ਭਾਰਤ ਨਾਲ ਸੰਬੰਧ ਸੁਧਾਰਨ ਵਿੱਚ ਕਿਸ ਹੱਦ ਤਕ ਕਾਮਯਾਬ ਹੋਵੇਗੀ ਇਮਰਾਨ ਸਰਕਾਰ?

ਸਰਕਾਰ ਵਿੱਚ ਆਉਣ ਤੋਂ ਪਹਿਲਾਂ ਕ੍ਰਿਕੇਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਭਾਰਤ ਨਾਲ ਸ਼ਾਂਤੀਪੂਰਨ ਸਬੰਧਾਂ ਦੀ ਵਕਾਲਤ ਕਰਦੇ ਰਹੇ ਹਨ| ਅਨੇਕ ਮੰਚਾਂ ਤੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਕਾਜ ਦੀ ਪ੍ਰਸ਼ੰਸਾ ਵੀ ਕਰ ਚੁੱਕੇ ਹਨ| ਪਰ ਸਰਕਾਰ ਵਿੱਚ ਆਉਣ ਦੇ ਨਾਲ ਹੀ ਉਨ੍ਹਾਂ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਧਾਈ ਪੱਤਰ ਨੂੰ ਲੈ ਕੇ ਜਿਸ ਤਰ੍ਹਾਂ ਦਾ ਭਰਮ ਫੈਲਾਇਆ ਹੈ, ਉਹ ਪਾਕਿਸਤਾਨ ਦੀ ਨਵੀਂ ਸਰਕਾਰ ਦੀ ਇੱਛਾ ਨੂੰ ਹੀ ਜਗਜਾਹਿਰ ਕਰਦਾ ਹੈ| ਸੋਮਵਾਰ ਨੂੰ ਅਹੁਦਾ ਸੰਭਾਲਣ ਤੋਂ ਬਾਦ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵਨਿਯੁਕਤ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਖ਼ਤ ਲਿਖ ਕੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ| ਭਾਰਤ ਨੇ ਥੋੜੇ ਸਮੇਂ ਵਿੱਚ ਹੀ ਕੁਰੈਸ਼ੀ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ| ਭਾਰਤ ਨੇ ਸਪੱਸ਼ਟ ਕੀਤਾ ਕਿ 18 ਅਗਸਤ ਨੂੰ ਮੋਦੀ ਵਲੋਂ ਇਮਰਾਨ ਨੂੰ ਭੇਜੇ ਗਏ ਖਤ ਵਿੱਚ ਦੋਵਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਸ਼ੁਰੂ ਕਰਨ ਬਾਰੇ ਕੁੱਝ ਨਹੀਂ ਕਿਹਾ ਗਿਆ ਸੀ| ਉਸ ਖਤ ਵਿੱਚ ਮੋਦੀ ਨੇ ਇਮਰਾਨ ਨੂੰ ਨਵੇਂ ਪ੍ਰਧਾਨ ਮੰਤਰੀ ਬਨਣ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਭਰੋਸਾ ਜਤਾਇਆ ਕਿ ਪਾਕਿਸਤਾਨ ਵਿੱਚ ਨਵੀਂ ਸਰਕਾਰ ਦੇ ਕੰਮਕਾਜ ਸੰਭਾਲਣ ਨਾਲ ਲੋਕਾਂ ਦਾ ਲੋਕਤੰਤਰ ਤੇ ਭਰੋਸਾ ਮਜਬੂਤ ਹੋਵੇਗਾ| ਖਤ ਵਿੱਚ ਦੋਵਾਂ ਦੇਸ਼ਾਂ ਦੇ ਵਿਚਾਲੇ ਚੰਗੇ ਗੁਆਂਢੀਆਂ ਦੀ ਤਰ੍ਹਾਂ ਰਿਸ਼ਤੇ ਕਾਇਮ ਕਰਨ ਦੀ ਗੱਲ ਲਿਖੀ ਗਈ ਸੀ| ਮੋਦੀ ਨੇ ਖੇਤਰ ਦੇ ਲੋਕਾਂ ਦੀ ਭਲਾਈ ਲਈ ਸਾਰਥਕ ਅਤੇ ਰਚਨਾਤਮਕ ਸੰਵਾਦ ਰੱਖਣ ਦੀ ਵਚਨਬਧਤਾ ਜਤਾਈ ਸੀ| ਉਨ੍ਹਾਂ ਨੇ ਭਾਰਤੀ ਉਪਮਹਾਦਵੀਪ ਵਿੱਚ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਦੇ ਨਜਰੀਏ ਨੂੰ ਸਾਂਝਾ ਕੀਤਾ, ਤਾਂ ਕਿ ਖੇਤਰ ਨੂੰ ਹਿੰਸਾ ਅਤੇ ਸੰਤਾਪ ਤੋਂ ਮੁਕਤ ਕਰਕੇ ਵਿਕਾਸ ਤੇ ਧਿਆਨ ਦਿੱਤਾ ਜਾ ਸਕੇ| ਇਮਰਾਨ ਸਰਕਾਰ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਮੋਦੀ ਦੇ ਵਧਾਈ ਪੱਤਰ ਨੂੰ ਲੈ ਕੇ ਬਿਲਕੁਲ ਝੂਠ ਬੋਲ ਕੇ ਜਤਾ ਦਿੱਤਾ ਹੈ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਵੀ ਪਿਛਲੀ ਸਰਕਾਰ ਦੀ ਤਰ੍ਹਾਂ ਹੀ ਹੈ, ਜੋ ਭਾਰਤ ਦੇ ਪ੍ਰਤੀ ਕੜਵਾਹਟ ਰੱਖਦੀ ਹੈ| ਪਾਕਿਸਤਾਨ ਤਹਰੀਕ- ਏ- ਇਨਸਾਫ (ਪੀਟੀਆਈ) ਪ੍ਰਮੁੱਖ ਇਮਰਾਨ ਖਾਨ ਖੁਦ ਸਰਕਾਰ ਗਠਨ ਦੀਪ੍ਰਕ੍ਰਿਆ ਵਿੱਚ ਭਾਰਤ ਨਾਲ ਸ਼ਾਂਤੀਪੂਰਨ ਸੰਬੰਧ ਕਾਇਮ ਕਰਨ ਦੀ ਗੱਲ ਕਹਿ ਚੁੱਕੇ ਹਨ| ਉਨ੍ਹਾਂ ਨੇ ਕਿਹਾ ਹੈ ਕਿ ਗੁਆਂਢੀ ਦੇ ਨਾਲ ਸ਼ਾਂਤੀ ਦੇ ਬਿਨਾਂ ਪਾਕਿਸਤਾਨ ਵਿੱਚ ਅਮਨ ਕਾਇਮ ਕਰਣਾ ਸੰਭਵ ਨਹੀਂ ਹੈ| ਇਸਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਦੇ ਵਿਦੇਸ਼ ਮੰਤਰੀ ਨੇ ਆਪਣੇ ਪਹਿਲੇ ਹੀ ਪ੍ਰੈਸ ਸੰਬੋਧਨ ਵਿੱਚ ਮੋਦੀ ਦੇ ਪੱਤਰ ਨੂੰ ਲੈ ਕੇ ਪ੍ਰਚਾਰ ਕੀਤਾ, ਕਸ਼ਮੀਰ ਰਾਗ ਅਲਾਪਿਆ ਅਤੇ ਆਪਣੀ ਪਰਮਾਣੂ ਸ਼ਕਤੀ ਦਾ ਜਿਕਰ ਕਰਦੇ ਹੋਏ ਭਾਰਤ ਨੂੰ ਹਿੰਮਤ ਛੱਡਣ ਦੀ ਗੱਲ ਕਹਿ ਦਿੱਤੀ| ਉਨ੍ਹਾਂ ਨੇ ਇਸ਼ਾਰਿਆਂ – ਇਸ਼ਾਰਿਆਂ ਵਿੱਚ ਇਹ ਵੀ ਕਹਿ ਦਿੱਤਾ ਕਿ ਕੁੱਝ ਤਾਕਤਾਂ ਪਾਕਿਸਤਾਨ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਹਨ| ਕੁਰੈਸ਼ੀ ਦਾ ਇਹ ਬਿਆਨ ਠੀਕ ਉਹੋ ਜਿਹਾ ਹੀ ਹੈ, ਜੋ ਅਤੀਤ ਵਿੱਚ ਪਾਕਿਸਤਾਨੀ ਹੁਕਮਰਾਨ ਦਿੰਦੇ ਰਹੇ ਹਨ| ਅਖੀਰ ਭਾਰਤ ਕਿਵੇਂ ਭਰੋਸਾ ਕਰੇ ? ਭਾਰਤ ਦਾ ਸਟੈਂਡ ਸਾਫ ਹੈ ਕਿ ਪਾਕਿਸਤਾਨ ਜਦੋਂ ਤੱਕ ਆਪਣੇ ਇੱਥੋਂ ਅੱਤਵਾਦ ਖਤਮ ਨਹੀਂ ਕਰੇਗਾ ਅਤੇ ਕਸ਼ਮੀਰ ਵਿੱਚ ਅੱਤਵਾਦ ਭੇਜਣਾ ਅਤੇ ਉਸਨੂੰ ਸਮਰਥਨ ਦੇਣਾ ਬੰਦ ਨਹੀਂ ਕਰੇਗਾ ਉਦੋਂ ਤੱਕ ਉਸ ਨਾਲ ਭਾਰਤ ਕੋਈ ਗੱਲਬਾਤ ਨਹੀਂ ਕਰੇਗਾ| ਕਸ਼ਮੀਰ ਤੇ ਵੀ ਗੱਲ ਉਦੋਂ ਹੋਵੇਗੀ ਜਦੋਂ ਪਾਕਿ ਅੱਤਵਾਦ ਬੰਦ ਕਰੇਗਾ| ਖੁਦ ਇਮਰਾਨ ਖਾਨ ਸੰਕਲਪ ਦੋਹਰਾ ਚੁੱਕੇ ਹਨ ਕਿ ਉਹ ਪਾਕਿਸਤਾਨ ਤੋਂ ਅੱਤਵਾਦ ਦਾ ਸਫਾਇਆ ਕਰਣਗੇ| ਹੁਣ ਤਾਂ ਉਨ੍ਹਾਂ ਦੇ ਕੋਲ ਪੂਰਾ ਮੌਕਾ ਹੈ| ਉਨ੍ਹਾਂ ਨੂੰ ਪਹਿਲਾਂ ਪਾਕਿ ਤੋਂ ਸੰਤਾਪ ਦਾ ਸਫਾਇਆ ਕਰਨਾ ਚਾਹੀਦਾ ਹੈ| ਉਸ ਤੋਂ ਬਾਅਦ ਦੂਜੇ ਦੇਸ਼ਾਂ ਨੂੰ ਭਰੋਸਾ ਹੋਵੇਗਾ ਕਿ ਇਮਰਾਨ ਸਰਕਾਰ ਸਚਮੁੱਚ ਅਮਨ ਚਾਹੁੰਦੀ ਹੈ| ਭਾਰਤ ਹਮੇਸ਼ਾ ਪਾਕਿ ਨਾਲ ਸ਼ਾਂਤੀ ਬਹਾਲ ਰੱਖਣਾ ਚਾਹੁੰਦਾ ਹੈ, ਪਰ ਉਹ ਪਾਕਿਸਤਾਨ ਦੀ ਫੌਜ ਅਤੇ ਉਸਦੀ ਖੁਫੀਆ ਏਜੰਸੀ ਆਈਐਸਆਈ ਹੀ ਹੈ ਕਿ ਕਸ਼ਮੀਰ ਵਿੱਚ ਅੱਤਵਾਦ ਅਤੇ ਵੱਖਵਾਦ ਬੀਜਦੀ ਰਹੀ ਹੈ| ਪਾਕਿ ਹਮੇਸ਼ਾ ਕਸ਼ਮੀਰ ਨੂੰ ਅਸ਼ਾਂਤ ਰੱਖਣਾ ਚਾਹੁੰਦਾ ਹੈ| ਭਾਰਤ ਪਾਕਿ ਦੇ ਅੱਤਵਾਦ ਦੇ ਅਨੇਕ ਵਾਰ ਸਬੂਤ ਦੇ ਚੁੱਕਿਆ ਹੈ| ਪਾਕਿ ਖੁਦ ਮੰਨਦਾ ਹੈ ਕਿ ਭਾਰਤ ਵਿੱਚ ਅੱਤਵਾਦ ਫੈਲਾਉਣ ਵਾਲੇ ਉਸਦੇ ਇੱਥੇ ਮੌਜੂਦ ਹਨ| ਇਸ ਤੋਂ ਬਾਅਦ ਵੀ ਉਹ ਅੱਤਵਾਦ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਹੈ ਅਤੇ ਭਾਰਤ ਦੇ ਨਾਲ ਗੱਲਬਾਤ ਦੀ ਇੱਛਾ ਦਾ ਢੰਡੋਰਾ ਪਿੱਟਦਾ ਹੈ| ਕੁਰੈਸ਼ੀ ਵਰਗੇ ਵਿਦੇਸ਼ ਮੰਤਰੀ ਇਮਰਾਨ ਸਰਕਾਰ ਦੇ ਨਵਾਂ ਪਾਕਿਸਤਾਨ ਬਣਾਉਣ ਦੇ ਸਪਨੇ ਨੂੰ ਚਕਨਾਚੂਰ ਹੀ ਕਰਨਗੇ| ਭਾਰਤ ਦੇ ਬਾਰੇ ਵਿੱਚ ਝੂਠ ਪ੍ਰਚਾਰਿਤ ਕਰਕੇ ਪਾਕਿ ਅਮਨ ਦੀ ਬੁਨਿਆਦ ਨਹੀਂ ਰੱਖ ਪਾਵੇਗਾ| ਭਾਰਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੁੰਬਈ ਵਿੱਚ ਤਾਜ ਹਮਲੇ ਦੇ ਦੌਰਾਨ ਕੁਰੈਸ਼ੀ ਹੀ ਪਾਕਿ ਦੇ ਵਿਦੇਸ਼ ਮੰਤਰੀ ਸਨ| ਪਾਕਿਸਤਾਨ ਵਿੱਚ ਸੱਤਾ ਤਬਦੀਲੀ ਦੇ ਨਾਲ ਉਸਦੀ ਨੀਅਤ ਵਿੱਚ ਵੀ ਬਦਲਾਵ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਭਾਰਤ ਨੂੰ ਲੈ ਕੇ ਇਮਰਾਨ ਸਰਕਾਰ ਵੀ ਪੁਰਾਣੇ ਢੱਰੇ ਉੱਤੇ ਨਜ਼ਰ ਆ ਰਹੀ ਹੈ|
ਵਿਪਨ ਚੌਧਰੀ

Leave a Reply

Your email address will not be published. Required fields are marked *