ਭਾਰਤ-ਪਾਕਿ ਪਾਣੀ ਦੇ ਵਿਵਾਦ ਨੂੰ ਹੱਲ ਕਰਨ ਲਈ ਅਮਰੀਕਾ ਵੱਲੋਂ ਵਿਚੋਲਗੀ

ਵਾਸ਼ਿੰਗਟਨ, 3 ਜਨਵਰੀ (ਸ.ਬ.) ਅਮਰੀਕੀ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਹੋਏ ਵਿਵਾਦ ਨੂੰ ਸੁਲਝਾਉਣ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ| ਪਾਕਿਸਤਾਨ ਦੀ ਅਖਬਾਰ ‘ਡਾਨ’ ਦੀ ਵੈਬਸਾਈਟ ਨੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਇਸ ਮੁੱਦੇ ਤੇ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਨਾਲ ਮੁਲਾਕਾਤ ਕਰ ਕੇ ਵਿਵਾਦ ਦਾ ਮਿੱਤਰਤਾਪੂਰਨ ਤਰੀਕੇ ਨਾਲ ਹੱਲ ਲਈ ਵੱਖ-ਵੱਖ ਬਦਲਾਂ ਤੇ ਚਰਚਾ ਕੀਤੀ| ਇਸ ਤੋਂ ਬਾਅਦ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਡੇਵਿਡ ਹੇਲ ਨੇ ਇਸ਼ਾਕ ਡਾਰ ਨਾਲ ਮੁਲਾਕਾਤ ਕੀਤੀ|
ਦੱਸਣ ਯੋਗ ਹੈ ਕਿ ਭਾਰਤ ਸਿੰਧੂ ਨਦੀ ਤੇ ਕ੍ਰਿਸ਼ਨਗੰਗਾ ਅਤੇ ਰਾਟਲੇ ਵਿੱਚ ਬਣ ਰਹੀਆਂ ਦੋ ਪਣਬਿਜਲੀ ਪਲਾਂਟਾਂ ਦਾ ਨਿਰਮਾਣ ਕਰ ਰਿਹਾ ਹੈ, ਜਿਸ ਨੂੰ ਪਾਕਿਸਤਾਨ ਨੇ ਸਿੰਧੂ ਜਲ ਸੰਧੀ ਦਾ ਉਲੰਘਣ ਦੱਸਿਆ ਹੈ| ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਨਦੀ ਜਲ ਵੰਡ ਨੂੰ ਲੈ ਕੇ ਵਿਸ਼ਵ ਬੈਂਕ ਦੀ ਵਿਚੋਲਗੀ ਨਾਲ 19 ਸਤੰਬਰ 1960 ਨੂੰ ਕਰਾਚੀ ਵਿੱਚ ਸਿੰਧੂ ਜਲ ਸੰਧੀ ਤੇ ਦਸਤਖਤ ਹੋਏ ਸਨ| ਇਸ ਸੰਧੀ ਤਹਿਤ ਵਿਵਾਦਾਂ ਦੀ ਸਥਿਤੀ ਵਿੱਚ ਇਸ ਦਾ ਨਿਪਟਾਰਾ ਨਿਰਪੱਖ ਮਾਹਰਾਂ ਅਤੇ ਵਿਚੋਲਗੀ ਦੀ ਇਕ ਅਦਾਲਤ ਨੂੰ ਨਿਯੁਕਤ ਕਰਨ ਦਾ ਸੁਝਾਅ ਹੈ| ਇਸ ਮੁੱਦੇ ਤੇ ਪਾਕਿਸਤਾਨ ਨੇ ਵਿਸ਼ਵ ਬੈਂਕ ਤੋਂ ਵਿਚੋਲਗੀ ਕਰਨ ਦੀ ਅਪੀਲ ਕੀਤੀ ਹੈ, ਜਦਕਿ ਭਾਰਤ ਨੇ ਇਕ ਨਿਰਪੱਖ ਮਾਹਰ ਦੀ ਨਿਯੁਕਤੀ ਦੀ ਮੰਗ ਕੀਤੀ ਹੈ| ਇਸ ਤੋਂ ਪਹਿਲਾਂ ਵਿਸ਼ਵ ਬੈਂਕ ਦੇ ਪ੍ਰਧਾਨ ਜਿਮ ਯੋਂਗ ਕਿਮ ਨੇ ਦੋਹਾਂ ਦੇਸ਼ਾਂ ਦੇ ਵਿੱਤ ਮੰਤਰੀਆਂ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਨੇ ਵਿਚੋਲਗੀ ਦੀ      ਬੇਨਤੀ ਨੂੰ ਫਿਲਹਾਲ ਠੰਡੇ ਬਸਤੇ ਵਿਚ ਪਾ ਦਿੱਤਾ ਹੈ ਅਤੇ ਦੋਹਾਂ ਦੇਸ਼ਾਂ ਨੂੰ ਜਨਵਰੀ ਦੇ ਅਖੀਰ ਤੱਕ ਇਹ ਦੱਸਣ ਲਈ ਕਿਹਾ ਹੈ ਕਿ ਉਹ ਇਸ ਵਿਵਾਦ ਨੂੰ ਕਿਵੇਂ ਸੁਲਝਾਉਣਾ ਚਾਹੁੰਦੇ ਹਨ|

Leave a Reply

Your email address will not be published. Required fields are marked *