ਭੀਸ਼ਣ ਗਰਮੀ ਦੀ ਸਮੱਸਿਆ ਨਾਲ ਜੂਝਦਾ ਯੂਰੋਪ

ਯੂਰਪ ਇਹਨੀਂ ਦਿਨੀਂ ਗਰਮੀ ਨਾਲ ਜੂਝ ਰਿਹਾ ਹੈ| ਸਪੇਨ, ਪੁਰਤਗਾਲ ਅਤੇ ਦੱਖਣ ਫ਼ਰਾਂਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਜਿੱਥੇ ਕਈ ਇਲਾਕਿਆਂ ਵਿੱਚ 47 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਿਕਾਰਡ ਕੀਤਾ ਜਾ ਚੁੱਕਿਆ ਹੈ| ਜਰਮਨੀ ਵਿੱਚ 40 ਅਤੇ ਬ੍ਰਿਟੇਨ ਵਿੱਚ 38 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ| ਮੌਸਮ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਤਾਪਮਾਨ ਵਿੱਚ ਅਜੇ ਹੋਰ ਵਾਧਾ ਸੰਭਵ ਹੈ ਅਤੇ ਜੁਲਾਈ 1977 ਦਾ ਰਿਕਾਰਡ ਵੀ ਟੁੱਟ ਸਕਦਾ ਹੈ, ਜਦੋਂ ਏਥੇਂਸ ਦਾ ਤਾਪਮਾਨ 48 ਡਿਗਰੀ ਪਹੁੰਚ ਗਿਆ ਸੀ| ਅਫਰੀਕਾ ਤੋਂ ਆ ਰਹੀ ਗਰਮ ਅਤੇ ਸੁੱਕੀਆਂ ਹਵਾਵਾਂ ਨੂੰ ਇਸਦੇ ਲਈ ਜਵਾਬਦੇਹ ਮੰਨਿਆ ਜਾ ਰਿਹਾ ਹੈ, ਹਾਲਾਂਕਿ ਭੀਸ਼ਨ ਗਰਮੀ ਦੀਆਂ ਖਬਰਾਂ ਬਹੁਤ ਦੂਰ ਪੂਰਬ ਵਿੱਚ ਜਾਪਾਨ ਅਤੇ ਕੋਰੀਆ ਤੋਂ ਵੀ ਆ ਰਹੀਆਂ ਹਨ, ਜਿਨ੍ਹਾਂ ਤੱਕ ਅਫਰੀਕੀ ਹਵਾਵਾਂ ਦੀ ਪਹੁੰਚ ਦਾ ਕੋਈ ਸਵਾਲ ਹੀ ਨਹੀਂ ਉਠਦਾ|
ਗਰਮੀ ਨਾਲ ਉੱਤਰ ਵਿੱਚ ਸਾਇਬੇਰਿਆ ਤੋਂ ਲੈ ਕੇ ਦੱਖਣ ਵਿੱਚ ਗਰੀਸ ਤੱਕ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗੀ ਹੈ, ਜਿਸ ਵਿੱਚ 85 ਵਿਅਕਤੀ ਦੇ ਮਾਰੇ ਜਾਣ ਦੀ ਸੂਚਨਾ ਹੈ| ਰਾਇਨ ਅਤੇ ਏਲਬ ਵਰਗੀਆਂ ਨਦੀਆਂ ਵਿੱਚ ਪਾਣੀ ਗਰਮ ਹੋਣ ਨਾਲ ਮੱਛੀਆਂ ਮਰਦੀਆਂ ਜਾ ਰਹੀਆਂ ਹਨ| ਜਰਮਨੀ ਦੇ ਕਿਸਾਨਾਂ ਨੇ ਫਸਲਾਂ ਦੇ ਨੁਕਸਾਨ ਦੇ ਖਦਸ਼ੇ ਭਾਂਪ ਕੇ ਸਰਕਾਰ ਤੋਂ ਸਹਾਇਤਾ ਮੰਗੀ ਹੈ, ਜਦੋਂਕਿ ਅਸੰਤੁਲਿਤ ਬਾਰਿਸ਼ ਨਾਲ ਫਰਾਂਸ ਵਿੱਚ ਵੀ ਕਾਫੀ ਫਸਲਾਂ ਖ਼ਰਾਬ ਹੋਈਆਂ ਹਨ| ਪੂਰੇ ਯੂਰਪ ਵਿੱਚ ਖੇਤੀਬਾੜੀ ਉਪਜ ਇਸ ਵਾਰ ਪਿਛਲੇ ਛੇ ਸਾਲਾਂ ਵਿੱਚ ਸਭ ਤੋਂ ਘੱਟ ਹੋਣ ਦਾ ਅਨੁਮਾਨ ਹੈ| ਟੂਰਿਜਮ ਉਦਯੋਗ ਤੇ ਵੀ ਗਹਿਰਾ ਅਸਰ ਪਿਆ ਹੈ| ਲੋਕ ਗਰਮੀ ਤੋਂ ਬਚਣ ਯੂਰਪ ਜਾਂਦੇ ਸਨ, ਪਰ ਉਥੇ ਵੀ ਗਰਮੀ ਹੀ ਪੈ ਰਹੀ ਹੈ ਤਾਂ ਕੌਣ ਜਾਵੇ!
