ਭਾਰਤ ਬੰਦ ਨੂੰ ਪੰਜਾਬ ਵਿੱਚ ਰਲਿਆ ਮਿਲਿਆ ਹੁੰਗਾਰਾ

ਭਾਰਤ ਬੰਦ ਨੂੰ ਪੰਜਾਬ ਵਿੱਚ ਰਲਿਆ ਮਿਲਿਆ ਹੁੰਗਾਰਾ
ਕਈ ਥਾਵਾਂ ਤੇ ਰੈਲੀਆਂ, ਸੜਕਾਂ ਜਾਮ, ਟ੍ਰੇਨਾਂ ਰੋਕੀਆਂ, ਹਿੰਸਕ ਘਟਨਾਵਾਂ
ਚੰਡੀਗੜ੍ਹ 2 ਅਪ੍ਰੈਲ (ਸ.ਬ.) ਸੁਪਰੀਮ ਕੋਰਟ ਵਲੋਂ ਐਸ.ਸੀ./ਐਸ.ਟੀ. ਐਕਟ ਦੇ ਖਿਲਾਫ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਪੰਜਾਬ ਵਿੱਚ ਰਲਿਆ ਮਿਲਿਆ ਅਸਰ ਵੇਖਣ ਨੂੰ ਮਿਲਿਆ| ਇਸ ਦੌਰਾਨ ਸਰਕਾਰ ਵਲੋਂ ਸੂਬੇ ਵਿੱਚ ਸੁਰਖਿਆ ਪ੍ਰਬੰਧਾਂ ਤਹਿਤ ਭਾਰੀ ਗਿਣਤੀ ਵਿੱਚ ਪੁਲੀਸ ਦੀ ਤਾਇਨਾਤੀ ਕੀਤੀ ਗਈ ਹੈ| ਬੰਦ ਨੂੰ ਮੁੱਖ ਰੱਖਦਿਆਂ ਜਿੱਥੇ ਬੱਸ ਅਤੇ ਮੋਬਾਇਲ ਇੰਟਰਨੈਟ ਸੇਵਾ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ| ਸੀ.ਬੀ.ਐਸ.ਈ. ਨੇ ਰਾਜ ਵਿੱਚ ਜਮਾਤ 10ਵੀਂ ਅਤੇ 12ਵੀਂ ਦੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ|
ਜਲੰਧਰ ਵਿਖੇ ਬੰਦ ਦਾ ਭਰਪੂਰ ਅਸਰ ਵਿਖਿਆ ਜਿੱਥੇ ਦਲਿਤ ਭਾਈਚਾਰੇ ਵੱਲੋਂ ਭਾਰੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ| ਜਲੰਧਰ ਵਿੱਚ ਕੰਪਨੀ ਬਾਗ, ਨਾਮਦੇਵ ਚੌਕ, ਫੁੱਟਬਾਲ ਚੌਕ, ਬਬਰੀਕ ਚੌਕ, ਅੰਬੇਡਕਰ ਚੌਕ ਸਮੇਤ ਕਈ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ| ਜਲੰਧਰ ਦੇ ਪਠਾਨਕੋਟ ਬਾਈਪਾਸ ਵਿੱਚ ਇਕੱਠੀ ਹੋਈ ਭੀੜ ਨੇ ਸੜਕ ਜਾਮ ਕਰ ਦਿੱਤੀ| ਬੰਦ ਦੌਰਾਨ ਵਾਲਮੀਕ ਟਾਈਗਰ ਫੋਰਸ ਦੇ ਵਰਕਰ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 1 ਤੇ ਪਹੁੰਚ ਗਏ| ਇਸ ਦੌਰਾਨ ਪਲੇਟਫ਼ਾਰਮ ਤੇ ਖੜੀਆਂ ਔਰਤਾਂ ਡਰਦੀਆਂ ਹੋਈਆਂ ਖੜੀਆਂ ਟਰੇਨਾਂ ਵਿੱਚ ਚੜ ਗਈਆਂ ਤੇ ਕੁੱਝ ਰੇਲਵੇ ਦੇ ਦਫ਼ਤਰਾਂ ਵਿੱਚ ਵੜ ਗਈਆਂ| ਤਕਰੀਬਨ ਅੱਧਾ ਘੰਟਾ ਮਗਰੋਂ ਵਾਲਮੀਕ ਟਾਈਗਰ ਫੋਰਸ ਦੇ ਵਰਕਰਾਂ ਦੇ ਜਾਣ ਤੋਂ ਬਾਅਦ ਔਰਤਾਂ ਬਾਹਰ ਆਈਆਂ|
