ਭਾਰੀ ਵਿਰੋਧ ਦੌਰਾਨ ਸਰਕਾਰ ਮਨਾ ਰਹੀ ਹੈ ‘ਟੀਪੂ ਜਯੰਤੀ’
ਬੇਂਗਲੁਰੂ, 10 ਨਵੰਬਰ (ਸ.ਬ.) ਕਰਨਾਟਕ ਵਿਚ ਵਿਰੋਧੀ ਭਾਜਪਾ ਪਾਰਟੀ ਦੇ ਭਾਰੀ ਵਿਰੋਧ ਪ੍ਰਦਸ਼ਨ ਦਰਮਿਆਨ ਸੱਤਾਧਾਰੀ ਜੇ.ਡੀ. ਐਸ- ਕਾਂਗਰਸ ਅੱਜ ਟੀਪੂ ਸੁਲਤਾਨ ਦੀ ਜਯੰਤੀ ਮਨਾ ਰਹੀ ਹੈ| ਜਯੰਤੀ ਸਮਾਰੋਹਾਂ ਵਿਰੁੱਧ ਸੂਬੇ ਵਿੱਚ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ| ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰ ਆਏ ਹਨ| ਪੁਲੀਸ ਨੇ ਭਾਜਪਾ ਦੇ ਕਈ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ| ਭਾਰੀ ਵਿਰੋਧ ਅਤੇ ਪ੍ਰਦਰਸ਼ਨ ਵਿਚਾਲੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ| ਪ੍ਰਦਰਸ਼ਨ ਨੂੰ ਦੇਖਦੇ ਹੋਏ ਸੜਕਾਂ ਤੇ ਗੱਡੀਆਂ ਨਹੀਂ ਚੱਲ ਰਹੀਆਂ ਹਨ| ਸੂਬੇ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰੋਗਰਾਮ ਤੋਂ ਕਿਨਾਰਾ ਕਰ ਲਿਆ ਹੈ| ਮੰਨਿਆ ਜਾ ਰਿਹਾ ਹੈ ਕਿ ਵਿਵਾਦ ਤੋਂ ਬਚਣ ਲਈ ਸੀ. ਐਮ. ਨੇ ਜਾਣਬੁੱਝ ਕੇ ਇਸ ਪ੍ਰੋਗਰਾਮ ਤੋਂ ਖੁਦ ਨੂੰ ਵੱਖ ਕਰ ਲਿਆ ਹੈ| ਮੁੱਖ ਮੰਤਰੀ ਦਫਤਰ ਤੋਂ ਜਾਰੀ ਸੂਚਨਾ ਮੁਤਾਬਕ ਕੁਮਾਰਸਵਾਮੀ ਦੀ ਸਿਹਤ ਖਰਾਬ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ 3 ਦਿਨਾਂ ਤਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ| ਸੂਬੇ ਦੇ ਕੈਬਨਿਟ ਮੰਤਰੀ ਬੀ. ਕਾਸ਼ੇਮਪੁਰ ਨੇ ਕਿਹਾ ਕਿ ਸੀ. ਐਮ. ਨੇ ਪ੍ਰੋਗਰਾਮ ਲਈ ਵਿਭਾਗ ਨੂੰ ਪੂਰੀ ਅਥਾਰਿਟੀ ਦਿੱਤੀ ਹੋਈ ਹੈ| ਭਾਜਪਾ ਨੇ ਟੀਪੂ ਸੁਲਤਾਨ ਨੂੰ ‘ਅੱਤਿਆਚਾਰ’ ਦੱਸਦੇ ਹੋਏ ਕਾਂਗਰਸ ਨਾਲ ਉਨ੍ਹਾਂ ਦੀ ਤੁਲਨਾ ਕੀਤੀ ਹੈ| ਭਾਜਪਾ ਨੇ ਟਵੀਟ ਕਰ ਕੇ ਕਿਹਾ, ”ਕਾਂਗਰਸ ਪਾਰਟੀ ਅਤੇ ਟੀਪੂ ਦੋਵੇਂ ਹੀ ਹਿੰਦੂ ਵਿਰੋਧੀ ਹਨ| ਦੋਵੇਂ ਹੀ ਹਿੰਦੂਆਂ ਨੂੰ ਵੰਡਣਾ ਚਾਹੁੰਦੇ ਹਨ| ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਕਾਂਗਰਸ ਅੱਤਿਆਚਾਰੀ ਟੀਪੂ ਦੀ ਪੂਜਾ ਕਰ ਰਹੀ ਹੈ| ਜਿਕਰਯੋਗ ਹੈ ਕਿ ਕਰਨਾਟਕ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਭਾਜਪਾ ਦੇ ਭਾਰੀ ਵਿਰੋਧ ਦੇ ਬਾਵਜੂਦ ਇਸ ਸਾਲ ਵੀ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਜਯੰਤੀ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਹੀ ਮਨਾਏਗੀ| ਭਾਜਪਾ ਨੇ ਮੈਸੂਰ ਦੇ ਇਸ ਸ਼ਾਸਕ ਨੂੰ ਅੱਤਿਆਚਾਰੀ ਕਰਾਰ ਦਿੱਤਾ ਹੈ|