‘ਭਾਰਤ ਬੰਦ’ ਦਾ ਅਸਰ ਬੈਂਕਾਂ ਤੇ ਵੀ ਪਿਆ
ਸਮਰਾਲਾ, 8 ਦਸੰਬਰ (ਸ.ਬ.) ਕੇਂਦਰ ਸਰਕਾਰ ਖ਼ਿਲਾਫ਼ ਅੱਜ 8 ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਪਹਿਲਾ ਹੀ ਇਕ ਐਡਵਾਈਜ਼ਰੀ ਜਾਰੀ ਕੀਤੀ ਸੀ ਅਤੇ ਸਾਰੇ ਸੂਬਿਆਂ ਨੂੰ ਸਾਫ਼ ਤੌਰ ਤੇ ਕਿਹਾ ਸੀ ਕਿ ਜ਼ਬਰੀ ਬੰਦ ਕਰਵਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਸੂਬੇ ਸਾਰੇ ਲੋੜੀਂਦੇ ਕਦਮ ਚੁੱਕਣ ਪਰ ਕੇਂਦਰ ਸਰਕਾਰ ਦੀ ਇਸ ਜਾਰੀ ਐਡਵਾਈਜ਼ਰੀ ਦੇ ਬਾਵਜੂਦ ਇਕ ਵੱਡੀ ਖ਼ਬਰ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ ਸਰਕਾਰੀ ਖੇਤਰ ਦੇ ਕਈ ਵੱਡੇ ਬੈਂਕਾਂ ਸਮੇਤ ਕਈ ਹੋਰ ਨਿੱਜੀ ਖੇਤਰ ਦੇ ਬੈਂਕ ਵੀ ਅੱਜ ਬੰਦ ਪਏ ਹਨ|
ਕਈ ਬੈਂਕਾਂ ਦੇ ਬਾਹਰ ਵੱਡੇ-ਵੱਡੇ ਤਾਲੇ ਲਟਕ ਰਹੇ ਹਨ ਅਤੇ ਕਈ ਬੈਂਕਾਂ ਦੇ ਤਾਂ ਸ਼ਟਰ ਹੀ ਬੰਦ ਪਏ ਹਨ| ਇਹ ਇਕ ਬਹੁਤ ਵੱਡੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਬੰਦ ਨੂੰ ਅਸਫ਼ਲ ਬਣਾਉਣ ਲਈ ਜਾਰੀ ਐਡਵਾਈਜ਼ਰੀ ਦੇ ਬਾਵਜੂਦ ਭਾਰਤ ਸਰਕਾਰ ਦੇ ਆਪਣੇ ਹੀ ਅਦਾਰੇ ਬੰਦ ਵਿਖਾਈ ਦੇ ਰਹੇ ਹਨ, ਹਾਲਾਂਕਿ ਇਨ੍ਹਾਂ ਬੈਂਕਾਂ ਦੇ ਅੰਦਰ ਅੰਸ਼ਿਕ ਰੂਪ ਵਿੱਚ ਇੱਕਾ-ਦੁੱਕਾ ਕੁੱਝ ਮੁਲਾਜ਼ਮ ਮੌਜੂਦ ਹਨ ਪਰ ਉੱਥੇ ਕੰਮਕਾਜ ਨਹੀਂ ਹੋ ਰਿਹਾ|
ਬਾਹਰ ਤਾਲੇ ਲਟਕਾ ਕੇ ਬੰਦ ਰੱਖੇ ਗਏ| ਇਕ ਸਰਕਾਰੀ ਖੇਤਰ ਦੇ ਬੈਂਕ ਅੰਦਰ ਬੈਠੇ ਅਧਿਕਾਰੀ ਨੇ ਇਕ ਪੱਤਰਕਾਰ ਨੂੰ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਥਾਂ-ਥਾਂ ਤੇ ਜਾਮ ਲੱਗਣ ਕਾਰਨ ਸਾਡਾ ਬਹੁਤਾ ਸਟਾਫ਼ ਵੀ ਨਹੀਂ ਪਹੁੰਚ ਸਕਿਆ ਅਤੇ ਬੈਂਕ ਦੇ ਬਾਹਰ ਤਾਲੇ ਭੰਨ-ਤੋੜ ਦੀ ਸੰਭਾਵਨਾ ਨੂੰ ਵੇਖਦੇ ਹੋਏ ਲਗਾਏ ਗਏ ਹਨ|
ਇਸੇ ਤਰ੍ਹਾਂ ਇਕ ਹੋਰ ਨਿੱਜੀ ਖੇਤਰ ਦੀ ਬੈਂਕ ਜੋ ਕਿ ਪੂਰੀ ਤਰਾਂ ਬੰਦ ਪਈ ਹੈ, ਦੇ ਗਾਰਡ ਨੇ ਦੱਸਿਆ ਕਿ ਅੱਜ ਸਟਾਫ਼ ਦੇ ਸਿਰਫ ਇਕ-ਦੋ ਮੁਲਾਜ਼ਮ ਹੀ ਸਵੇਰੇ ਵੇਲੇ ਪਹੁੰਚੇ ਸਨ ਅਤੇ ਹਾਲਾਤ ਵੇਖਦੇ ਹੋਏ ਉਹ ਵੀ ਵਾਪਸ ਪਰਤ ਗਏ| ਕੁਝ ਅਜਿਹੀ ਹੀ ਹਾਲਤ ਸ਼ਹਿਰ ਦੇ ਕਈ ਹੋਰ ਬੈਂਕਾਂ ਦੀ ਵੀ ਸੀ|