ਭੁੱਖ-ਹੜਤਾਲ ਦੇ 7ਵੇਂ ਦਿਨ ਵ੍ਹੀਲ ਚੇਅਰ ਤੇ ਗਾਂਧੀ ਸਮਾਧੀ ਪੁੱਜੀ ਸਵਾਤੀ ਮਾਲੀਵਾਲ

ਨਵੀਂ ਦਿੱਲੀ, 19 ਅਪ੍ਰੈਲ (ਸ.ਬ.) ਔਰਤਾਂ ਨਾਲ ਰੇਪ ਵਰਗੇ ਅਪਰਾਧ ਦੇ ਖਿਲਾਫ ਸਖਤ ਕਾਨੂੰਨ ਦੀ ਮੰਗ ਕਰ ਰਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ 7ਵੇਂ ਦਿਨ ਵੀ ਆਪਣੀ ਭੁੱਖ-ਹੜਤਾਲ ਜਾਰੀ ਰੱਖੀ ਹੈ| ਉਹ ਵਰਤ ਤੋਂ ਹਟਣ ਨੂੰ ਤਿਆਰ ਨਹੀਂ ਹੈ| ਉਨ੍ਹਾਂ ਦਾ ਅੱਜ ਵੀ ਉਹੀ ਕਹਿਣਾ ਹੈ ਕਿ ਜਦੋਂ ਬਲਾਤਕਾਰ ਵਰਗੇ ਅਪਰਾਧ ਲਈ ਦੇਸ਼ ਵਿੱਚ ਸਖਤ ਕਾਨੂੰਨ ਨਹੀਂ ਬਣਦੇ, ਉਦੋਂ ਤੱਕ ਉਹ ਆਪਣੀ ਭੁੱਖ-ਹੜਤਾਲ ਨਹੀਂ ਤੋੜੇਗੀ| ਭੁੱਖ-ਹੜਤਾਲ ਦੇ 7ਵੇਂ ਦਿਨ ਅੱਜ ਸਵਾਤੀ ਮਾਲੀਵਾਲ ਵ੍ਹੀਲ ਚੇਅਰ ਤੇ ਬੈਠ ਕੇ ਗਾਂਧੀ ਸਮਾਧੀ ਦੇ ਦਰਸ਼ਨ ਲਈ ਪੁੱਜੀ| ਜ਼ਿਕਰਯੋਗ ਹੈ ਕਿ ਸਵਾਤੀ ਰਾਜਘਾਟ ਦੇ ਸਮਤਾ ਸਥਾਨ ਤੇ ਹੀ ਭੁੱਖ-ਹੜਤਾਲ ਕਰ ਰਹੀ ਹੈ ਅਤੇ ਉਹ ਆਪਣੇ ਦਿਨ ਦੀ ਸ਼ੁਰੂਆਤ ਬਾਪੂ ਦੀ ਸਮਾਧੀ ਦੇ ਦਰਸ਼ਨ ਤੋਂ ਹੀ ਕਰਦੀ ਹੈ| ਇਹੀ ਕਾਰਨ ਹੈ ਕਿ ਚੱਲਣ ਵਿੱਚ ਤਕਲੀਫ ਹੋਣ ਤੇ ਵੀ ਸਵਾਤੀ ਵ੍ਹੀਲ ਚੇਅਰ ਤੇ ਬੈਠ ਕੇ ਬਾਪੂ ਦੀ ਸਮਾਧੀ ਤੇ ਪੁੱਜੀ ਅਤੇ ਦਰਸ਼ਨ ਕੀਤੇ| ਸਵਾਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ ਕਿ ਮੋਦੀ ਵਿਦੇਸ਼ ਯਾਤਰਾ ਤੇ ਗਏ ਹਨ| ਉਹ ਪੀ.ਐਮ. ਦੇ ਆਉਣ ਦਾ ਇੰਤਜ਼ਾਰ ਕਰੇਗੀ| ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੋਦੀ ਵਿਦੇਸ਼ ਵਿੱਚ ਜਾ ਕੇ ਰੇਪ ਬਾਰੇ ਬੋਲ ਰਹੇ ਹਨ ਅਤੇ ਦੇਸ਼ ਵਿੱਚ ਚੁੱਪ ਰਹਿੰਦੇ ਹਨ| ਉਨ੍ਹਾਂ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ|

Leave a Reply

Your email address will not be published. Required fields are marked *