ਭਾਰੀ ਬਰਸਾਤ ਕਾਰਨ ਸ਼ਹਿਰ ਵਿੱਚ ਹੋਈ ਜਲ ਥਲ, ਦਰਖਤ ਡਿੱਗੇ, ਆਵਾਜਾਈ ਪ੍ਰਭਾਵਿਤ

ਭਾਰੀ ਬਰਸਾਤ ਕਾਰਨ ਸ਼ਹਿਰ ਵਿੱਚ ਹੋਈ ਜਲ ਥਲ, ਦਰਖਤ ਡਿੱਗੇ, ਆਵਾਜਾਈ ਪ੍ਰਭਾਵਿਤ
ਪਿੰਡਾਂ ਵਿੱਚ ਝੋਨੇ ਦੀ ਫਸਲ ਵਿਛੀ, ਝਾੜ ਘੱਟਣ ਦਾ ਖਤਰਾ ਬਣਿਆ
ਐਸ ਏ ਐਸ ਨਗਰ, 24 ਸਤੰਬਰ (ਸ.ਬ.) ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚਲ ਰਹੀ ਬਰਸਾਤ ਕਾਰਨ ਜਿਥੇ ਹਰ ਪਾਸੇ ਜਲ ਥਲ ਹੋ ਗਈ ਹੈ, ਉਥੇ ਹੀ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿੱਚ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ| ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਫਸਲ ਪੱਕਣ ਨੇੜੇ ਹੈ ਪਰ ਇਸ ਬਰਸਾਤ ਕਾਰਨ ਵੱਡੀ ਗਿਣਤੀ ਇਲਾਕਿਆਂ ਵਿੱਚ ਝੋਨੇ ਦੀ ਫਸਲ ਵੀ ਵਿਛ ਗਈ ਹੈ, ਇਸ ਕਾਰਨ ਝੋਨੇ ਦਾ ਝਾੜ ਘਟ ਨਿਕਲਣ ਦੇ ਆਸਾਰ ਬਣ ਗਏ ਹਨ| ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਇਸਦੇ ਗੇਟ ਖੋਲ ਦਿੱਤੇ ਗਏ ਹਨ, ਜਿਸ ਕਰਕੇ ਪਟਿਆਲਾ ਕੀ ਰਾਓ ਨਦੀ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆ ਗਿਆ ਹੈ|
ਭਾਰੀ ਬਰਸਾਤ ਕਾਰਨ ਇੱਕ ਵਾਰ ਤਾਂ ਸ਼ਹਿਰ ਦੇ ਸਾਰੇ ਹੀ ਇਲਾਕਿਆਂ ਵਿੱਚ ਪਾਣੀ ਖੜਾ ਹੋ ਗਿਆ| ਭਾਵੇਂ ਕਿ ਪ੍ਰਸ਼ਾਸਨ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਵੀ ਪਹਿਲਾਂ ਨਾਲੋਂ ਬਿਹਤਰ ਕੀਤੇ ਗਏ ਹਨ, ਪਰ ਇਸਦੇ ਬਾਵਜੂਦ ਹਰ ਪਾਸੇ ਹੀ ਬਰਸਾਤੀ ਪਾਣੀ ਖੜਾ ਨਜਰ ਆ ਰਿਹਾ ਸੀ ਜਿਹੜਾ ਬਾਅਦ ਵਿੱਚ ਨਿਕਲ ਗਿਆ| ਸਵੇਰੇ ਤੋਂ ਚਲ ਰਹੀ ਬਰਸਾਤ ਕਾਰਨ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ|
