ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਪਾਕਿ ਨੂੰ ਕੀਤਾ ਬੇਨਕਾਬ, ਕਿਹਾ- ਅੱਤਵਾਦੀਆਂ ਦਾ ਕਰਦਾ ਹੈ ਗੁਣਗਾਨ

ਨਵੀਂ ਦਿੱਲੀ, 14 ਜੁਲਾਈ (ਸ.ਬ.) ਹਿੱਜਬੁਲ ਕਮਾਂਡਰ ਬੁਰਹਾਨ ਬਾਨੀ ਦੀ ਮੌਤ ਦਾ ਮੁੱਦਾ ਸੰਯੁਕਤ ਰਾਸ਼ਟਰ ਵਿਚ ਚੁੱਕਣ ਵਾਲੇ ਪਾਕਿਸਤਾਨ ਤੇ ਸਖਤ ਪਲਟਵਾਰ ਕਰਦੇ ਹੋਏ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੁਣਗਾਨ ਕਰਦਾ ਹੈ ਅਤੇ ਦੂਜਿਆਂ ਦੇ ਭੂ-ਭਾਗ ਦੇ ਲਾਲਚ ਵਿਚ ਅੱਤਵਾਦ ਦੀ ਵਰਤੋਂ ਸਰਕਾਰੀ ਨੀਤੀ ਦੇ ਤੌਰ ਤੇ ਕਰਦਾ ਹੈ| ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਸਈਅਦ ਅਕਬਰੂਦੀਨ ਨੇ ਪਾਕਿਸਤਾਨ ਦੀ ਦੂਤ ਮਲੀਹਾ ਲੋਦੀ ਵਲੋਂ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਮਨੁੱਖੀ ਅਧਿਕਾਰਾਂ ਤੇ ਬਹਿਸ ਦੌਰਾਨ ਕਸ਼ਮੀਰ ਅਤੇ ਬਾਨੀ ਦੀ ਮੌਤ ਬਾਰੇ ਜ਼ਿਕਰ ਕੀਤੇ ਜਾਣ ਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ| ਮਲੀਹਾ ਨੇ ਆਪਣੇ ਬਿਆਨ ਵਿਚ ਕਸ਼ਮੀਰ ਦਾ ਤਾਂ ਮੁੱਦਾ ਚੁੱਕਿਆ ਹੀ ਸੀ, ਨਾਲ ਹੀ ਨਾਲ ਭਾਰਤੀ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਬਾਨੀ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ ਅਤੇ ਉਸ ਨੂੰ ‘ਕਸ਼ਮੀਰ ਦਾ ਨੇਤਾ’ ਦੱਸਿਆ|
ਅਕਬਰੂਦੀਨ ਦੇ ਬਿਆਨ ਨੂੰ  ਪਾਕਿਸਤਾਨ ਨੂੰ ਹਾਲ ਹੀ ਵਿਚ ਦਿੱਤਾ ਗਿਆ ਸਭ ਤੋਂ ਕਰਾਰਾ ਜਵਾਬ ਮੰਨਿਆ ਜਾ ਰਿਹਾ| ਅਕਬਰੂਦੀਨ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੁਣਗਾਨ ਕਰਦਾ ਹੈ ਅਤੇ ਇਸ ਨੂੰ ਇਸ ਦੇ ‘ਟਰੈਕ ਰਿਕਾਰਡ’ ਕਾਰਨ ਹੀ ਹੁਣ ਤੱਕ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਵਿਚ ਮੈਂਬਰਸ਼ਿਪ ਨਹੀਂ ਮਿਲ ਸਕੀ ਹੈ| ਬਹੁਪੱਖੀ ਵੈਸ਼ਵਿਕ ਸੰਸਥਾ ਵਿਚ ਕਸ਼ਮੀਰ ਦਾ ਮੁੱਦਾ ਚੁੱਕਣ ਲਈ ਮਲੀਹਾ ਤੇ ਵਰ੍ਹਦੇ ਹੋਏ ਅਕਬਰੂਦੀਨ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਮੰਚ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ| ਅਕਬਰੂਦੀਨ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਅੱਜ ਅਸੀਂ ਸੰਯੁਕਤ ਰਾਸ਼ਟਰ ਮੰਚ ਦੀ ਦੁਰਵਰਤੋਂ ਦੀ ਕੋਸ਼ਿਸ਼ ਹੁੰਦੀ ਦੇਖੀ| ਇਹ ਕੋਸ਼ਿਸ਼ ਪਾਕਿਸਤਾਨ ਨੇ ਕੀਤੀ, ਇਕ ਅਜਿਹਾ ਦੇਸ਼ ਜੋ ਦੂਜਿਆਂ ਦੇ ਭੂ-ਭਾਗ ਦਾ ਲਾਲਚ ਕਰਦਾ ਹੈ| ਇਕ ਅਜਿਹਾ ਦੇਸ਼ ਜੋ ਅੱਤਵਾਦੀਆਂ ਦਾ ਗੁਣਗਾਨ ਕਰਦਾ ਹੈ ਅਤੇ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਐਲਾਨੇ ਕੀਤੇ ਗਏ ਲੋਕਾਂ ਨੂੰ ਪਨਾਹਗਾਹ ਉਪਲੱਬਧ ਕਰਵਾਉਂਦਾ ਹੈ| ਉਨ੍ਹਾਂ ਕਿਹਾ ਕਿ ਪਾਕਿਸਤਾਨ ਇਕ ਇਕ ਅਜਿਹਾ ਦੇਸ਼ ਹੈ, ਜੋ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਦਾ ਤਮਾਸ਼ਾ ਰਚਦਾ ਹੈ|
ਜਿਕਰਯੋਗ ਹੈ ਕਿ ਪਿਛਲੇ ਹਫਤੇ ਹੋਈ ਬਾਨੀ ਦੀ ਹੱਤਿਆ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਹੋਈਆਂ ਝੜਪਾਂ ਵਿਚ 30 ਵਿਅਕਤੀ ਮਾਰੇ ਗਏ ਅਤੇ 250 ਤੋਂ ਵਧ ਜ਼ਖਮੀ ਹੋ ਗਏ ਹਨ| ਸੰਯੁਕਤ ਰਾਸ਼ਟਰ ਨੇ ਕਸ਼ਮੀਰ ਵਿਚ ਤਣਾਅਪੂਰਨ ਹਾਲਾਤ ਤੇ ਚਿੰਤਾ ਜ਼ਾਹਿਰ ਕੀਤੀ ਹੈ| ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਸਾਰੇ ਪੱਖਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ, ਤਾਂ ਕਿ ਹਿੰਸਾ ਤੋਂ ਬਚਿਆ ਜਾ ਸਕੇ| ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸਾਰੀਆਂ ਚਿੰਤਾਵਾਂ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਕੀਤਾ      ਜਾਵੇਗਾ|

Leave a Reply

Your email address will not be published. Required fields are marked *