ਭਾਰਤ ਨੂੰ ਰੇਗਿਸਤਾਨ ਬਣਾ ਦੇਵੇਗਾ ਪਾਣੀ ਦਾ ਲਗਾਤਾਰ ਵੱਧਦਾ ਸੰਕਟ

ਮੌਸਮ ਵਿੱਚ ਆਉਣ ਵਾਲੀਆਂ ਲਗਾਤਾਰ ਤਬਦੀਲੀਆਂ ਨੇ ਸਾਡੇ ਪੌਣ ਪਾਣੀ ਤੇ ਵੱਡਾ ਅਸਰ ਪਾਇਆ ਹੈ ਅਤੇ ਇਸ ਕਾਰਨ ਹਰ ਥਾਂ ਦਾ ਮੌਸਮ ਪ੍ਰਭਾਵਿਤ ਹੋਇਆ ਹੈ| ਇਸਦੇ ਨਾਲ ਹੀ ਪਿਛਲੇ ਕੁੱਝ ਸਾਲਾਂ ਤੋਂ ਸਾਡੇ ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਪਾਣੀ ਦਾ ਸੰਕਟ ਆਪਣਾ ਅਸਰ ਵਿਖਾਉਂਦਾ ਆ ਰਿਹਾ ਹੈ ਅਤੇ ਪਾਣੀ ਦੀ ਲਗਾਤਾਰ ਹੁੰਦੀ ਕਮੀ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ| ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਣੀ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਸਾਡਾ ਦੇਸ਼ ਬੜੀ ਤੇਜੀ ਨਾਲ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ| ਪੰਜਾਬ ਵਿੱਚ ਵੀ ਪਾਣੀ ਦਾ ਸੰਕਟ ਲਗਾਤਾਰ ਵੱਧ ਰਿਹਾ ਹੈ ਅਤੇ ਜਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ| 
ਇਸ ਸੰਬੰਧੀ ਦੋ ਸਾਲ ਪਹਿਲਾਂ ਯੂਨੈਸਕੋ ਵੱਲੋਂ ਬਾਕਾਇਦਾ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਤੇਜੀ ਨਾਲ ਮਾਰੂਥਲ ਬਣਨ ਵੱਲ ਵੱਧ ਰਿਹਾ ਹੈ| ਇਸ ਰਿਪੋਰਟ ਅਨੁਸਾਰ 2050 ਤਕ ਭਾਰਤ ਵਿੱਚ ਬਹੁਤ ਵੱਡੇ ਪੱਧਰ ਉਪਰ ਪਾਣੀ ਦਾ ਸੰਕਟ ਆ ਜਾਵੇਗਾ ਅਤੇ ਇਸ ਸੰਕਟ ਤੋਂ ਬਚਣ ਲਈ ਜੇ ਤੁਰੰਤ (ਜੰਗੀ ਪੱਧਰ ਤੇ) ਕਦਮ ਨਾ ਚੁੱਕੇ  ਗਏ ਤਾਂ ਦੇਸ਼ ਦਾ ਵੱਡਾ ਖੇਤਰ ਮਾਰੂਥਲ ਬਣ ਸਕਦਾ ਹੈ| ਮਾਹਿਰ ਦੱਸਦੇ ਹਨ ਕਿ ਆਉਣ ਵਾਲੇ ਤੀਹ ਸਾਲਾਂ ਤਕ ਭਾਰਤ ਦੇ ਪਾਣੀ ਦੇ ਸਰੋਤਾਂ ਵਿੱਚ 40 ਫੀਸਦੀ ਤੋਂ ਵੀ ਵੱਧ ਦੀ ਕਮੀ ਆ ਜਾਵੇਗੀ ਅਤੇ ਇਸ ਕਾਰਨ ਇਸ ਖੇਤਰ ਵਿੱਚ ਪਾਣੀ ਦਾ ਭਾਰੀ ਸੰਕਟ ਖੜਾ ਹੋ ਜਾਵੇਗਾ| ਮਾਹਿਰਾਂ ਅਨੁਸਾਰ ਭਾਰਤ ਦੇ ਉਤਰੀ ਹਿੱਸੇ (ਜਿਸ ਵਿੱਚ  ਪੰਜਾਬ ਵੀ ਆਉਂਦਾ ਹੈ) ਵਿੱਚ ਜਮੀਨ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਥੱਲੇ ਜਾ ਰਿਹਾ ਹੈ ਅਤੇ ਸਿਰਫ ਉਤਰੀ ਭਾਰਤ ਹੀ ਨਹੀਂ ਬਲਕਿ ਪੂਰਾ ਦੇਸ਼ ਆਉਣ ਵਾਲੇ ਸਾਲਾਂ ਵਿੱਚ ਪਾਣੀ ਦੇ ਗੰਭੀਰ ਸੰਕਟ ਵਿੱਚ ਫਸਣ ਵਾਲਾ ਹੈ|
ਹੈਰਾਨੀ ਦੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਪਾਣੀ ਨੂੰ ਬਚਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ| ਦੇਸ਼ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ ਅਤੇ ਇਸਦੇ ਨਾਲ ਹੀ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਵੀ ਘਟ ਹੋ ਰਹੀ ਹੈ| ਦੇਸ਼ ਵਿੱਚ ਪਾਣੀ ਦੇ ਕੁਦਰਤੀ ਸਰੋਤ ਸੁੱਕ ਰਹੇ ਹਨ ਅਤੇ ਹਿਮਾਲਿਆ ਦੇ ਗਲੇਸ਼ੀਅਰ ਤੇਜੀ ਨਾਲ ਛੋਟੇ ਹੁੰਦੇ ਜਾ ਰਹੇ ਹਨ| ਅਗਰ ਇਹੀ ਹਾਲ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਦਿਨ ਇਹ              ਗਲੇਸ਼ੀਅਰ ਬਿਲਕੁਲ ਹੀ ਖਤਮ ਹੋ ਜਾਣ ਅਜਿਹਾ ਹੋਣ ਤੇ ਇਹਨਾਂ ਤੋਂ ਮਿਲਣ ਵਾਲੇ ਪਾਣੀ ਦੀ ਅਣਹੋਂਦ ਕਾਰਨ ਗੰਗਾ, ਯਮੁਨਾ ਅਤੇ ਹੋਰ ਨਦੀਆਂ ਵੀ ਸੁੱਕ ਜਾਣੀਆਂ ਹਨ| ਦੇਸ਼ ਵਿੱਚ ਪਾਣੀ ਦੀ ਉਪਲਬਧਤਾ ਸਬੰਧੀ ਹਾਲਾਤ ਇੰਨੇ ਖਰਾਬ ਹਨ ਕਿ ਜੇ ਪਾਣੀ ਬਚਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਨਾ ਹੋਏ ਤਾਂ ਆਉਣ ਵਾਲੇ ਸਾਲਾਂ ਵਿੱਚ ਪਾਣੀ ਦਾ ਗੰਭੀਰ ਸੰਕਟ ਆਉਣਾ ਤੈਅ ਹੈ| 
ਪਾਣੀ ਦੇ ਆ ਰਹੇ ਇਸ ਸੰਕਟ ਦੇ ਹਲ ਲਈ ਹੁਣ ਤਕ ਸਿਰਫ ਜੁਬਾਨੀ ਜਮਾਂ ਖਰਚ ਹੀ ਹੁੰਦਾ ਰਿਹਾ ਹੈ ਅਤੇ ਠੋਸ ਕਾਰਵਾਈ ਘੱਟ ਹੀ ਹੋਈ ਹੈ ਅਤੇ ਇਹੀ ਕਾਰਨ ਹੈ ਕਿ  ਦੇਸ਼ ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਲਗਾਤਾਰ ਘੱਟਦੀ ਜਾ ਰਹੀ ਹੈ| ਸਾਲ 2001 ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 