ਭਾਰਤ ਦੀ ਨਿਊਜ਼ੀਲੈਂਡ ਤੇ ਆਸਾਨ ਜਿੱਤ, ਅੱਠ ਵਿਕਟਾਂ ਨਾਲ ਜਿੱਤਿਆ ਮੈਚ

ਨੇਪੀਅਰ, 23 ਜਨਵਰੀ (ਸ.ਬ.) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਨੇਪੀਅਰ ਵਿੱਚ ਖੇਡਿਆ ਗਿਆ| ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ| ਨਿਊਜ਼ੀਲੈਂਡ ਦੀ ਟੀਮ 157 ਦੌੜਾਂ ਤੇ ਆਲਆਊਟ ਹੋ ਗਈ| ਮੇਜ਼ਬਾਨ ਟੀਮ 38 ਓਵਰਾਂ ਵਿੱਚ 157 ਦੌੜਾਂ ਤੇ ਢੇਰ ਹੋ ਗਈ| ਟੀਮ ਇੰਡੀਆ ਨੂੰ 158 ਦੌੜਾਂ ਦਾ ਟੀਚਾ ਮਿਲਿਆ| ਸ਼ਿਖਰ ਧਵਨ 75 ਦੌੜਾਂ ਅਤੇ ਅੰਬਾਤੀ ਰਾਇਡੂ 13 ਦੌੜਾਂ ਦੇ ਨਾਲ ਅਜੇਤੂ ਰਹੇ| ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 11 ਦੇ ਸਕੋਰ ਤੇ ਆਊਟ ਹੋ ਗਏ| ਰੋਹਿਤ ਡਗ ਬ੍ਰੇਸਵੇਲ ਦੀ ਗੇਂਦ ਤੇ ਮਾਰਟਿਨ ਗੁਪਟਿਲ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ| ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਵਿਰਾਟ ਕੋਹਲੀ 45 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਹੋ ਗਏ| ਕੋਹਲੀ ਲੋਕੀ ਫਰਗਿਊਸਨ ਦੀ ਗੇਂਦ ਤੇ ਲਾਥਮ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ| ਸੂਰਜ ਦੀ ਤੇਜ਼ ਰੌਸ਼ਨੀ ਸਿੱਧੇ ਭਾਰਤ ਦੇ ਬੱਲੇਬਾਜ਼ਾਂ ਦੀਆਂ ਅੱਖਾਂ ਤੇ ਪੈ ਰਹੀ ਸੀ ਜਿਸ ਕਾਰਨ ਉਨ੍ਹਾਂ ਲਈ ਗੇਂਦ ਦੇਖ ਸਕਣਾ ਬਹੁਤ ਮੁਸ਼ਕਲ ਸੀ| ਇਸ ਕਾਰਨ ਮੈਚ ਰੋਕਣਾ ਪਿਆ | ਮੈਚ ਰੁਕਣ ਕਾਰਨ ਮੈਚ ਨੂੰ 50 ਓਵਰਾਂ ਦੀ ਬਜਾਏ 49 ਓਵਰਾਂ ਦਾ ਕਰ ਦਿੱਤਾ ਗਿਆ ਹੈ| ਇਸ ਦੇ ਨਾਲ ਟੀਚਾ ਵੀ 158 ਦੀ ਬਜਾਏ 156 ਦੌੜਾਂ ਦਾ ਕਰ ਦਿੱਤਾ ਗਿਆ ਹੈ|
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ| ਪਹਿਲੇ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵਿਗਾੜੀ| ਉਨ੍ਹਾਂ ਨੇ ਪਾਰੀ ਦੇ ਦੂਜੇ ਓਵਰ ਮਾਰਟਿਨ ਗੁਪਟਿਲ (5 ਦੌੜਾਂ) ਨੂੰ ਕਲੀਨ ਬੋਲਡ ਕਰ ਦਿੱਤਾ| ਆਪਣੇ ਅਗਲੇ ਹੀ ਓਵਰ ਵਿੱਚ ਸ਼ਮੀ ਨੇ ਕੀਵੀ ਟੀਮ ਨੂੰ ਦੂਜਾ ਤਗੜਾ ਝਟਕਾ ਦਿੱਤਾ| ਉਨ੍ਹਾਂ ਨੇ ਕੋਲਿਨ ਮੁਨਰੋ (8 ਦੌੜਾਂ) ਨੂੰ ਕਲੀਨ ਬੋਲਡ ਕੀਤਾ| ਦੋ ਵਿਕਟਾਂ ਛੇਤੀ ਡਿੱਗਣ ਦੇ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਅਨੁਭਵੀ ਰਾਸ ਟੇਲਰ (24) ਨੇ ਟੀਮ ਸੰਭਾਲਣ ਦੀ ਕੋਸ਼ਿਸ ਕੀਤੀ| ਦੋਹਾਂ ਨੇ ਤੀਜੇ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀ ਕੀਤੀ| ਇਹ ਜੋੜੀ ਖਤਰਨਾਕ ਰੂਪ ਲੈਂਦੀ, ਇਸ ਤੋਂ ਪਹਿਲਾਂ ਹੀ ਚਾਹਲ ਨੇ ਆਪਣੀ ਗੇਂਦ ਤੇ ਕੈਚ ਲੈ ਕੇ ਟੇਲਰ ਨੂੰ ਪਵੇਲੀਅਨ ਭੇਜ ਦਿੱਤਾ| ਨਿਊਜ਼ੀਲੈਂਡ ਲਈ ਇਹ ਵੱਡਾ ਝਟਕਾ ਰਿਹਾ ਕਿਉਂਕਿ ਟੇਲਰ ਸ਼ਾਨਦਾਰ ਫਾਰਮ ਵਿੱਚ ਹਨ|

Leave a Reply

Your email address will not be published. Required fields are marked *