ਭਿਖਾਰੀਆਂ ਦੀ ਵੱਧ ਰਹੀ ਗਿਣਤੀ ਵੱਲ ਤੁਰੰਤ ਧਿਆਨ ਦੇਵੇ ਪ੍ਰਸ਼ਾਸ਼ਨ : ਕੁਲਜੀਤ ਬੇਦੀ

ਭਿਖਾਰੀਆਂ ਦੀ ਵੱਧ ਰਹੀ ਗਿਣਤੀ ਵੱਲ ਤੁਰੰਤ ਧਿਆਨ ਦੇਵੇ ਪ੍ਰਸ਼ਾਸ਼ਨ : ਕੁਲਜੀਤ ਬੇਦੀ
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਪੱਤਰ ਲਿਖ ਕੇ ਕਾਰਵਾਈ ਮੰਗੀ
ਐਸ.ਏ.ਐਸ. ਨਗਰ, 13 ਅਕਤੂਬਰ (ਸ.ਬ.) ਸ਼ਹਿਰ ਵਿਚ ਪ੍ਰਸ਼ਾਸ਼ਨ ਦੀ ਕਥਿਤ ਅਣਦੇਖੀ ਦੇ ਕਾਰਨ ਚੌਂਕ ਚੌਰਾਹਿਆਂ ਤੇ ਭਿਖਾਰੀਆਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਹੈ| ਬਜ਼ੁਰਗ ਮਰਦ, ਔਰਤਾਂ ਅਤੇ ਛੋਟੇ ਛੋਟੇ ਬੱਚਿਆਂ ਦੇ ਰੂਪ ਵਿੱਚ ਇਹ ਭਿਖਾਰੀ ਹਰ ਸਮੇਂ ਕਿਸੇ ਨਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ| ਨਗਰ ਨਿਗਮ ਮੁਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐਸ.ਐਸ.ਪੀ. ਮੁਹਾਲੀ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਭਿਖਾਰੀਆਂ ਉਤੇ ਲਗਾਮ ਕਸਣ ਦੀ ਮੰਗ ਕੀਤੀ ਹੈ|
ਆਪਣੇ ਪੱਤਰ ਵਿੱਚ ਕੌਂਸਲਰ ਬੇਦੀ ਨੇ ਕਿਹਾ ਹੈ ਕਿ ਇਹ ਭਿਖਾਰੀ ਸ਼ਹਿਰ ਦੇ ਹਰ ਲਾਲ ਬੱਤੀ ਚੌਂਕ, ਹਰੇਕ ਮੋੜ ਤੇ ਆਮ ਤੌਰ  ਤੇ ਦੇਖੇ ਜਾ ਸਕਦੇ ਹਨ ਅਤੇ ਲਾਲ ਬੱਤੀ ਚੌਂਕਾਂ ‘ਤੇ ਤਾਂ ਹਰ ਸਮੇਂ ਸੜਕ ਦੇ ਵਿਚਕਾਰ ਘੁੰਮਦੇ ਰਹਿੰਦੇ ਹਨ| ਕਿਸੇ ਵੀ ਵਹੀਕਲ ਚੌਂਕ ‘ਤੇ ਖੜ੍ਹਦਿਆਂ ਹੀ ਸਾਰੇ ਭਿਖਾਰੀ ਉਸ ਵਹੀਕਲ ਵੱਲ ਭੱਜਦੇ ਹਨ ਤਾਂ ਜੋ ਇਕ ਦੂਸਰੇ ਤੋਂ ਪਹਿਲਾਂ ਉਹ ਵਹੀਕਲ ਚਾਲਕ ਤੋਂ ਕੁਝ ਨਾ ਕੁਝ ਲੈ ਸਕਣ| ਇਸੇ ਨੱਠ ਭੱਜ ਦੀ ਹੋੜ ਵਿਚ ਕਈ ਵਾਰ ਵੱਡੇ ਹਾਦਸੇ ਹੁੰਦੇ ਬਚੇ ਵੀ ਹਨ ਪ੍ਰੰਤੂ ਭਿਖਾਰੀਆਂ ਦਾ ਵਾਧਾ ਲਗਾਤਾਰ ਬਰਕਰਾਰ ਹੈ|
