ਭਾਰਤ ਵਿੱਚ ਇੱਕ ਕਰੋੜ 44 ਲੱਖ ਬੱਚੇ ਮੋਟਾਪੇ ਦਾ ਸ਼ਿਕਾਰ : ਉਪਿੰਦਰਪ੍ਰੀਤ

ਭਾਰਤ ਵਿੱਚ ਇੱਕ ਕਰੋੜ 44 ਲੱਖ ਬੱਚੇ ਮੋਟਾਪੇ ਦਾ ਸ਼ਿਕਾਰ : ਉਪਿੰਦਰਪ੍ਰੀਤ
ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਡੀਏਵੀ ਸਕੂਲ ਵਿੱਚ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਐਸ.ਏ.ਐਸ ਨਗਰ, 2 ਨਵੰਬਰ (ਸ.ਬ.) ਜਨਰੇਸ਼ਨ ਸੇਵੀਅਰ   ਐਸੋਸੀਏਸ਼ਨ ਵੱਲੋਂ ਅੱਜ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੁਹਾਲੀ ਵਿਖੇ ‘ਚੀਨੀ ਯੁਕਤ ਠੰਢਿਆਂ ਦੇ ਸਰੀਰ ਤੇ ਪ੍ਰਭਾਵ ਅਤੇ ਬਾਲ ਮੋਟਾਪਾ’ ਵਿਸ਼ੇ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਤਕਰੀਬਨ 250 ਵਿਦਿਆਰਥੀਆਂ ਅਤੇ ਸਟਾਫ ਨੇ ਹਿੱਸਾ ਲਿਆ| ਇਸ ਮੌਕੇ ਬੋਲਦਿਆਂ ਸੰਸਥਾ ਦੀ ਪ੍ਰਧਾਨ ਅਤੇ ਫੇਜ਼ 11 ਤੋਂ ਮਿਉਂਸਪਲ ਕੌਂਸਲਰ ਬੀਬੀ ਉਪਿੰਦਰ ਪ੍ਰੀਤ ਕੌਰ ਨੇ ਵਿਦਿਆਰਥੀਆਂ ਕਿਹਾ ਕਿ ਭਾਰਤ ਵਿੱਚ ਤਕਰੀਬਨ 1 ਕਰੋੜ 44 ਲੱਖ ਬੱਚੇ ਮੋਟਾਪੇ ਦਾ ਸ਼ਿਕਾਰ ਹਨ ਅਤੇ ਇਸ ਦਾ ਮੁੱਖ ਕਾਰਨ ਚੀਨੀ ਯੁਕਤ ਪੀਣ ਵਾਲੇ ਪਦਾਰਥ ਅਤੇ ਜੰਕ ਫੂਡ ਹਨ| ਉਹਨਾਂ ਕਿਹਾ ਕਿ ਬਾਜ਼ਾਰ ਵਿੱਚ ਸਾਫਟ ਡਰਿੰਕਸ, ਸਪੋਰਟਸ ਡਰਿੰਕਸ, ਫਰੂਟ ਡਰਿੰਕਸ, ਐਨਰਜੀ ਡਰਿੰਕਸ, ਫਲੇਵਰਡ ਵਾਟਰ,  ਫਲੇਵਰਡ ਮਿਲਕ ਆਦਿ ਨਾਵਾਂ ਥੱਲੇ ਸ਼ੂਗਰੀ ਡਰਿੰਕਸ ਮੌਜੂਦ ਹਨ ਜੋ ਬਾਲਗਾਂ ਦੇ ਨਾਲ ਨਾਲ ਬੱਚਿਆਂ ਵਿੱਚ ਵੀ ਮੋਟਾਪੇ ਦਾ ਕਾਰਨ ਬਣ ਰਹੇ ਹਨ| ਉਹਨਾਂ ਕਿਹਾ ਕਿ ਇੱਕ 600 ਮਿਲੀਲੀਟਰ ਠੰਢੇ ਦੀ ਬੋਤਲ ਵਿੱਚ 16 ਚਮਚੇ ਸ਼ੂਗਰ ਹੁੰਦੀ ਹੈ ਅਤੇ ਇਹ ਡਬਲਿਊ.