ਭਾਰਤ ਦੌਰੇ ਮਗਰੋਂ ਸੱਜਣ ਨੂੰ ਆਪਣੇ ਭਾਸ਼ਣ ਤੇ ਮੰਗਣੀ ਪਈ ਮੁਆਫੀ

ਟੋਰਾਂਟੋ, 29 ਅਪ੍ਰੈਲ (ਸ.ਬ.)   ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਭਾਰਤ ਦੌਰੇ ਦੌਰਾਨ ਦਿੱਲੀ ਵਿੱਚ ਦਿੱਤੇ ਇਕ ਭਾਸ਼ਣ ਤੇ ਮੁਆਫੀ ਮੰਗੀ ਹੈ| ਜਿਸ ਵਿੱਚ ਉਨ੍ਹਾਂ ਨੇ ਆਪਣੇ-ਆਪ ਨੂੰ ਅਫਗਾਨਿਸਤਾਨ ਵਿੱਚ ਕੀਤੇ ਗਏ ਵੱਡੇ ਫੌਜੀ ਆਪਰੇਸ਼ਨ ਦਾ ਕਰਤਾ-ਧਰਤਾ ਦੱਸਿਆ ਸੀ| ਸੱਜਣ ਨੇ ਦਿੱਲੀ ਵਿੱਚ ਭਾਸ਼ਣ ਦੌਰਾਨ ਕਿਹਾ ਸੀ ਕਿ ਉਹ ਅਫਗਾਨਿਸਤਾਨ ਵਿੱਚ ਫੌਜੀ ਆਪਰੇਸ਼ਨ ‘ਮੈਡੂਸਾ’ ਦੇ ‘ਆਰਕੀਟੈਕਟ’ ਸਨ| ਇਸ ਗੱਲ ਦਾ ਸੱਚ ਇਹ ਹੈ ਕਿ ਇਸ ਦੇ ਆਰਕੀਟੈਕਟ ਸੱਜਣ ਨਹੀਂ ਸਗੋਂ ਬਿਰਗੇਡੀਅਰ          ਡੇਵਿਡ ਫਰਾਸਰ ਸਨ, ਜਿਨ੍ਹਾਂ ਨੇ ‘ਨਾਟੋ’ ਦੀ ਕਮਾਂਡ ਸੰਭਾਲੀ ਸੀ, ਇਹ ਗੱਲ ਹਰੀਜਤ ਸਿੰਘ ਸੱਜਣ ਨੇ ਇਕ ਇੰਟਰਵਿਊ ਦੌਰਾਨ ਕਹੀ| ਹਰਜੀਤ ਸਿੰਘ ਸੱਜਣ ਨੇ ਭਾਰਤ ਦੌਰੇ ਦੌਰਾਨ ਦਿੱਲੀ ਵਿੱਚ ਆਪਰੇਸ਼ਨ ਮੈਡੂਸਾ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ  ਕੈਨੇਡਾ, ਅਮਰੀਕਾ ਅਤੇ ਅਫਗਾਨ ਫੌਜੀਆਂ ਨੇ ਮਿਲ ਕੇ ਤਾਲਿਬਾਨੀ ਅੱਤਵਾਦੀਆਂ ਨਾਲ ਯੁੱਧ ਕੀਤਾ ਸੀ| ਇਹ ਇਤਿਹਾਸ ਦਾ ਵੱਡਾ ਨਾਟੋ   ਆਪਰੇਸ਼ਨ ਹੈ, ਜਿਸ ਵਿੱਚ 550 ਵਿਦਰੋਹੀਆਂ ਦੀ ਮੌਤ ਹੋਈ ਸੀ| ਇਸ ਸੰਬੰਧੀ ਦੱਸਦਿਆਂ ਸੱਜਣ ਨੇ ਕਿਹਾ ਸੀ ਕਿ ਇਸ ਯੁੱਧ ਦੀ ਰਣਨੀਤੀ ਉਨ੍ਹਾਂ ਨੇ ਤਿਆਰ ਕੀਤੀ ਸੀ ਅਤੇ ਉਹੀ ਇਸ ਦੇ ‘ਆਰਕੀਟੈਕਟ’ ਸਨ|
