ਭੁੱਲਾਂ ਬਖਸ਼ਾਉਣ ਲਈ ਸ੍ਰੀ ਅਕਾਲ ਤਖਤ ਤੇ ਅਕਾਲੀ ਦਲ ਵਲੋਂ ਸ੍ਰੀ ਅਖੰਡ ਪਾਠ ਆਰੰਭ

ਅੰਮ੍ਰਿਤਸਰ, 8 ਦਸੰਬਰ (ਸ.ਬ.) ਅਕਾਲੀ ਦਲ ਬਾਦਲ ਦੇ ਸਮੂਹ ਲੀਡਰਾਂ ਨੇ ਅੱਜ ਆਪਣੀ ਸਰਕਾਰ ਵੇਲੇ ਹੋਈਆਂ ਭੁੱਲਾਂ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ| ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ, ਵਿਧਾਇਕ, ਕੋਰ ਕਮੇਟੀ ਦੇ ਮੈਂਬਰ, ਜ਼ਿਲ੍ਹਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਹੋਏ| ਇਸ ਮੌਕੇ ਬਾਦਲ ਪਰਿਵਾਰ ਸਣੇ ਅਕਾਲੀ ਲੀਡਰਾਂ ਨੇ ਜੋੜਿਆਂ ਦੀ ਸੇਵਾ ਵੀ ਕੀਤੀ| ਬਾਦਲ ਪਰਿਵਾਰ ਅਗਲੇ ਤਿੰਨ ਦਿਨ ਇੱਥੇ ਹੀ ਰਹਿ ਕੇ ਸੇਵਾ ਕਰੇਗਾ|
ਅਕਾਲੀ ਦਲ ਨੇ ਇਹ ਫੈਸਲਾ ਸਿੱਖਾਂ ਦੀ ਵਧ ਰਹੀ ਨਾਰਾਜ਼ਗੀ ਮਗਰੋਂ ਲਿਆ ਹੈ| ਸ੍ਰੀ ਅਖੰਡ ਪਾਠ ਰਖਵਾਉਣ ਸਬੰਧੀ ਫ਼ੈਸਲਾ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਲਿਆ ਗਿਆ ਸੀ| ਪਾਰਟੀ ਦੇ ਬੁਲਾਰੇ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੁੱਚਾ ਅਕਾਲੀ ਦਲ ਆਮ ਸ਼ਰਧਾਲੂ ਵਜੋਂ ਗੁਰੂ ਘਰ ਨਤਮਸਤਕ ਹੋਵੇਗਾ|
ਦੂਜੇ ਪਾਸੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਣਾ ਕਰਨ ਤੇ ਵੱਡੇ ਸਵਾਲ ਉੱਠੇ ਹਨ| ਸਿੱਖ ਬੁੱਧੀਜੀਵੀ ਤੇ ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਵੀਕਾਰ ਲਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੰਥਕ ਸੰਕਟ ਲਈ ਉਹ ਹੀ ਜ਼ਿੰਮੇਵਾਰ ਹਨ| ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਪਹਿਲਾਂ ਇਹ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਅਕਾਲੀ ਲੀਡਰ ਕਿਹੜੀ-ਕਿਹੜੀ ਗਲਤੀ ਤੇ ਅਵੱਗਿਆ ਦੀ ਮੁਆਫ਼ੀ ਮੰਗ ਰਹੇ ਹਨ| ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਮੰਨ ਰਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੰਥਕ ਸੰਕਟ ਲਈ ਉਹ ਹੀ ਜ਼ਿੰਮੇਵਾਰ ਹਨ|
ਦੂਜੇ ਪਾਸੇ ਪਾਰਟੀ ਵਿਚੋਂ ਕੱਢੇ ਗਏ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਖਿਮਾ ਮੰਗਣ ਦੀ ਮੰਗ ਕੀਤੀ ਸੀ ਪਰ ਉਸ ਵੇਲੇ ਉਨ੍ਹਾਂ ਦੀ ਮੰਗ ਨੂੰ ਦਰਕਿਨਾਰ ਕਰ ਦਿੱਤਾ ਗਿਆ| ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਹੁਣ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ| ਉਨ੍ਹਾਂ ਆਖਿਆ ਕਿ ਹੁਣ ਮੁਆਫ਼ੀ ਮੰਗਣਾ ਸਿਰਫ਼ ਦਿਖਾਵਾ ਹੈ ਤਾਂ ਜੋ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਡਿੱਗ ਰਹੀ ਸਾਖ਼ ਨੂੰ ਬਚਾਇਆ ਜਾ ਸਕੇ|
ਵਿਰੋਧੀ ਧਿਰ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਵੰਗਾਰਦਿਆਂ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੁੱਲਾਂ ਬਖ਼ਸ਼ਾਉਣ ਤੋਂ ਪਹਿਲਾਂ ਸੰਗਤ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲ ਕਰਨ| ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਲਈ ਮੁਆਫ਼ੀ ਮੰਗਣ ਜਾ ਰਹੇ ਹਨ ਜਾਂ ਆਪਣੀ ਉਸ ਗਲਤੀ ਦੀ ਜਿਸ ਤਹਿਤ ਉਨ੍ਹਾਂ ਦੀ ਸਰਕਾਰ ਨੇ ਨਿਰਦੋਸ਼ ਸਿੱਖਾਂ ਤੇ ਬਹਿਬਲ ਕਲਾਂ ਵਿਚ ਗੋਲੀ ਚਲਾ ਕੇ ਦੋ ਨੌਜਵਾਨ ਸ਼ਹੀਦ ਕਰ ਦਿੱਤੇ ਸਨ|

Leave a Reply

Your email address will not be published. Required fields are marked *