1820 ਘਣ ਮੀਟਰ ਸੀ ਜੋ ਕਿ ਸਾਲ 2011 ਵਿੱਚ 1545 ਘਣ ਮੀਟਰ ਰਹਿ  ਗਈ ਅਤੇ 2015 ਤਕ ਇਹ ਉਪਲਬਧਤਾ 1341 ਘਣ ਮੀਟਰ ਰਹਿ ਗਈ| 2050 ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 1140 ਘਣ ਮੀਟਰ ਰਹਿ ਜਾਣ ਦਾ ਖਤਰਾ ਬਣਿਆ ਹੋਇਆ ਹੈ|  ਯੂਨੈਸਕੋ ਦੇ ਅੰਕੜੇ ਦਸਦੇ ਹਨ ਕਿ ਭਾਰਤ ਵਿੱਚ 10 ਕਰੋੜ ਤੋਂ ਵੱਧ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ| ਇਹ ਵੀ ਇੱਕ ਹਕੀਕਤ ਹੈ ਕਿ ਭਾਰਤ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਬੱਚੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ| ਸਾਡੇ ਦੇਸ਼ ਵਿੱਚ ਅਨੇਕਾਂ ਹੀ ਦਰਿਆਵਾਂ ਅਤੇ ਨਦੀਆਂ ਹੋਣ ਦੇ ਬਾਵਜੂਦ ਦੇਸ਼ ਦੀ 80 ਫੀਸਦੀ ਤਕ ਪਾਣੀ ਦੀ ਲੋੜ ਧਰਤੀ            ਹੇਠਲੇ ਪਾਣੀ ਰਾਹੀਂ ਹੀ ਪੂਰੀ ਕੀਤੀ ਜਾਂਦੀ ਹੈ ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ|
ਧਰਤੀ ਹੇਠਲਾ ਪਾਣੀ ਤਾਂ ਅਸੀਂ ਬਾਹਰ ਕੱਢ ਹੀ ਰਹੇ ਹਾਂ ਪਰ ਧਰਤੀ ਹੇਠਾਂ ਮੁੜ ਪਾਣੀ ਭੇਜਣ ਬਾਰੇ ਕੋਈ ਕੁੱਝ ਨਹੀਂ ਸੋਚਦੇ| ਵਿਸ਼ਵ ਦੇ ਕਈ ਦੇਸ਼ਾਂ ਵਿੱਚ ਖੇਤੀ ਵਾਸਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਉਪਰ ਪੂਰਨ ਪਾਬੰਦੀ ਹੈ| ਉਹਨਾਂ ਦੇਸ਼ਾਂ ਵਿੱਚ ਸਾਰੀ ਖੇਤੀ ਨਹਿਰੀ ਪਾਣੀ ਅਤੇ ਬਰਸਾਤੀ ਪਾਣੀ ਨਾਲ ਹੀ ਕੀਤੀ ਜਾਂਦੀ ਹੈ|  ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਦੇ ਗੰਭੀਰ ਸੰਕਟ ਨੂੰ ਗੰਭੀਰਤਾ ਨਾਲ ਲੈ ਕੇ ਆਉਣ ਵਾਲੇ ਸਾਲਾਂ ਵਿੱਚ ਆਉਣ ਵਾਲੇ ਪਾਣੀ ਦੇ ਸੰਕਟ ਤੋਂ ਬਚਾਓ ਲਈ ਉਪਰਾਲੇ ਸ਼ੁਰੂ ਕਰੇ ਤਾਂ ਕਿ ਆਉਣ ਵਾਲੇ ਸਾਲਾਂ ਦੌਰਾਨ ਦੇਸ਼ ਨੂੰ ਮਾਰੂਥਲ ਬਣਨ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *