ਭਾਰੀ ਗਰਮੀ ਤੋਂ ਬਾਅਦ ਆਫਤ ਦਾ ਮੀਂਹ

ਭਾਰੀ ਗਰਮੀ ਤੋਂ ਬਾਅਦ ਆਫਤ ਦਾ ਮੀਂਹ
ਡੇਰਾਬਸੀ ਵਿੱਚ ਮਾਰਕੀਟਾਂ ਅਤੇ ਘਰਾਂ ਵਿੱਚ ਵੜਿਆ ਪਾਣੀ
ਐਸ ਏ ਐਸ ਨਗਰ, 21 ਜੁਲਾਈ (ਸ.ਬ.) ਸ਼ੁੱਕਰਵਾਰ ਨੂੰ ਭਾਰੀ ਗਰਮੀ ਤੋਂ ਬਾਅਦ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ ਇੱਕ ਘੰਟਾ ਪਈ ਬਾਰਿਸ਼ ਨੇ ਜਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਜਲ ਥਲ ਕਰ ਦਿੱਤਾ| ਮੀਂਹ ਤੋਂ ਬਾਅਦ ਜਿਲ੍ਹੇ ਦੇ ਡਰੇਨ ਸਿਸਟਮ ਅਤੇ ਰੇਨ ਵਾਟਰ ਦੇ ਨਿਕਾਸੀ ਪ੍ਰਬੰਧਾਂ ਤੇ ਸਵਾਲ ਖੜ੍ਹੇ ਹੋਏ ਹਨ| ਹਾਲਾਂਕਿ ਮੁਹਾਲੀ ਵਿੱਚ ਜਲ ਭਰਾਵ ਦੀ ਖਬਰ ਨਹੀਂ ਹੈ ਪਰ ਡੇਰਾਬਸੀ ਇਲਾਕੇ ਵਿੱਚ ਕਈ ਥਾਵਾਂ ਤੇ ਪਾਣੀ ਖੜ੍ਹਾ ਹੋ ਗਿਆ| ਜਦੋਂਕਿ ਕਈ ਥਾਵਾਂ ਤੇ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜਨ ਦਾ ਸਮਾਚਾਰ ਮਿਲਿਆ ਹੈ| ਖਬਰ ਲਿਖੇ ਜਾਣ ਤੱਕ ਲੋਕ ਆਪਣੇ ਘਰਾਂ ਵਿਚੋਂ ਪਾਣੀ ਕੱਢਣ ਵਿੱਚ ਜੁਟੇ ਹੋਏ ਸਨ| ਜਦੋਂਕਿ ਇਹੀ ਹਾਲਾਤ ਇਸੇ ਇਲਾਕੇ ਦੀਆਂ ਮਾਰਕੀਟਾਂ ਦੇ ਵੀ ਰਹੇ, ਜਿੱਥੇ ਮੀਂਹ ਦੇ ਪਾਣੀ ਕਾਰਨ ਦੋ ਪਹੀਆ ਵਾਹਨ ਪਾਣੀ ਵਿੱਚ ਅੱਧ ਤੱਕ ਡੁੱਬੇ ਦਿਖਾਈ ਦਿੱਤੇ| ਇਸ ਦੌਰਾਨ ਮਾਰਕੀਟ ਆਉਣ ਅਤੇ ਜਾਣ ਦੇ ਰਸਤੇ ਪਾਣੀ ਨਾਲ ਭਰ ਗਏ ਅਤੇ ਲੋਕਾਂ ਨੂੰ ਪੈਦਲ ਲੰਘਣ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ| ਦੱਸਣਾ ਬਣਦਾ ਹੈ ਕਿ ਦੁਪਿਹਰ 2 ਵਜੇ ਦੇ ਕਰੀਬ ਜਿਲ੍ਹੇ ਵਿੱਚ ਬਾਰਿਸ਼ ਵਾਲਾ ਮਾਹੌਲ ਬਣ ਗਿਆ| ਪਰ ਬਾਰਿਸ਼ ਦੀ ਸ਼ੁਰੂਆਤ ਡੇਰਾਬਸੀ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਹੋਈ| ਇਸ ਤੋਂ ਅੱਧਾ ਘੰਟਾ ਬਾਅਦ ਮੁਹਾਲੀ ਵਿੱਚ ਵੀ ਬਾਰਿਸ਼ ਸ਼ੁਰੂ ਹੋ ਗਈ ਅਤੇ ਕਰੀਬ ਅੱਧਾ ਘੰਟਾ ਮੀਂਹ ਪੈਦਾ ਰਿਹਾ| ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ| ਮੌਸਮ ਵਿਭਾਗ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਬਾਰਿਸ਼ ਮਿਣਤੀ ਸ਼ਾਮ ਨੂੰ ਤੈਅ ਕੀਤੀ ਜਾਵੇਗੀ| ਉਧਰ ਬਾਰਿਸ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ ਤੇ ਵੀ ਰੌਣਕ ਪਰਤ ਆਈ ਹੈ|

Leave a Reply

Your email address will not be published. Required fields are marked *