ਇਸ ਬਰਸਾਤ ਕਾਰਨ ਭਾਵੇਂ ਦੋ ਦਿਨਾਂ ਲਈ ਸਰਕਾਰ ਵਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿਤਾ ਹੈ| ਇਸਦੇ ਬਾਵਜੂਦ ਲੋਕਾਂ ਵਲੋਂ ਬਰਸਾਤ ਕਾਰਨ ਘਰਾਂ ਵਿਚੋਂ ਨਿਕਲਣ ਤੋਂ ਗੁਰੇਜ ਹੀ ਕੀਤਾ ਜਾ ਰਿਹਾ ਹੈ ਅਤੇ ਸਿਰਫ ਜਰੂਰੀ ਕੰਮਾਂ ਕਾਰਾਂ ਲਈ ਹੀ ਲੋਕ ਘਰਾਂ ਵਿਚੋਂ ਬਾਹਰ ਨਿਕਲ ਰਹੇ ਹਨ|
ਬਰਸਾਤ ਕਾਰਨ ਕਈ ਥਾਵਾਂ ਤੇ ਦਰਖਤ ਵੀ ਡਿੱਗ ਗਏ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ| ਮਦਨਪੁਰ ਚੌਂਕ ਨੇੜੇ ਇੱਕ ਵੱਡਾ ਦਰਖਤ ਡਿੱਗ ਜਾਣ ਕਾਰਨ ਉੱਥੇ ਕਈ ਘੰਟੇ ਤਕ ਟ੍ਰੈਫਿਕ ਦੀ ਸਮੱਸਿਆ ਬਣੀ ਰਹੀ| ਉਦਯੋਗਿਕ ਖੇਤਰ ਅਤੇ ਫੇਜ਼ 5 ਨੂੰ ਵੰਡਦੀ ਸੜਕ ਦੇ ਕਿਨਾਰੇ ਲੱਗਿਆ ਇੱਕ ਦਰਖਤ ਵੀ ਟੁੱਟ ਕੇ ਡਿੱਗ ਗਿਆ|
ਬਰਸਾਤ ਕਾਰਨ ਏਅਰਪੋਰਟ ਰੋਡ ਤੇ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ ਸੜਕ ਤੇ ਹਵਾਈ ਅੱਡੇ ਵੱਲ ਮੁੜਦੀ ਸੜਕ ਤੇ ਹਵਾਈ ਅੱਡੇ ਦੀ ਐਂਟਰੈਂਸ ਨੇੜੇ ਖੱਬੇ ਪਾਸੇ ਦੀ ਸਲਿਪ ਰੋਡ ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਇੱਥੇ ਵੱਡਾ ਖੱਡਾ ਪੈ ਗਿਆ ਹੈ| ਇੱਕ ਟੈਕਸੀ ਮਾਲਕ ਸ੍ਰ. ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਸਲਿਪ ਰੋਡ ਪਹਿਲਾਂ ਹੀ ਮਾੜੀ ਹਾਲਤ ਵਿੱਚ ਸੀ ਅਤੇ ਅੱਜ ਦੀ ਬਰਸਾਤ ਦੌਰਾਨ ਇੱਥੇ ਵੱਡਾ ਖੱਡਾ ਪੈ ਕੇ ਉਸ ਵਿੰਚ ਪਾਣੀ ਭਰ ਗਿਆ ਹੈ ਅਤੇ ਇੱਥੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ|
ਘੰਟਿਆਂ ਬੱਧੀ ਅਤੇ ਕਈ ਕਿਲੋਮੀਟਰ ਲੰਬੇ ਜਾਮ ਲਈ ਪਹਿਲਾਂ ਹੀ ਬਦਨਾਮ ਲਾਂਡਰਾਂ ਚੌਂਕ ਅਤੇ ਮੁਹਾਲੀ ਲਾਂਡਰਾ ਸੜਕ ਦੀ ਹਾਲਤ ਅੱਜ ਹੋਰ ਵੀ ਬਦਤਰ ਹੋ ਗਈ| ਸਵੇਰ ਸਮੇਂ ਤੋਂ ਹੀ ਇਸ ਸੜਕ ਉਪਰ ਭਾਰੀ ਜਾਮ ਲੱਗਿਆ ਰਿਹਾ ਅਤੇ ਵਾਹਨ ਕੀੜੀ ਦੀ ਚਾਲ ਚਲਦੇ ਨਜਰ ਆਏ| ਇਸ ਸੜਕ ਉਪਰ ਹਰ ਪਾਸੇ ਬਰਸਾਤੀ ਪਾਣੀ ਖੜਾ ਹੋਣ ਕਾਰਨ ਸੜਕ ਦਿਖਾਈ ਹੀ ਨਹੀਂ ਦੇ ਰਹੀ ਸੀ ਅਤੇ ਸੜਕ ਉਪਰ ਪਏ ਵੱਡੇ ਵੱਡੇ ਟੋਇਆਂ ਵਿੱਚ ਵਾਹਨ ਫਸਦੇ ਨਜਰ ਆ ਰਹੇ ਸਨ| ਟ੍ਰੈਫਿਕ ਪੁਲੀਸ ਵਲੋਂ ਲਾਂਡਰਾਂ ਤੋਂ ਮੁਹਾਲੀ ਆਉਣ ਵਾਲੇ ਅੱਧੇ ਟ੍ਰੈਫਿਕ ਨੂੰ ਚਪੜਚਿੜੀ ਰਾਹੀਂ ਵੀ ਭੇਜਿਆ ਜਾ ਰਿਹਾ ਸੀ ਪਰ ਚਪੜਚਿੜੀ ਵਾਲੀ ਸੜਕ ਉਪਰ ਵੀ ਇਕ ਟਰੱਕ ਦੇ ਧੱਸ ਜਾਣ ਕਾਰਨ ਜਾਮ ਵਰਗੀ ਸਥਿਤੀ ਬਣੀ ਰਹੀ|
ਇਸ ਤੋਂ ਇਲਾਵਾ ਲਾਂਡਰਾ ਪਿੰਡ ਵਿੱਚ ਵੀ ਹਰ ਪਾਸੇ ਬਰਸਾਤੀ ਪਾਣੀ ਖੜਾ ਨਜਰ ਆ ਰਿਹਾ ਸੀ| ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਕਿਹਾ ਕਿ ਇਕ ਮਹੀਨਾਂ ਪਹਿਲਾਂ ਹੀ ਕੈਬਿਨਟ ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਲਾਂਡਰਾਂ ਸੜਕ ਅਤੇ ਲਾਂਡਰਾ ਪਿੰਡ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਦੌਰਾ ਕੀਤਾ ਸੀ ਅਤੇ ਉਸ ਸਮੇਂ ਉਹਨਾ ਦਾਅਵਾ ਕੀਤਾ ਸੀ ਕਿ ਲਾਂਡਰਾ ਸੜਕ ਅਤੇ ਲਾਂਡਰਾ ਪਿੰਡ ਦੀ ਹਾਲਤ ਵਿੱਚ ਜਲਦੀ ਹੀ ਸੁਧਾਰ ਲਿਆਂਦਾ ਜਾਵੇਗਾ ਪਰ ਕੈਬਿਨਟ ਮੰਤਰੀ ਸ੍ਰ. ਸਿੱਧੂ ਦੇ ਇਹ ਦਾਅਵੇ ਹਵਾ ਹਵਾਈ ਹੀ ਸਾਬਿਤ ਹੋਏ ਹਨ ਅਤੇ ਲਾਂਡਰਾ ਪਿੰਡ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਅਤੇ ਇਹ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ| ਉਹਨਾਂ ਕਿਹਾ ਕਿ ਬਰਸਾਤੀ ਪਾਣੀ ਕਾਰਨ ਲਾਂਡਰਾ ਪਿੰਡ ਦਾ ਸੰਪਰਕ ਵੀ ਹੋਰਨਾਂ ਇਲਾਕਿਆਂ ਨਾਲੋਂ ਟੁੱਟ ਗਿਆ ਹੈ ਅਤੇ ਇੱਥੋਂ ਦੀ ਮਾੜੀ ਹਾਲਤ ਦੇਖ ਕੇ ਲੋਕ ਕਹਿ ਰਹੇ ਹਨ ਕਿ ਸ਼ਾਇਦ ਇਥੇ ਸਰਕਾਰ ਨਾਂਮ ਦੀ ਕੋਈ ਚੀਜ ਹੀ ਨਹੀਂ ਹੈ|

Leave a Reply

Your email address will not be published. Required fields are marked *