ਭਾਰਤ ਬੰਦ ਦੌਰਾਨ ਆਰਾ ਵਿੱਚ 2 ਧਿਰਾਂ ਦਰਮਿਆਨ ਝੜਪ, ਫਾਇਰਿੰਗ

ਭਾਰਤ ਬੰਦ ਦੌਰਾਨ ਆਰਾ ਵਿੱਚ 2 ਧਿਰਾਂ ਦਰਮਿਆਨ ਝੜਪ, ਫਾਇਰਿੰਗ
ਉਜੈਨ ਵਿੱਚ ਅਨੋਖਾ ਪ੍ਰਦਰਸ਼ਨ, ਭਗਵਾਨ ਮਹਾਕਾਲੇਸ਼ਵਰ ਨੂੰ ਸੌਂਪਿਆ ਮੰਗ ਪੱਤਰ

ਨਵੀਂ ਦਿੱਲੀ, 10 ਅਪ੍ਰੈਲ (ਸ.ਬ.) ਜਨਰਲ ਵਰਗ ਦੇ ਵੱਖ-ਵੱਖ ਸੰਗਠਨਾਂ ਵੱਲੋਂ ਦਿੱਤੇ ਗਏ ਅੱਜ ਭਾਰਤ ਬੰਦ ਦੇ ਸੱਦੇ ਦੌਰਾਨ ਬਿਹਾਰ ਦੇ ਆਰਾ ਨਗਰ ਥਾਣੇ ਵਿੱਚ ਆਨੰਦਪੁਰ ਇਲਾਕੇ ਵਿੱਚ ਬੰਦ ਸਮਰਥਕਾਂ ਅਤੇ ਵਿਰੋਧੀਆਂ ਦਰਮਿਆਨ ਹਿੰਸਕ ਝੜਪ ਹੋਈ ਹੈ| ਦੋਹਾਂ ਪਾਸਿਓਂ ਫਾਇਰਿੰਗ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ ਆਰਾ ਵਿੱਚ ਹੀ ਸੈਂਕੜੇ ਨੌਜਵਾਨਾਂ ਨੇ ਪਟਨਾ ਯਾਤਰੀ ਟਰੇਨ ਨੂੰ ਰੋਕ ਦਿੱਤਾ| ਭੜਕੇ ਨੌਜਵਾਨਾਂ ਨੇ ਰੇਲ ਪੱਟੜੀ ਤੇ ਉਤਰ ਕੇ ਰਾਖਵਾਂਕਰਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ| ਇਸ ਤੋਂ ਇਲਾਵਾ ਪਟਨਾ-ਕੋਲਕਾਤਾ ਰੇਲ ਖੰਡ ਦੀ ਆਵਾਜਾਈ ਠੱਪ ਹੋ ਗਈ| ਪ੍ਰਦਰਸ਼ਨਕਾਰੀਆਂ ਨੇ ਬਰੌਨੀ ਯਾਤਰੀ ਟਰੇਨ ਨੂੰ ਰੋਕ ਦਿੱਤਾ| ਕਈ ਲੋਕ ਰੇਲ ਪੱਟੜੀ ਤੇ ਬੈਠ ਕੇ ਹੀ ਪ੍ਰਦਰਸ਼ਨ ਕਰਦੇ ਰਹੇ| ਦਰਭੰਗਾ ਦੀ ਲਲਿਤ ਨਾਰਾਇਣ ਮਿਸ਼ਰਾ ਯੂਨੀਵਰਸਿਟੀ ਨੇ ਆਪਣੇ ਬੀ.ਏ. ਦੇ ਪੇਪਰ ਨੂੰ ਟਾਲ ਦਿੱਤਾ ਹੈ| ਇਸ ਤੋਂ ਇਲਾਵਾ ਕਈ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਕੀਤਾ ਗਿਆ ਹੈ| ਬਿਹਾਰ ਵਿੱਚ ਵੀ ਭਾਰਤ ਬੰਦ ਕਾਰਨ ਸੁਰੱਖਿਆ ਵਿਵਸਥਾ ਨੂੰ ਵਧਾਇਆ ਗਿਆ ਹੈ| ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਬਿਹਾਰ ਵਿੱਚ ਹੀ ਹਨ, ਇਸ ਲਈ ਸੁਰੱਖਿਆ ਉਂਝ ਵੀ ਵਧਾਈ ਗਈ ਹੈ| ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਐਂਟੀ-ਦਲਿਤ ਅਕਸ ਬਣਦੀ ਜਾ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਇਕ ਸਾਲ ਵਿੱਚ ਸਭ ਕੁਝ ਠੀਕ ਹੋ ਜਾਵੇਗਾ, ਸਰਕਾਰ ਦਲਿਤਾਂ ਲਈ ਬਹੁਤ ਕੁਝ ਕਰ ਰਹੀ ਹੈ|
ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਉਜੈਨ ਦਾ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ| ਜਿੱਥੇ ਕੁਝ ਸੰਗਠਨਾਂ ਦੇ ਅਹੁਦੇਦਾਰਾਂ ਨੇ ਮਹਾਕਾਲੇਸ਼ਵਰ ਮੰਦਰ ਪੁੱਜ ਕੇ ਭਗਵਾਨ ਨੂੰ ਮੰਗ ਪੱਤਰ ਸੌਂਪਿਆ|
ਸੰਗਠਨਾਂ ਦਾ ਦੋਸ਼ ਹੈ ਕਿ ਸੁਪਰੀਮ ਕੋਰਟ ਦੇ ਹਾਲ ਦੇ ਫੈਸਲੇ ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਅੱਤਿਆਚਾਰ ਰੋਕੂ ਐਕਟ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਹੋਈ ਹੈ| ਕੁਝ ਰਾਸ਼ਟਰ ਵਿਰੋਧੀ ਤੱਤਾਂ ਨੇ ਅਦਾਲਤ ਦੇ ਫੈਸਲੇ ਨੂੰ ਸਮਾਜ ਦੇ ਸਾਹਮਣੇ ਗਲਤ ਪੇਸ਼ ਕਰ ਕੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ| ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਅੱਜ ਸਵੇਰ ਤੋਂ ਦੁੱਧ-ਚਾਹ ਦੀਆਂ ਦੁਕਾਨਾਂ ਨੂੰ ਛੱਡ ਕੇ ਹੋਰ ਕਾਰੋਬਾਰ ਬੰਦ ਰਹੇ| ਸਕੂਲ ਖੁੱਲ੍ਹੇ ਹੋਣ ਦੇ ਬਾਵਜੂਦ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਘੱਟ ਰਹੀ|

Leave a Reply

Your email address will not be published. Required fields are marked *