ਭਾਰੀ ਬਰਸਾਤ ਕਾਰਨ ਸ਼ਹਿਰ ਹੋਇਆ ਜਲ ਥਲ, ਥਾਂ ਥਾਂ ਤੇ ਖੜ੍ਹੇ ਪਾਣੀ ਕਾਰਨ ਜਨ ਜੀਵਨ ਅਸਤ ਵਿਅਸਤ

ਫੇਜ਼ 11 ਦੇ ਮਕਾਨਾਂ ਵਿੱਚ ਵੜਿਆ ਪਾਣੀ, ਪੀ ਸੀ ਐਲ ਚੌਂਕ, ਡਿਪਲਾਸਟ ਚੌਂਕ, 3-5 ਦੀਆਂ ਲਾਈਟਾਂ ਤੇ ਪਾਣੀ ਕਾਰਨ ਲੱਗਿਆ ਰਿਹਾ ਜਾਮ
ਐਸ ਏ ਐਸ ਨਗਰ, 23 ਅਗਸਤ (ਸ.ਬ.) ਅੱਜ ਸਵੇਰੇ ਹੋਈ ਲਗਾਤਾਰ ਅਤੇ ਤੇਜ ਬਰਸਾਤ ਕਾਰਨ ਇੱਕ ਵਾਰ ਤਾਂ ਜਿਵੇਂ ਪੂਰਾ ਸ਼ਹਿਰ ਹੀ ਜਲਥਲ ਹੋ ਗਿਆ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਥਾਂ ਥਾਂ ਤੇ ਪਾਣੀ ਖੜ੍ਹਾ ਹੋ ਗਿਆ| ਇਸ ਦੌਰਾਨ ਜਿੱਥੇ ਫੇਜ਼ 11 ਦੇ 1300 ਨੰਬਰ ਵਾਲੇ ਕੁੱਝ ਮਕਾਨਾਂ ਵਿੱਚ ਪਾਣੀ ਦਾਖਿਲ ਹੋਣ ਕਾਰਨ ਵਸਨੀਕਾਂ ਦਾ ਨੁਕਸਾਨ ਹੋਇਆ ਹੈ ਉੱਥੇ ਸ਼ਹਿਰ ਵਿੱਚ ਥਾਂ ਥਾਂ ਤੇ ਖੜ੍ਹੇ ਪਾਣੀ ਕਾਰਨ ਸੜਕਾਂ ਤੇ ਜਾਮ ਲਗ ਗਏ ਅਤੇ ਲੋਕਾਂ ਨੂੰ ਘੰਟਿਆਂ ਬੱਧੀ ਪਰੇਸ਼ਾਨ ਹੋਣਾ ਪਿਆ| ਇਸ ਦੌਰਾਨ ਸੜਕਾਂ ਉਪਰ ਖੜੇ ਪਾਣੀ ਵਿੱਚ ਦੋ ਪਹੀਆਂ ਵਾਹਨਾਂ ਦੇ ਨਾਲ ਨਾਲ ਆਟੋ ਅਤੇ ਕਾਰਾਂ ਵੀ ਇੰਜਣ ਵਿੱਚ ਪਾਣੀ ਪੈ ਜਾਣ ਕਾਰਨ ਬੰਦ ਹੋ ਕੇ ਖੜੀਆਂ ਵੇਖੀਆਂ ਗਈਆਂ ਅਤੇ ਇਹਨਾਂ ਦੇ ਚਾਲਕ ਪਰੇਸ਼ਾਨ ਹੁੰਦੇ ਰਹੇ|
ਇਸ ਦੌਰਾਨ ਜਿੱਥੇ ਫੇਜ਼ 3 ਬੀ 2 ਵਿੱਚ ਇਕੱਠੇ ਹੋਏ ਪਾਣੀ ਨੂੰ ਪੰਪ ਚਲਾ ਕੇ ਬਾਹਰ ਕੱਢਣਾ ਪਿਆ ਉੱਥੇ ਫੇਜ਼ 4 ਦੇ ਕਵਾਟਰਾਂ ਵਿੱਚ ਦਾਖਿਲ ਹੋਣ ਵਾਲੇ ਪਾਣੀ ਨੂੰ ਕਢਵਾਉਣ ਲਈ ਉੱਥੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ ਜਿਸ ਵਲੋਂ ਉੱਥੋਂ ਪਾਣੀ ਕੱਢਿਆ ਗਿਆ| ਹਾਲਾਂਕਿ ਇਸ ਬਰਸਾਤ ਦੌਰਾਨ ਪਿਛਲੇ ਸਾਲ ਵਾਂਗ ਨੁਕਸਾਨ ਤਾਂ ਨਹੀਂ ਹੋਇਆ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਪਹਿਲਾਂ ਨਾਲੋਂ ਬਿਹਤਰ ਹੋਣ ਕਾਰਨ ਇਹ ਪਾਣੀ ਦੋ ਕੁ ਘੰਟਿਆਂ ਵਿੱਚ ਅੱਗੇ ਨਿਕਲ ਗਿਆ ਪਰੰਤੂ ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪਈ|
ਫੇਜ਼ 11 ਦੇ ਸਾਬਕਾ ਕੌਂਸਲਰ ਸ੍ਰ. ਸੁਖਮਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਫੇਜ਼ 11 ਦੇ ਕਵਾਟਰਾਂ 1300 ਤੋਂ 1457 ਬਲਾਕ ਤਕ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਸੜਕਾਂ ਤੇ ਕਾਫੀ ਸਮਾਂ ਪਾਣੀ ਖੜ੍ਹਾ ਰਿਹਾ ਉੱਥੇ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਦਾਖਿਲ ਹੋਣ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ| ਉਹਨਾਂ ਇਲਜਾਮ ਲਗਾਇਆ ਕਿ ਨਿਗਮ ਵਲੋਂ ਇਸ ਖੇਤਰ ਦਾ ਪਾਣੀ ਬਾਹਰ ਕੱਢਣ ਲਈ ਚੰਡੀਗੜ੍ਹ ਵਾਲੇ ਪਾਸੇ ਵੱਡੀਆਂ ਪਾਈਪਾਂ ਪਾਉਣ ਲਈ ਪਾਸ ਕੀਤੇ ਐਸਟੀਮੇਟ ਦਾ ਕੰਮ ਮੁਕੰਮਲ ਕਰਨ ਦੀ ਥਾਂ ਅੰਦਰੂਨੀ ਪਾਈਪਾਂ ਨਵੀਆਂ ਪਾ ਕੇ ਕੰਮ ਸਾਰ ਲਿਆ ਜਿਸ ਨਾਲ ਜਿੱਥੇ ਪੈਸੇ ਦੀ ਬਰਬਾਦੀ ਹੋਈ ਉੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਨਹੀਂ ਹੋਇਆ ਹੈ|
