ਭੁੱਲ ਬਖਸ਼ਾਉਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਪੂਰੇ ਵੇਰਵੇ ਵੀ ਨਾਲ ਲਿਆਏ ਅੰਤ੍ਰਿਗ ਕਮੇਟੀ : ਬੀਰ ਦਵਿੰਦਰ ਸਿੰਘ

ਐਸ ਏ ਐਸ ਨਗਰ, 8 ਸਤੰਬਰ (ਸ.ਬ.) ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ 18 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਭੁੱਲ ਬਖਸ਼ਾਉਣ ਲਈ ਪੇਸ਼ ਹੋਣ ਵੇਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ (ਪ੍ਰਧਾਨ ਸਮੇਤ) ਆਪਣੇ ਨਾਲ ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਪ੍ਰਕਾਸ਼ ਦਾ ਸਥਾਨ ਅਤੇ ਟਿਕਾਣਾਂ, ਸਰਨਾਮੇ ਦੇ ਸਭ ਵੇਰਵੇ ਨਾਲ ਲੈ ਕੇ ਆਊਂਣ ਕਿ ਇਹ ਸਰੂਪ ਇਸ ਵਕਤ ਕਿਸ ਜਗ੍ਹਾ ਤੇ ਪ੍ਰਕਾਸ਼ ਹਨ? ਸਿੱਖ ਸੰਗਤਾਂ ਇਹ ਸਾਰੇ ਵੇਰਵੇ ਇਸ ਲਈ ਜਾਨਣਾ ਚਾਹੁੰਦੀਆਂ ਹਨ ਤਾਂ ਕਿ ਸਾਰੇ ਤੱਥ ਸੰਗਤੀ ਰੂਪ ਵਿੱਚ ਤਸਦੀਕ ਕੀਤੇ ਜਾ ਸਕਣ, ਮਹਿਜ਼ ਵਿਖਾਵੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ, ਆਪਣੇ ਹੀ ਪਾਪਾਂ ਦੀ ਲਿੱਪਾ-ਪੋਚੀ ਕਰਨਾ, ਅਮਲੀ ਰੂਪ ਵਿੱਚ ਯੋਗ ਪ੍ਰਾਸਚਿੱਤ ਨਹੀਂ ਹੋਵੇਗਾ|
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਸਾਰੇ ਮੈਂਬਰ ਪ੍ਰਧਾਨ ਸਮੇਤ, 18 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ, ਭੁੱਲਾਂ ਬਖ਼ਸ਼ਾਉਣ ਅਤੇ ਪਸ਼ਚਾਤਾਪ ਕਰਨ ਲਈ ਪੇਸ਼ ਹੋਣਗੇ| ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਕੇਵਲ ਉਹੋ ਮੈਂਬਰ, 18 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਭੁੱਲਾਂ ਬਖ਼ਸ਼ਾਉਣ ਲਈ ਆਪਣੇ ਆਪ ਨੂੰ ਪੇਸ਼ ਕਰਨ, ਜਿਨ੍ਹਾਂ ਦੀ ਜ਼ਮੀਰ ਹਾਲੇ ਜ਼ਿੰਦਾ ਹੈ, ਕਿਊਂਕਿ ਮੁਰਦਾ ਜ਼ਮੀਰ ਵਾਲੇ ਮਨੁੱਖ ਦਾ ਪਸ਼ਚਾਤਾਪ ਤਾਂ ਕੇਵਲ ਇੱਕ ਛਲਾਵਾ ਹੀ ਹੁੰਦਾ ਹੈ|
ਉਹਨਾਂ ਕਿਹਾ ਕਿ ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ , ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਐਲਾਨ ਅਨੁਸਾਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਪ੍ਰਧਾਨ ਸਮੇਤ , 18 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ, ਭੁੱਲਾਂ ਬਖ਼ਸ਼ਾਉਣ ਤੇ ਪਸ਼ਚਾਤਾਪ ਕਰਨ ਲਈ, ਇਮਾਨਦਾਰੀ ਨਾਲ ਪੇਸ਼ ਹੋ ਰਹੇ ਹਨ ਤਾਂ ਇਹ ਜ਼ਰੂਰੀ ਹੈ ਕਿ ਅਜਿਹਾ ਕਰਨ ਤੋਂ ਪਹਿਲਾਂ ਉਹ ਆਪਣੇ ਰੁਤਬਿਆਂ ਦੇ ਮੁਕਟ ਅਤੇ ਰਾਜਨੀਤਕ ਮੁਖੌਟਿਆਂ ਨੂੰ ਉਤਾਰ ਦੇਣ ਅਤੇ ਆਪਣੇ ਅਹੁਦਿਆਂ ਤੋਂ ਮੁਸਤਫ਼ੀ ਹੋ ਕੇ, ਇੱਕ ਨਿਰਬਾਣ ਸਿੱਖ ਵਾਂਗ ਪੇਸ਼ ਹੋਣ|

Leave a Reply

Your email address will not be published. Required fields are marked *