ਬਠਿੰਡਾ ਵਿੱਚ ਦੋ ਥਾਵਾਂ ਤੇ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ| ਬਠਿੰਡਾ ਦੀ ਏ. ਸੀ. ਮਾਰਕੀਟ ਦੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਦਰਵਾਜ਼ੇ ਤੋੜ ਦਿੱਤੇ ਗਏ ਅਤੇ ਬਸ ਸਟੈਂਡ ਕੋਲ ਹੌਂਡਾ ਸ਼ੋਅ ਰੂਮ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਵੀ ਭੰਨ ਤੋੜ ਕਰ ਦਿੱਤੀ ਗਈ| ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਵਿੱਚ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਸਰਕਾਰ ਖਿਲਾਫ ਸੜਕਾਂ ਤੇ ਉਤਰ ਆਏ ਅਤੇ ਬਠਿੰਡਾ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਹਨ ਜਦੋਂਕਿ ਕਈ ਥਾਵਾਂ ਤੇ ਜ਼ਬਰਨ ਦੁਕਾਨਾਂ ਬੰਦ ਕਰਵਾਈਆਂ ਗਈਆਂ|
ਬਰਨਾਲਾ ਵਿਖੇ ਬੰਦ ਦਾ ਪੂਰਾ ਅਸਰ ਵਿਖਿਆ| ਸ਼ਹਿਰ ਦੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ਬੰਦ ਰਹੀਆਂ| ਦਲਿਤ ਸਮਾਜ ਦੇ ਆਗੂਆਂ ਵਲੋਂ ਸ਼ਹਿਰ ਵਿਚ ਪ੍ਰਦਰਸ਼ਨ ਕਰ ਕੇ ਖੁੱਲ੍ਹੇ ਬੈਂਕਾਂ ਅਤੇ ਡਾਕਘਰਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ| ਸ਼ਹਿਰ ਦੇ ਵਾਲਮੀਕ ਚੌਕ, ਸੰਘੇੜਾ ਅਤੇ ਹੰਡਿਆਇਆ ਮੇਨ ਚੌਂਕਾਂ ਵਿਖੇ ਵੱਡੇ ਗਿਣਤੀ ਵਿੱਚ ਲੋਕਾਂ ਵਲੋਂ ਜਾਮ ਲਾਏ ਗਏ|
ਫ਼ਾਜ਼ਿਲਕਾ ਵਿੱਚ ਵੀ ਬੰਦ ਨੂੰ ਪੂਰਾ ਸਮਰਥਨ ਮਿਲਿਆ ਅਤੇ ਫ਼ਾਜ਼ਿਲਕਾ ਪੂਰੀ ਤਰ੍ਹਾ ਨਾਲ ਬੰਦ ਰਿਹਾ| ਵੱਡੀ ਗਿਣਤੀ ਵਿੰਚ ਅਤੇ ਹਜਾਰਾਂ ਦੀ ਗਿਣਤੀ ਵਿਚ ਦਲਿਤ ਸਮਾਜ ਨਾਲ ਸਬੰਧਿਤ ਲੋਕਾਂ ਵਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ|
ਨਵਾਂਸ਼ਹਿਰ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਸੜਕਾਂ ਤੇ ਉਤਰ ਆਏ| ਦਲਿਤ ਭਾਈਚਾਰੇ ਨੇ ਜਲੰਧਰ-ਚੰਡੀਗੜ੍ਹ ਹਾਈਵੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ| ਦਲਿਤ ਭਾਈਚਾਰੇ ਨੇ ਰੇਲ ਟ੍ਰੈਫਿਕ ਵਖੀ ਰੋਕ ਲਿਆ ਅਤੇ ਰੇਲਵੇ ਪੱਟੜੀ ਤੇ ਬੈਠ ਗਏ|