ਫੇਜ਼ 3 ਬੀ 2 ਦੇ ਕੌਂਸਲਰ ਸ੍ਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਵਾਰ ਪਾਣੀ ਨਾਲ ਕੋਈ ਨੁਕਸਾਨ ਨਹੀਂ ਹੋਇਆ ਅਤੇ ਜਦੋਂ ਪਾਣੀ ਜਿਆਦਾ ਭਰਦਾ ਵਿਖਿਆ ਤਾਂ ਪੰਪ ਚਲਾ ਕੇ ਪਾਣੀ ਦੀ ਨਿਕਾਸੀ ਕਰ ਦਿੱਤੀ ਗਈ ਜਿਸ ਨਾਲ ਪਾਣੀ ਨਿਕਲ ਗਿਆ| ਉਹਨਾਂ ਕਿਹਾ ਕਿ ਨਿਗਮ ਦੇ ਪਿਛਲੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਿੱਜੀ ਦਿਲਚਸਪੀ ਲੈ ਕੇ ਕੀਤੇ ਉਪਰਾਲਿਆਂ ਦਾ ਨਤੀਜਾ ਹੈ ਕਿ ਇਸ ਵਾਰ ਸ਼ਹਿਰ ਵਾਸੀਆਂ ਦਾ ਬਰਸਾਤ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਜਿਸਦੇ ਲਈ ਸ੍ਰੀ ਹੰਸ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ|
ਮਿਉਂਸਪਲ ਕੌਂਸਲਰ ਸ੍ਰੀਮਤੀ ਕੁਲਦੀਪ ਕੌਰ ਕੰਗ ਅਨੁਸਾਰ ਫੇਜ਼ 4 ਵਿੱਚ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਫੇਜ਼ 4 ਦੇ ਐਚ ਐਮ ਕਵਾਟਰਾਂ ਵਿੱਚ ਦਾਖਿਲ ਹੋ ਰਹੇ ਪਾਣੀ ਨੂੰ ਕੱਢਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ ਜਿਸ ਵਲੋਂ ਉੱਥੋਂ ਪਾਣੀ ਕੱਢਿਆ ਗਿਆ| ਮਿਉਂਸਪਲ ਕੌਂਸਲਰ ਸ੍ਰੀ ਅਸ਼ੋਕ ਝਾਅ ਅਨੁਸਾਰ ਇਸ ਵਾਰ ਫੇਜ਼ 5 ਵਿੱਚ ਪਾਣੀ ਦੀ ਨਿਕਾਸੀ ਦਾ ਬਿਹਤਰ ਪ੍ਰਬੰਧ ਹੋਣ ਅਤੇ ਜੇ ਸੀ ਟੀ ਚੌਂਕ ਨੇੜੇ ਕਾਜ ਵੇ ਚਲਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਹੋ ਗਈ ਅਤੇ ਲੋਕਾਂ ਦਾ ਨੁਕਸਾਨ ਤੋਂ ਬਚਾਓ ਹੋ ਗਿਆ|
ਬਰਸਾਤ ਰੁਕਣ ਦੇ ਲਗਭਗ ਇੱਕ ਘੰਟੇ ਬਾਅਦ ਵੀ ਫੇਜ਼ 11 ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਸੀ ਜਦੋਂਕਿ ਸ਼ਹਿਰ ਦੇ ਬਾਕੀ ਖੇਤਰਾਂ ਵਿੱਚੋਂ ਪਾਣੀ ਦੀ ਨਿਕਾਸੀ ਹੋ ਜਾਣ ਉਪਰੰਤ ਲੋਕਾਂ ਨੂੰ ਇਸ ਕਾਰਨ ਆ ਰਹੀ ਮੁਸ਼ਕਿਲਾਂ ਤੋਂ ਰਾਹਤ ਮਿਲੀ| ਬਰਸਾਤ ਕਾਰਨ ਦੁਕਾਨਦਾਰਾਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਅਤੇ ਬਰਸਾਤ ਕਾਰਨ ਲੋਕਾਂ ਨੇ ਖਰੀਦਦਾਰੀ ਲਈ ਦੁਕਾਨਾਂ ਉਪਰ ਜਾਣ ਤੋਂ ਗੁਰੇਜ ਕੀਤਾ ਪਰ ਹਲਵਾਈਆਂ ਅਤੇ ਚਾਹ ਪਕੌੜਿਆਂ ਦੀਆਂ ਦੁਕਾਨਾਂ ਉਪਰ ਭੀੜ ਵੇਖੀ ਗਈ|

Leave a Reply

Your email address will not be published. Required fields are marked *