਾਰ ਕਿਮੀ. ਤੱਕ ਹੈ| ਮਤਲਬ ਭਾਰਤ ਸਮੇਤ ਪੂਰਾ ਅਮਰੀਕਾ ਚੀਨੀ ਮਿਜ਼ਾਇਲ ਦੀ ਹਦ ਵਿੱਚ ਹੈ| ਡੀਐਫ-17 ਅਮਰੀਕਾ ਦੀ ਐਂਟੀ ਮਿਜ਼ਾਇਲ ਥਾਡ ਸਿਸਟਮ ਨੂੰ ਨਾਕਾਮ ਕਰਦੇ ਹੋਏ ਟਾਰਗੈਟ ਉਤੇ ਨਿਸ਼ਾਨਾ ਸਾਧ ਸਕਦੀ ਹੈ| ਚੀਨ ਦੀ ਮਿਜ਼ਾਇਲ ਸਮਰੱਥਾ ਨੂੰ ਵੇਖਦੇ ਹੋਏ ਭਾਰਤ ਰੂਸ ਤੋਂ ਐਸ – 400 ਐਂਟੀ ਮਿਜ਼ਾਇਲ ਸਿਸਟਮ ਖਰੀਦ ਰਿਹਾ ਹੈ| ਭਾਰਤ ਨੇ ਇਜਰਾਇਲ ਨਾਲ ਬਰਾਕ – 8 ਮਿਜ਼ਾਇਲ ਦਾ ਸੌਦਾ ਵੀ ਕੀਤਾ ਹੈ| ਭਾਰਤ ਨੇ ਮਿਜ਼ਾਇਲ, ਟੈਂਕ, ਲੜਾਕੂ ਜਹਾਜ ਅਤੇ ਹਥਿਆਰ ਸਾਰੇ ਖੇਤਰ ਵਿੱਚ ਖੁਦ ਨੂੰ ਮਜਬੂਤ ਕੀਤਾ ਹੈ| ਵੈਸੇ ਤਾਂ ਸਾਡੀ ਨੀਤੀ ਵਿੱਚ ਯੁੱਧ ਅਤੇ ਹਮਲਾ ਨਹੀਂ ਹੈ ਪਰੰਤੂ ਜ਼ਰੂਰਤ ਪੈਣ ਤੇ ਅਗਨੀ- 5 ਨਾਲ ਨਿਸ਼ਚਿਤ ਹੀ ਭਾਰਤ ਚੀਨ ਅਤੇ ਪਾਕਿ ਦੇ ਖਤਰੇ ਨਾਲ ਨਿਪਟਨ ਵਿੱਚ ਸਮਰਥ ਰਹੇਗਾ|
ਸੂਰਜ ਭਾਨ

Leave a Reply

Your email address will not be published. Required fields are marked *