ਸਭ ਤੋਂ ਬੁਰਾ ਹਾਲ ਇੰਗਲੈਂਡ ਦੇ ਦੌਰੇ ਤੇ ਗਏ ਭਾਰਤੀ ਕ੍ਰਿਕੇਟਰਾਂ ਦਾ ਹੈ| ਟੀਮ ਇੰਡੀਆ ਦਾ ਬ੍ਰਿਟੇਨ ਦੌਰਾ ਆਮਤੌਰ ਤੇ ਉਸੇ ਮੌਸਮ ਵਿੱਚ ਰੱਖਿਆ ਜਾਂਦਾ ਹੈ ਜਦੋਂ ਭਾਰਤ ਵਿੱਚ ਗਰਮੀ ਪੈ ਰਹੀ ਹੋਵੇ|
ਭਾਰਤੀ ਖਿਡਾਰੀ ਉਥੇ ਦੀ ਗੁਨਗੁਨੀ ਠੰਡ ਵਿੱਚ ਖੇਡ ਦਾ ਆਨੰਦ ਲੈਂਦੇ ਸਨ| ਪਰੰਤੂ ਇਸ ਵਾਰ ਉਨ੍ਹਾਂ ਦਾ ਸਾਹਮਣਾ ਉਥੇ ਭਾਰਤ ਵਰਗੀ ਹੀ ਹੁਮਸ ਨਾਲ ਹੋਇਆ| ਉਹ ਅਜਿਹੇ ਹੋਟਲ ਵਿੱਚ ਠਹਿਰੇ ਸਨ, ਜਿੱਥੇ ਏਸੀ ਘੱਟ ਸਨ| ਗਰਮੀ ਨਾਲ ਪ੍ਰੇਸ਼ਾਨ ਭਾਰਤੀ ਕ੍ਰਿਕੇਟਰਾਂ ਨੇ ਇਹਨਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ, ਜੋ ਪੂਰੀ ਵੀ ਹੋਈ| ਗਰਮੀ ਦੇ ਕਾਰਨ ਟੈਸਟ ਕ੍ਰਿਕੇਟ ਦੀ ਇੱਕ ਪਰੰਪਰਾ ਬਦਲ ਦਿੱਤੀ ਗਈ| ਇਸ ਵਾਰ ਕ੍ਰਿਕੇਟ ਗਰਾਉਂਡ ਉਤੇ ਖਿਡਾਰੀ ਬਿਨਾਂ ਜੈਕੇਟ ਦੇ ਟਾਸ ਲੈ ਕੇ ਆਏ, ਜਦੋਂਕਿ ਪਹਿਲਾਂ ਜੈਕੇਟ ਪਹਿਨ ਕੇ ਆਉਣਾ ਜਰੂਰੀ ਸੀ| ਸਵਿਟਜਰਲੈਂਡ ਦੀ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਲਤੂ ਕੁੱਤਿਆਂ ਲਈ ਜੁੱਤੇ ਖਰੀਦਣ ਕਿਉਂਕਿ ਭੀਸ਼ਨ ਗਰਮੀ ਵਿੱਚ ਉਨ੍ਹਾਂ ਦੇ ਤਲਵੇ ਤਪ ਜਾਣਗੇ|
ਧਿਆਨ ਰਹੇ, ਯੂਰਪ ਦੀ ਤਰ੍ਹਾਂ ਜਾਪਾਨ ਵਿੱਚ ਵੀ ਪਾਰਾ 41 ਡਿਗਰੀ ਦੇ ਪਾਰ ਜਾ ਚੁੱਕਿਆ ਹੈ, ਜੋ ਜਾਪਾਨੀ ਇਲਾਕਿਆਂ ਲਈ ਬੇਹੱਦ ਹੈਰਾਨੀ ਦੀ ਗੱਲ ਹੈ| ਅਗਲਾ ਓਲਿੰਪਿਕ ਟੋਕੀਓ ਵਿੱਚ ਹੋਣ ਵਾਲਾ ਹੈ| ਲੋਕਾਂ ਨੂੰ ਡਰ ਹੈ ਕਿ ਦੋ ਸਾਲ ਬਾਅਦ ਵੀ ਅਜਿਹੀ ਹੀ ਗਰਮੀ ਪਈ ਤਾਂ ਪ੍ਰਬੰਧ ਬੇਰਸ ਪੈ ਸਕਦਾ ਹੈ| ਇਸ ਲਈ ਗਰਮੀ ਨਾਲ ਲੜਨ ਦੇ ਉਪਾਅ ਕੀਤੇ ਜਾ ਰਹੇ ਹਨ| ਇਹ ਗਰਮੀ ਮੌਸਮ ਦੇ ਅਸੰਤੁਲਨ ਦੀ ਦੇਣ ਹੈ| ਇਸਨੂੰ ਇੱਕ ਚਿਤਾਵਨੀ ਦੀ ਤਰ੍ਹਾਂ ਲੈਂਦੇ ਹੋਏ ਦੁਨੀਆ ਨੂੰ ਗਲੋਬਲ ਵਾਰਮਿੰਗ ਦੀ ਧਾਰ ਪਲਟਣ ਵਿੱਚ ਜੁੱਟ ਜਾਣਾ ਚਾਹੀਦਾ ਹੈ|
ਰਾਹੁਲ ਕੁਮਾਰ

Leave a Reply

Your email address will not be published. Required fields are marked *