ਉਹਨਾਂ ਲਿਖਿਆ ਹੈ ਕਿ ਇਹ ਵੀ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਬਜ਼ੁਰਗ ਭਿਖਾਰੀ ਜਾਣਬੁੱਝ ਕੇ ਅੰਗਹੀਣ ਹੋਣ ਦਾ ਡਰਾਮਾ ਰਚ ਕੇ ਫੌੜੀਆਂ/ਬੈਸਾਖੀਆਂ ਦੇ ਸਹਾਰੇ ਚੱਲ ਕੇ ਲਾਲ ਬੱਤੀ ਚੌਂਕਾਂ ਵਿਚ ਵਹੀਕਲਾਂ ਦੀ ਭੀੜ ਵਿਚ ਵੜ ਕੇ ਭੀਖ ਮੰਗਦੇ ਹਨ| ਹਰੀ ਬੱਤੀ ਹੋਣ ਤੇ ਉਹ ਹੌਲੀ ਹੌਲੀ ਭੀੜ ਵਿਚੋਂ ਨਿਕਲਦੇ ਰਹਿੰਦੇ ਹਨ ਅਤੇ ਵਹੀਕਲ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਹੁੰਦੀ ਹੈ| ਇਸ ਦੇ ਨਾਲ ਹੀ ਛੋਟੇ ਛੋਟੇ ਬੱਚੇ ਅੱਜਕੱਲ੍ਹ ਕੁਝ ਪ੍ਰਾਈਵੇਟ ਕੰਪਨੀਆਂ ਦੇ ਸਮਾਨ ਵੇਚਣ ਲਈ ਲਾਲ ਬੱਤੀ ਚੌਂਕਾਂ ‘ਤੇ ਸੇਲਜ਼ਮੈਨ ਦਾ ਕੰਮ ਵੀ ਕਰਨ ਲੱਗੇ ਹਨ| ਤਿਉਹਾਰਾਂ ਦੇ ਦਿਨਾਂ ਵਿਚ ਖਾਸ ਕਰਕੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਇਹ ਭਿਖਾਰੀ ਕਾਫ਼ੀ ਤੰਗ ਪ੍ਰੇਸ਼ਾਨ ਕਰ ਰਹੇ ਹਨ|
ਉਨ੍ਹਾਂ ਲਿਖਿਆ ਹੈ ਕਿ ਭੀਖ ਮੰਗਣਾ ਇਕ ਕਾਨੂੰਨੀ ਜੁਰਮ ਵੀ ਹੈ ਜਿਸ ਨੂੰ ਨਕੇਲ ਪਾਉਣਾ ਪੁਲਿਸ ਦੀ ਡਿਊਟੀ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਆਪਣੀ ਡਿਊਟੀ ਨੂੰ ਨਿਭਾਉਣ ਵਿਚ ਨਾਕਾਮ ਰਹਿ ਰਹੀ ਹੈ| ਜਦਕਿ ਪੁਲਿਸ ਦੀਆਂ ਪੀ.ਸੀ.ਆਰ. ਵਾਲੀਆਂ ਗੱਡੀਆਂ ਅਤੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਵੀ ਲਾਈਟਾਂ ਵਾਲੇ ਚੌਂਕਾਂ ‘ਤੇ ਤਾਇਨਾਤ ਰਹਿੰਦੇ ਹਨ| ਇਸ ਲਈ ਪ੍ਰਸ਼ਾਸ਼ਨ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇ ਕੇ ਭਿਖਾਰੀਆਂ ਨੂੰ ਭਜਾਉਣ ਵਿਚ ਆਪਣੀ ਡਿਊਟੀ ਨਿਭਾਵੇ ਅਤੇ ਲੋਕਾਂ ਨੂੰ ਇਨ੍ਹਾਂ ਭਿਖਾਰੀਆਂ ਤੋਂ ਰਾਹਤ ਦਿਵਾਏ|

Leave a Reply

Your email address will not be published. Required fields are marked *