ਭਾਰਤ ਨੇ ਦੂਜੇ ਟੈਸਟ ਮੈਚ ਦੌਰਾਨ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ

ਚੇਨਈ, 16 ਫਰਵਰੀ (ਸ.ਬ.) ਅਕਸ਼ਰ ਪਟੇਲ ਅਤੇ ਰਚਿਚੰਦਰਨ ਅਸ਼ਵਿਨ ਨੇ ਮਨਮਾਫਿਕ ਹਾਲਤਾਂ ਵਿਚ ਇੰਗਲੈਂਡ ਨੂੰ ਆਪਣੇ ਸਪਿਨ ਜਾਲ ਵਿਚ ਫਸਾ ਕੇ ਭਾਰਤ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਚੌਥੇ ਦਿਨ ਹੀ 317 ਦੌੜਾਂ ਨਾਲ ਰਿਕਾਰਡ ਜਿੱਤ ਦਿਵਾਈ, ਜਿਸ ਨਾਲ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ।

ਪਟੇਲ ਨੇ 60 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਹ ਨੌਵੇਂ ਭਾਰਤੀ ਹਨ, ਜਿਨ੍ਹਾਂ ਨੇ ਆਪਣੇ ਡੈਬਿਊ ਮੈਚ ਵਿਚ 5 ਵਿਕਟਾ ਲਈਆਂ ਹਨ। ਭਾਰਤ ਦੀ ਦੂਜੀ ਪਾਰੀ ਵਿਚ ਸੈਂਕੜਾ ਲਗਾਉਣ ਵਾਲੇ ਅਸ਼ਵਿਨ ਨੇ 53 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ, ਜਦੋਂਕਿ ਕੁਲਦੀਪ ਯਾਦਵ (25 ਦੌੜਾਂ ਦੇ ਕੇ ਦੋ) ਨੇ ਬਾਕੀ ਬਚੀਆਂ 2 ਵਿਕਟਾਂ ਲਈਆਂ ਹਨ। ਇਸ ਨਾਲ ਇੰਗਲੈਂਡ ਦੀ ਟੀਮ 482 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਲੰਚ ਤੋਂ ਕੁਝ ਦੇਰ ਬਾਅਦ 164 ਦੌੜਾਂ ਤੇ ਢੇਰ ਹੋ ਗਈ। ਭਾਰਤ ਦੀ ਇਹ ਦੌੜਾਂ ਦੇ ਲਿਹਾਜ ਨਾਲ ਪੰਜਵੀਂ ਵੱਡੀ ਜਿੱਤ ਹੈ।

ਇੰਗਲੈਂਡ ਖ਼ਿਲਾਫ਼ ਉਸ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ 1986 ਵਿਚ ਲੀਡਸ ਵਿਚ 279 ਦੌੜਾਂ ਨਾਲ ਜਿੱਤ ਹਾਸਿਲ ਕੀਤੀ ਸੀ। ਭਾਰਤ ਨੇ ਆਪਣੀਆਂ ਸਭ ਤੋਂ ਵੱਡੀਆਂ 6 ਜਿੱਤਾਂ ਵਿਚੋਂ 5 ਜਿੱਤਾਂ ਵਿਰਾਟ ਕੋਹਲੀ ਦੀ ਅਗਵਾਈ ਵਿਚ ਦਰਜ ਕੀਤੀਆਂ ਹਨ। ਇੰਗਲੈਂਡ ਨੇ ਸਵੇਰੇ 3 ਵਿਕਟਾਂ ਤੇ 53 ਦੋੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੇ ਬੱਲੇਬਾਜ਼ ਸ਼ੁਰੂ ਤੋਂ ਭਾਰਤੀ ਸਪਿਨਰਾਂ ਦੀਆਂ ਗੇਂਦਾਂ ਤੇ ਚਕਮਾ ਖਾਂਦੇ ਰਹੇ ਹਨ। ਮੋਈਨ ਅਲੀ ਨੇ ਅੰਤਿਮ ਪਲਾਂ ਵਿਚ ਤੂਫਾਨੀ ਅੰਦਾਜ਼ ਵਿਚ ਬੱਲੇਬਾਜ਼ੀ ਕਰਕੇ 18 ਗੇਂਦਾਂ ਵਿੱਚ 43 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਟੈਸਟ ਮੈਚਾਂ ਦੀ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਰੋਕਿਆ। ਕੁਲਦੀਪ ਨੇ ਉਹਨਾਂ ਨੂੰ ਸਟੰਪ ਆਊਟ ਕਰਵਾ ਕੇ ਇੰਗਲੈਂਡ ਦੀ ਪਾਰੀ ਦਾ ਅੰਤ ਕੀਤਾ। ਉਹਨਾਂ ਤੋਂ ਇਲਾਵਾ ਇੰਗਲੈਂਡ ਦੇ ਕਪਤਾਨ ਜੋਅ ਰੂਟ (91 ਗੇਂਦਾਂ ਤੇ 33 ਦੌੜਾਂ) ਹੀ ਇਕਮਾਤਰ ਅਜਿਹੇ ਬੱਲੇਬਾਜ਼ ਸਨ ਜੋ ਸਪਿਨਰਾਂ ਨੂੰ ਥੋੜ੍ਹਾ ਆਤਮ-ਵਿਸ਼ਵਾਸ ਨਾਲ ਖੇਡ ਸਕੇ। ਉਹ ਲੰਚ ਤੋਂ ਠੀਕ ਪਹਿਲਾਂ ਪਵੇਲੀਅਮ ਪਰਤ ਜਾਂਦੇ ਪਰ ਮੁਹੰਮਦ ਸਿਰਾਜ ਨੇ ਕੁਲਦੀਪ ਦੀ ਗੇਂਦ ਤੇ ਉਹਨਾਂ ਦੀ ਆਸਾਨ ਕੈਚ ਛੱਡ ਦਿੱਤੀ। ਲੰਚ ਤੋਂ ਤੁਰੰਤ ਬਾਅਦ ਹਾਲਾਂਕਿ ਪਟੇਲ ਨੇ ਉਹਨਾਂ ਨੂੰ ਸਲਿਪ ਵਿੱਚ ਕੈਚ ਦੇਣ ਲਈ ਮਜ਼ਬੂਰ ਕੀਤਾ।

ਇਸ ਤੋਂ ਬਾਅਦ ਮੋਈਨ ਨੇ 5 ਛੱਕੇ ਲਗਾ ਕੇ ਹਾਰ ਦਾ ਅੰਤਰ ਘੱਟ ਕੀਤਾ ਪਰ ਇੰਗਲੈਂਡ ਦੀ ਹਾਰ ਦੀ ਇਬਾਰਤ ਮੈਚ ਦੇ ਦੂਜੇ ਦਿਨ ਹੀ ਲਿੱਖ ਦਿੱਤੀ ਗਈ ਸੀ, ਜਦੋਂ ਉਸ ਦੀ ਟੀਮ ਭਾਰਤ ਦੇ 329 ਦੌੜਾਂ ਦੇ ਜਵਾਬ ਵਿਚ 134 ਦੌੜਾਂ ਤੇ ਆਊਟ ਹੋ ਗਈ ਸੀ। ਇੰਗਲੈਂਡ ਚੌਥੇ ਦਿਨ ਥੋੜਾ ਵੀ ਸੰਘਰਸ਼ ਨਹੀਂ ਕਰ ਸਕਿਆ। ਸਥਾਨਕ ਖਿਡਾਰੀ ਅਸ਼ਵਿਨ ਨੇ ਦਿਨ ਦੀ ਆਪਣੀ ਪਹਿਲੀ ਗੇਂਦ ਤੇ ਹੀ ਡੈਨ ਲਾਰੇਂਸ (26) ਨੂੰ ਪਵੇਲੀਅਨ ਦੀ ਰਾਹ ਦਿਖਾਈ। ਰਿਸ਼ਭ ਪੰਤ ਨੇ ਉਹਨਾਂ ਨੂੰ ਸਟੰਪ ਆਊਟ ਕੀਤਾ। ਹਮਲਾਵਰ ਬੱਲੇਬਾਜ਼ੀ ਕਰਨ ਵਾਲੇ ਬੇਨ ਸਟੋਕਸ ਨੇ ਰੱਖਿਆਤਮਕ ਰਵੱਈਆ ਅਪਣਾਇਆ। ਉਹਨਾਂ ਨੇ ਅਸ਼ਵਿਨ ਦੀ ਗੇਂਦ ਤੇ ਆਊਟ ਹੋਣ ਤੋਂ ਪਹਿਲਾਂ 51 ਗੇਂਦਾਂ ਤੇ 8 ਦੌੜਾਂ ਬਣਾਈਆਂ।

ਭਾਰਤ ਨੇ ਇਸ ਜਿੱਤ ਨਾਲ ਸੀਰੀਜ਼ ਬਰਾਬਰ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰਖਿਆ ਹੈ। ਇਸ ਲਈ ਉਸ ਨੂੰ ਸੀਰੀਜ਼ ਵਿਚ ਹੁਣ ਘੱਟ ਤੋਂ ਘੱਟ 2-1 ਨਾਲ ਜਿੱਤ ਦਰਜ ਕਰਨੀ ਪਵੇਗੀ। ਇੰਗਲੈਂਡ ਨੇ ਇਸ ਸਥਾਨ ਤੇ ਪਹਿਲਾ ਮੈਚ 227 ਦੌੜਾਂ ਨਾਲ ਜਿੱਤਿਆ ਸੀ। ਅਗਲੇ ਦੋਵੇਂ ਮੈਚ ਅਹਿਮਦਾਬਾਦ ਦੇ ਸਰਦਾਰ ਪਟੇਲ ਮੋਟੇਰਾ ਸਟੇਡੀਅਮ ਵਿਚ ਖੇਡੇ ਜਾਣਗੇ। ਤੀਜਾ ਟੈਸਟ 24 ਫਰਵਰੀ ਤੋਂ ਸ਼ੁਰੂ ਹੋਵੇਗਾ।

Leave a Reply

Your email address will not be published. Required fields are marked *