ਐਚ.ਓ. ਵੱਲੋਂ ਬਾਲਗਾਂ ਲਈ ਦੱਸੀ 12 ਚਮਚੇ ਪੂਰੇ ਦਿਨ ਦੀ ਸ਼ੂਗਰ ਤੋਂ ਕਿਤੇ ਜ਼ਿਆਦਾ ਹੈ| ਉਹਨਾਂ ਦਾਅਵਾ ਕੀਤਾ ਕਿ ਅੱਜ ਦੇ ਸਮੇਂ ਵਿੱਚ ਸੂਗਰੀ ਡਰਿੰਕਸ ਮੁੱਖ ਤੌਰ ਤੇ ਮੋਟਾਪੇ, ਟਾਈਪ-2 ਸ਼ੂਗਰ, ਦਿਲ ਦੀਆਂ ਬਿਮਾਰੀਆਂ, ਦੰਦਾਂ ਦੀਆਂ ਸਮੱਸਿਆਵਾਂ ਆਦਿ ਦਾ ਮੁੱਖ ਕਾਰਨ ਹਨ| ਉਹਨਾਂ ਕਿਹਾ ਕਿ ਬੱਚਿਆਂ ਵਿੱਚ ਕੋਲੈਸਟ੍ਰੋਲ ਵਿੱਚ ਵਾਧਾ, ਬਲੱਡ ਪ੍ਰੈਸ਼ਰ ਦਾ ਵਧਣਾ, ਸੌਣ ਵਿੱਚ ਦਿੱਕਤ ਅਤੇ ਹੱਡੀਆਂ ਦਾ ਸਮੱਸਿਆਵਾਂ ਪੈਦਾ ਹੋਣ ਦਾ ਕਾਰਨ ਵੀ ਸ਼ੂਗਰੀ ਡਰਿੰਕਸ ਬਣ ਰਹੇ ਹਨ ਅਤੇ ਸ਼ਹਿਰੀਕਰਨ, ਅਸੰਤਲਿਤ ਭੋਜਨ, ਤੇਲ ਅਤੇ ਚਿਪਸ ਦੀ ਜ਼ਿਆਦਾ ਵਰਤੋਂ, ਸਰੀਰਕ ਗਤੀਵਿਧੀਆਂ ਦਾ ਘਟ ਜਾਣਾ ਅਤੇ ਟੀਵੀ, ਫੋਨ ਅਤੇ ਜ਼ਿਆਦਾ ਵੀਡੀਓ ਗੇਮਾਂ ਖੇਡਣਾ ਵੀ ਬੱਚਿਆਂ ਵਿੱਚ ਮੋਟਾਪੇ ਦੀ ਵਜ੍ਹਾ ਬਣ ਰਿਹਾ ਹੈ| ਉਹਨਾਂ ਇਹਨਾਂ ਸਮੱਸਿਆਵਾਂ ਦਾ ਹੱਲ ਦੱਸਦਿਆਂ ਕਿਹਾ ਕਿ ਸਾਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਰੋਜ਼ਾਨਾ ਪੈਦਲ ਚੱਲਣਾ, ਦੌੜਨਾ ਅਤੇ ਪੌੜੀਆਂ ਚੜ੍ਹਨਾ ਚਾਹੀਦਾ ਹੈ| ਉਹਨਾਂ ਰੋਜ਼ਾਨਾ ਸਾਈਕਲ ਚਲਾਉੁਣ ਦੀ ਆਦਤ ਨੂੰ ਵੀ ਬਹੁਤ ਲਾਭਕਾਰੀ ਦੱਸਿਆ|

Leave a Reply

Your email address will not be published. Required fields are marked *