ਭਾਰਤ ਬੰਦ ਦੌਰਾਨ ਦੇਸ਼ ਭਰ ਵਿੱਚ ਵੱਖ ਵੱਖ ਥਾਵਾਂ ਤੇ ਹਿੰਸਾ ਅਤੇ ਅੱਗਜਨੀ ਦੀਆਂ ਘਟਨਾਵਾਂ ਵਾਪਰੀਆਂ, 3 ਵਿਅਕਤੀਆਂ ਦੀ ਮੌਤ

ਦਿੱਲੀ, 2 ਅਪ੍ਰੈਲ (ਸ.ਬ.) ਸੁਪਰੀਮ ਕੋਰਟ ਵਲੋਂ ਅਨੁਸੂਚਿਤ ਜਾਤੀ-ਜਨਜਾਤੀ ਐਕਟ ਵਿੱਚ ਦਰਜ ਮਾਲਿਆਂ ਦੌਰਾਨ ਕੀਤੀ ਜਾਣ ਵਾਲੀ ਪੁਲੀਸ ਕਾਰਵਾਈ ਸੰਬੰਧੀ ਦਿੱਤੀਆਂ ਗਈਆਂ ਹਿਦਾਇਤਾਂ ਦੇ ਵਿਰੋਧ ਵਿੱਚ ਦਲਿਤ ਸੰਗਠਲਾਂ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਦੌਰਾਨ ਦੇਸ਼ ਭਰ ਵਿੰਚ ਹਿੰਸਾ ਅਤੇ ਅੱਗਜਨੀ ਦੀਆਂ ਵਾਰਦਾਤਾਂ ਦੀ ਖਬਰ ਹੈ| ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿੱਚ ਗੋਲੀਬਾਰੀ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਸਥਾਨਕ ਰਾਮਨਗਰ ਵਾਸੀ ਰਾਹੁਲ ਪਾਠਕ (20) ਦੇ ਤੌਰ ਤੇ ਹੋਈ ਹੈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਨੌਜਵਾਨ ਰਾਹੁਲ ਪਾਠਕ ਬੰਦ ਦੌਰਾਨ ਆਪਣੇ ਘਰ ਦੇ ਬਾਹਰ ਖੜ੍ਹਾ ਸੀ| ਇਸ ਦੌਰਾਨ ਉਸ ਨੂੰ ਪ੍ਰਦਰਸ਼ਨਕਾਰੀਆਂ ਦੀ ਗੋਲੀ ਲੱਗ ਗਈ| ਉਸ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ| ਮੁਰੈਨਾ ਵਿੱਚ ਜਾਰੀ ਹਿੰਸਕ ਪ੍ਰਦਰਸ਼ਨਾਂ, ਗੋਲੀਬਾਰੀ, ਅੱਗਜਨੀ ਅਤੇ ਪਥਰਾਅ ਕਾਰਨ ਧਾਰਾ 144 ਲਾਗੂ ਕਰ ਦਿੱਤੀ ਗਈ ਹੈ| ਪਥਰਾਅ ਵਿੱਚ ਕਈ ਪੁਲੀਸ ਕਰਮਚਾਰੀਆਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ|
ਇਸ ਦੌਰਾਨ ਗਵਾਲੀਅਰ ਵਿੱਚ ਵੀ ਫਾਇਰਿੰਗ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ| ਗਵਾਲੀਅਰ ਦੇ ਕੁਝ ਇਲਾਕਿਆਂ ਵਿੱਚ ਕਰਫਿਊ ਲੱਗਾ ਦਿੱਤਾ ਗਿਆ ਹੈ| ਹਾਪੁੜ ਵਿੱਚ ਪ੍ਰਦਰਸ਼ਨਕਾਰੀਆਂ ਨੇ ਰੋਡਵੇਜ਼ ਬੱਸਾਂ ਸਮੇਤ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ| ਦੁਕਾਨ ਬੰਦ ਕਰਨ ਦੌਰਾਨ ਪ੍ਰਦਰਸ਼ਕਾਰੀਆਂ ਦੀ ਇਕ ਦੁਕਾਨਦਾਰ ਨਾਲ ਝੜਪ ਹੋ ਗਈ| ਪ੍ਰਦਰਸ਼ਨਕਾਰੀਆਂ ਨੇ ਦੁਕਾਨਦਾਰ ਨੂੰ ਸਿਰ ਤੇ ਗੋਲੀ ਮਾਰ ਦਿੱਤੀ| ਜ਼ਖਮੀ ਦੁਕਾਨਦਾਰ ਨੂੰ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ| ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ| ਉਨ੍ਹਾਂ ਨੇ ਗੱਡੀਆਂ ਵਿੱਚ ਬੈਠੀਆਂ ਔਰਤਾਂ ਅਤੇ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਅਤੇ ਪੁਲੀਸ ਤੇ ਵੀ ਪੱਥਰਾਅ ਕੀਤਾ ਗਿਆ|
ਰਾਜਸਥਾਨ ਵਿੱਚ ਬੰਦ ਦੌਰਾਨ ਬਾਜ਼ਾਰ ਬੰਦ ਕਰਵਾਉਣ ਨੂੰ ਲੈ ਕੇ ਵੱਖ ਵੱਖ ਸ਼ਹਿਰਾਂ ਵਿੱਚ ਹਿੰਸਕ ਝੜਪਾਂ, ਅੱਗਜਨੀ ਅਤੇ ਭੰਨ-ਤੋੜ ਦੀਆਂ ਵਾਰਦਾਤਾਂ ਹੋਈਆਂ| ਅਲਵਰ ਵਿੱਚ ਬੰਦ ਦੌਰਾਨ ਫਾਇਰਿੰਗ ਹੋਣ ਨਾਲ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ|ਬੰਦ ਸਮਰਥਕਾਂ ਨੇ ਜੈਪੁਰ-ਦਿੱਲੀ ਰੇਲ ਮਾਰਗ ਤੇ ਰਾਜਧਾਨੀ ਦੇ ਗਾਂਧੀਨਗਰ ਅਤੇ ਅਲਵਰ ਵਿੱਚ ਰੇਲਾਂ ਰੋਕ ਦਿੱਤੀਆਂ| ਸੂਬੇ ਦੇ ਸਰਹੱਦੀ ਬਾੜਮੇਰ ਸ਼ਹਿਰ ਵਿੱਚ ਬੰਦ ਸਮਰਥਕਾਂ ਵੱਲੋਂ ਦੁਕਾਨਾਂ ਵਿੱਚ ਲੁੱਟਖੋਹ ਅਤੇ ਭੰਨ-ਤੋੜ ਕਰਨ ਦੌਰਾਨ ਪੁਲੀਸ ਨੂੰ ਹੰਝੂ ਗੈਸ ਦੇ ਗੋਲੇ ਵੀ ਛੱਡਣੇ ਪਏ|
ਜੈਪੁਰ ਵਿੱਚ ਭੀਮ ਸੈਨਾ ਅਤੇ ਹੋਰ ਦਲਾਂ ਦੇ ਵਰਕਰਾਂ ਨੇ ਹੱਥਾਂ ਵਿੱਚ ਡੰਡੇ ਲੈ ਕੇ ਜ਼ਬਰਨ ਬਾਜ਼ਾਰ ਬੰਦ ਕਰਵਾਏ| ਇਸ ਦੌਰਾਨ ਬੰਦ ਸਮਰਥਕਾਂ ਅਤੇ ਵਪਾਰੀਆਂ ਵਿੱਚ ਝੜਪਾਂ ਵੀ ਹੋਈਆਂ| ਸੰਜੇ ਨਗਰ ਇਲਾਕੇ ਵਿੱਚ ਬੰਦ ਸਮਰਥਕਾਂ ਨੇ 2 ਦੁਕਾਨਾਂ ਵਿੱਚ ਭੰਨ-ਤੋੜ ਕੀਤੀ| ਬੰਦ ਦਾ ਜ਼ਿਆਦਾਤਰ ਅਸਰ ਜੈਪੁਰ ਵਿੱਚ ਆਵਾਜਾਈ ਤੇ ਪਿਆ ਜਿਸ ਕਾਰਨ ਰੇਲ, ਮੈਟਰੋ ਅਤੇ ਯਾਤਰੀ ਬੱਸਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ|
ਉਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਅੱਗਜ਼ਨੀ ਅਤੇ ਭੰਨ੍ਹਤੋੜ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ| ਗਾਜੀਆਬਾਦ ਵਿੱਚ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਾਲਾ ਫਾਟਕ ਨੇੜੇ ਰੇਲਵੇ ਟਰੈਕ ਤੇ ਭੀੜ ਨੇ ਪੁਲੀਸ ਦੀ ਬਾਈਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ| ਜਿਸ ਤੋਂ ਬਾਅਦ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਲਾਠੀਚਾਰਜ ਵੀ ਕੀਤਾ|
ਬਿਹਾਰ ਵਿੱਚ ਆਰਾ, ਅਰਰੀਆ, ਫਾਰਬਿਸਗੰਜ ਅਤੇ ਜਹਾਨਾਬਾਦ ਵਿੱਚ ਪ੍ਰਦਰਸ਼ਨਕਾਰੀਆਂ ਨੇ ਟ੍ਰੇਨਾਂ ਰੋਕ ਦਿੱਤੀਆਂ ਹਨ| ਰਾਜ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜ ਕੇ ਅਤੇ ਸੜਕਾਂ ਤੇ ਜਾਮ ਲਗਾ ਕੇ ਆਪਣਾ ਗੁੱਸਾ ਦਿਖਾਇਆ| ਸੜਕਾਂ ਤੇ ਜਾਮ ਅਤੇ ਟ੍ਰੇਨਾਂ ਰੋਕੇ ਜਾਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ|

Leave a Reply

Your email address will not be published. Required fields are marked *