ਉਨ੍ਹਾਂ ਕਿਹਾ ਸੀ,”2006 ਵਿੱਚ ਪਹਿਲੀ ਵਾਰ ਮੇਰੀ ਕੰਧਾਰ ਵਿੱਚ ਤਾਇਨਾਤੀ ਕੀਤੀ ਗਈ ਸੀ| ਮੈਂ ਆਪਰੇਸ਼ਨ ਮੈਡੂਸਾ ਦਾ ਆਰਕੀਟੈਕਟ ਬਣਿਆ ਅਤੇ ਇਸ ਦੌਰਾਨ ਅਸੀਂ 1500 ਤਾਲਿਬਾਨ ਅੱਤਵਾਦੀਆਂ ਨੂੰ ਹਰਾ ਦਿੱਤਾ ਸੀ| ਮੈਨੂੰ ਇਸ ਗੱਲ ਦਾ ਮਾਣ ਹੈ|”
ਇਸ ਟਿਪਣੀ ਤੋਂ ਬਾਅਦ ਕੁਝ ਸਾਬਕਾ ਫੌਜੀਆਂ ਨੇ ਸੱਜਣ ਦੀ ਇਸ ਗੱਲ ਤੇ ਇਤਰਾਜ ਪ੍ਰਗਟ ਕੀਤਾ ਸੀ| ਉਨ੍ਹਾਂ ਨੇ ਕਿਹਾ ਕਿ ਸੱਜਣ ਇਕ ਇੰਟੈਲੀਜੈਂਸ ਅਫਸਰ ਦੇ ਤੌਰ ਤੇ ਨਿਯੁਕਤ ਸੀ ਪਰ ਉਨ੍ਹਾਂ ਵੱਲੋਂ ਇਹ ਕਿਹਾ ਜਾਣਾ ਕਿ ਉਹ ਇਸ ਆਪ੍ਰੇਸ਼ਨ ਦੇ ਕਰਤਾ-ਧਰਤਾ ਸਨ ਇਹ ਬਿਲਕੁਲ ਤੇ ਸਾਫ ਝੂਠ ਹੈ ਅਤੇ ਅਪਮਾਨਜਨਕ ਹੈ|
ਇਸ ਤੋਂ ਬਾਅਦ ਸੱਜਣ ਨੇ ਬੀਤੇ ਦਿਨੀਂ ਸਫਾਈ ਦਿੰਦੇ ਹੋਏ ਕਿਹਾ,”ਆਪਰੇਸ਼ਨ ਮੈਡੂਸਾ ਸੰਬੰਧੀ  ਮੇਰੀ ਟਿੱਪਣੀ ਮੇਰੇ ਸਾਥੀਆਂ ਅਤੇ ਮੇਰੇ ਅਫਸਰਾਂ ਦੀ ਭੂਮਿਕਾ ਘਟਾਉਣ ਲਈ ਨਹੀਂ ਸੀ| ਆਪਰੇਸ਼ਨ ਮੈਡੂਸਾ ਜਨਰਲ ਫਰਾਸਰ ਦੀ ਅਗਵਾਈ ਅਤੇ ਸਾਡੀ ਖਾਸ ਟੀਮ ਦੀ ਮਿਹਨਤ ਕਾਰਨ ਸਫਲ ਹੋਇਆ, ਜਿਸ ਦਾ ਹਿੱਸਾ ਬਣਨ ਦਾ ਮੈਨੂੰ ਮੌਕਾ ਮਿਲਿਆ| ਅਫਸੋਸ ਹੈ ਕਿ ਉਸ ਸਮੇਂ (ਦਿੱਲੀ ਵਿੱਚ) ਮੈਂ ਅਜਿਹਾ ਨਹੀਂ ਕਹਿ ਸਕਿਆ ਪਰ ਹੁਣ ਕਹਿੰਦਾ ਹਾਂ ਕਿ ਸਾਡੀ ਸਫਲਤਾ ਫੌਜ ਵਿੱਚ ਸ਼ਾਮਲ ਔਰਤਾਂ ਅਤੇ ਮਰਦਾਂ ਦੇ ਬਲਿਦਾਨ, ਉਨ੍ਹਾਂ ਦੀ ਅਗਵਾਈ ਅਤੇ ਸੇਵਾ ਦਾ ਨਤੀਜਾ ਹੈ|” ਉਨ੍ਹਾਂ ਕਿਹਾ, ”ਜਿਨ੍ਹਾਂ ਅਮਰੀਕੀ, ਕੈਨੇਡੀਅਨ ਅਤੇ ਅਫਗਾਨ ਫੌਜੀਆਂ ਸਦਕਾ ਮੈਡੂਸਾ ਆਪ੍ਰੇਸ਼ਨ ਸਫਲ ਹੋਇਆ, ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ|”

Leave a Reply

Your email address will not be published. Required fields are marked *