ਬੰਦ ਦੌਰਾਨ ਫਗਵਾੜਾ ਪੁਲੀਸ ਛਾਉਣੀ ਵਿੱਚ ਤਬਦੀਲ ਹੋਇਆ ਨਜ਼ਰ ਆਇਆ| ਇਸ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਵੱਡੀ ਗਿਣਤੀ ਵਿੱਚ ਦਲਿਤ ਸਗੰਠਨ ਦੇ ਲੋਕ ਸੜਕਾਂ ਤੇ ਉਤਰੇ| ਪ੍ਰਦਰਸ਼ਨ ਦੌਰਾਨ ਫਗਵਾੜਾ ਵਿੱਚ ਸਥਿਤੀ ਉਸ ਸਮੇਂ ਤਣਾਅਪੂਰ ਹੋ ਗਈ ਜਦੋਂ ਫਗਵਾੜਾ-ਹੁਸ਼ਿਆਰਪੁਰ ਰੋਡ ਤੇ ਸਥਿਤ ਇਕ ਪੈਟਰੋਲ ਪੰਪ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ| ਇਸ ਦੌਰਾਨ ਹਮਲਾਵਰਾਂ ਵਲੋਂ ਪੈਟਰੋਲ ਪੰਪ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ| ਇਥੇ ਹੀ ਬਸ ਨਹੀਂ ਇਸ ਪ੍ਰਦਰਸ਼ਨ ਦੌਰਾਨ ਫਗਵਾੜਾ-ਬੰਗਾ ਰੋਡ ਤੇ ਸਥਿਤ ਇਕ ਦੁਕਾਨ ਤੇ ਹਮਲਾ ਕਰਕੇ ਦੁਕਾਨ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ|
ਭਾਰਤ ਬੰਦ ਦੇ ਕਾਰਨ ਕਈ ਥਾਵਾਂ ਤੇ ਬਾਜ਼ਾਰ ਬੰਦ ਹਨ ਪਰ ਗੋਰਾਇਆ ਵਿੱਚ ਪੁਲਸ ਦੇ ਰਵੱਈਏ ਦੇ ਚਲਦਿਆਂ ਮਾਹੌਲ ਤਣਾਅਪੂਰਨ ਬਣ ਗਿਆ ਅਤੇ ਦੁਕਾਨਦਾਰਾਂ ਨੇ ਪੁਲੀਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ| ਜਾਣਕਾਰੀ ਮੁਤਾਬਕ ਗੋਰਾਇਆ ਪੁਲੀਸ ਵੱਲੋਂ ਖੁਦ ਹੀ ਗੋਰਾਇਆ ਵਿੱਚ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ ਅਤੇ ਦੁਕਾਨਦਾਰਾਂ ਦੇ ਨਾਲ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ| ਇਕ ਨਿਊਜ਼ ਪੇਪਕ ਹਾਕਰ ਨੂੰ ਥਾਣਾ ਗੋਰਾਇਆ ਦੇ ਥਾਣਾ ਇੰਚਾਰਜ ਨੇ ਧਮਕੀ ਭਰੇ ਲਹਿਜ਼ੇ ਵਿੱਚ ਦੁਕਾਨ ਬੰਦ ਕਰਨ ਨੂੰ ਕਿਹਾ| ਇਸ ਤੋਂ ਬਾਅਦ ਕੁਝ ਹੋਰ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ, ਜਿਸ ਨਾਲ ਦੁਕਾਨਦਾਰ ਭੜਕ ਗਏ| ਸਾਰੇ ਇਕਜੁਟ ਹੋ ਕੇ ਪੁਲੀਸ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ| ਮਾਹੌਲ ਵਿਗੜਨ ਤੋਂ ਬਾਅਦ ਡੀ.ਐਸ.ਪੀ. ਫਿਲੌਰ, ਐਸ.ਡੀ.ਐਮ. ਫਿਲੌਰ ਮੌਕੇ ਤੇ ਪਹੁੰਚੇ ਅਤੇ ਸਾਬਕਾ ਕੌਂਸਲਰ ਸੁਦੇਸ਼ ਬਿੱਲਾ ਦੁਕਾਨਦਾਰਾਂ ਦੇ ਕੋਲ ਆਇਆ, ਜਿਨ੍ਹਾਂ ਨੇ ਬੰਦ ਦੇ ਲਈ ਸਹਿਯੋਗ ਮੰਗਿਆ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ| ਪਟਿਆਲਾ ਵਿੱਚ ਪ੍ਰਦਰਸ਼ਨਕਾਰੀਆਂ ਵਲੋਂ ਰੇਲ ਗੱਡੀਆਂ ਰੋਕਣ ਕਾਰਨ ਰੇਲ ਮਾਰਗ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ| ਦਲਿਤ ਭਾਈਚਾਰੇ ਦੇ ਲੋਕਾਂ ਨੇ ਸੜਕਾਂ ਤੇ ਨਾਅਰੇਬਾਜੀ ਕੀਤੀ ਜਿਸ ਦੇ ਮੱਦੇਨਜ਼ਰ ਸਾਰੇ ਬਾਜ਼ਾਰ ਪ੍ਰਸ਼ਾਸਨ ਨੇ ਮੁਕੰਮਲ ਬੰਦ ਕਰਵਾ ਦਿੱਤੇ|
ਲੁਧਿਆਣਾ ਵਿੱਚ ਪ੍ਰਦਰਸ਼ਨ ਦੌਰਾਨ ਫੈਕਟਰੀਆਂ ਨੂੰ ਬੰਦ ਕਰਵਾ ਦਿੱਤਾ ਗਿਆ| ਲੁਧਿਆਣਾ ਦੇ ਸਾਰੇ ਬਾਜ਼ਾਰ ਵੀ ਬੰਦ ਰਹੇ| ਸ਼ਹਿਰ ਦੇ ਭਾਰਤ ਨਗਰ ਚੌਂਕ ਵਿੱਚ ਪ੍ਰਦਰਸ਼ਨਕਾਰੀਆਂ ਵਲੋਂ ਸਰਕਾਰ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ|
ਬੰਦ ਦੌਰਾਨ ਗੁਰੂਹਰਸਹਾਏ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ| ਸ਼ਹਿਰ ਦੇ ਪੈਟਰੋਲ ਪੰਪ, ਬੱਸ ਸਰਵਿਸ ਵੀ ਬੰਦ ਰਹੀਆਂ| ਵਾਲਮੀਕਿ ਭਾਈਚਾਰੇ ਨੇ ਰੇਲਵੇ ਪਾਰਕ ਵਿੱਚ ਇਕੱਠੇ ਹੋ ਕੇ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਅਤੇ ਸਥਾਨਕ ਲਾਈਟਾਂ ਵਾਲਾ ਚੌਕ ਤੇ ਰੋਡ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਹੱਥ ਵਿੱਚ ਕਾਲੇ ਝੰਡੇ ਲੈ ਕੇ ਨਾਅਰੇਬਾਜ਼ੀ ਕੀਤੀ|
ਅੰਮ੍ਰਿਤਸਰ ਵਿੱਚ ਦਲਿਤ ਭਾਈਚਾਰੇ ਦਾ ਤਿੱਖਾ ਸੰਘਰਸ਼ ਦੇਖਣ ਨੂੰ ਮਿਲਿਆ| ਅੰਮ੍ਰਿਤਸਰ ਰੂਟ ਤੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ| ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਸਥਿਤ ਕੇਂਦਰੀ ਮੰਦਰ ਵਿੱਚ ਦਲਿਤ ਸੰਗਠਨਾਂ ਦੀ ਬੈਠਕ ਹੋਈ| ਇਸ ਤੋਂ ਬਾਅਦ ਕਰੀਬ 100-150 ਮੋਟਸਾਈਕਲਾਂ ਤੇ 3-3 ਨੌਜਵਾਨ ਸਵਾਰ ਹੋ ਕੇ ਹੁੱਲੜਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ, ਜਿਨ੍ਹਾਂ ਦੇ ਹੱਥਾਂ ਵਿੱਚ ਝੰਡੇ ਤੇ ਲਾਠੀਆਂ ਸਨ| ਸ਼ਹਿਰ ਦੇ ਲਾਰੇਂਸ ਰੋਡ ਚੌਂਕ, ਹਾਲ ਬਜ਼ਾਰ, ਪੁਤਲੀ ਘਰ, ਇਸਲਾਮਾਬਾਦ, ਰਾਣੀ ਦਾ ਬਾਗ, ਗ੍ਰੀਨ ਐਵੀਨਿਓ, ਬਸੰਤ ਐਵੀਨਿਓ, ਰੰਜੀਤ ਐਵੀਨਿਓ ਵਿੱਚ ਮੋਟਰਸਾਈਕਲ ਸਵਾਰ ਹੁੱਲੜਬਾਜ਼ੀ ਕਰਦੇ ਦਿਖਾਈ ਦਿੱਤੇ|

Leave a Reply

Your email address will not be published. Required fields are marked *