ਭੂਚਾਲ ਦੇ ਝਟਕਿਆਂ ਨਾਲ ਫਿਰ ਦਹਿਲਿਆ ਇੰਡੋਨੇਸ਼ੀਆ, ਪੰਜ ਵਿਅਕਤੀਆਂ ਦੀ ਮੌਤ

ਮਾਤਾਰਾਮ, 20 ਅਗਸਤ (ਸ.ਬ.) ਇੰਡੋਨੇਸ਼ੀਆ ਦੇ ਲੋਮਬੋਕ ਵਿੱਚ ਕਈ ਸ਼ਕਤੀਸ਼ਾਲੀ ਅਤੇ ਮੱਧ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿੱਚ ਘੱਟ ਤੋਂ ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ| ਭੂਚਾਲ ਦੇ ਵਿਗਿਆਨੀਆਂ ਨੇ ਕੱਲ ਲਗਾਤਾਰ ਭੂਚਾਲ ਦੇ ਕਈ ਝਟਕੇ ਦਰਜ ਕੀਤੇ| ਪਹਿਲਾ ਝਟਕਾ 6.3 ਤੀਬਰਤਾ ਦਾ ਸੀ, ਜਿਸ ਦੇ ਬਾਅਦ ਜ਼ਮੀਨ ਖਿਸਕੀ ਅਤੇ ਲੋਕ ਸੁਰੱਖਿਅਤ ਸਥਾਨਾਂ ਵੱਲ ਦੌੜ ਪਏ| ਅਮਰੀਕੀ ਮੌਸਮ ਵਿਭਾਗ ਦੇ ਸਰਵੇ ਮੁਤਾਬਕ ਭੂਚਾਲ ਦੇ ਪਹਿਲੇ ਝਟਕੇ ਦੇ 12 ਘੰਟਿਆਂ ਬਾਅਦ ਫਿਰ ਧਰਤੀ ਕੰਬੀ, ਜਿਸ ਦੀ ਤੀਬਰਤਾ 6.9 ਮਾਪੀ ਗਈ ਅਤੇ ਇਸ ਦੇ ਬਾਅਦ ਤਕਰੀਬਨ ਪੰਜ ਹੋਰ ਤੇਜ਼ ਝਟਕੇ ਮਹਿਸੂਸ ਕੀਤੇ ਗਏ|
ਸਥਾਨਕ ਐਮਰਜੈਂਸੀ ਦੇ ਬੁਲਾਰੇ ਅਗੁੰਗ ਪ੍ਰਾਮੁਜਾ ਨੇ ਦੱਸਿਆ ਕਿ ਕੱਲ ਸ਼ਾਮ ਆਏ ਭੂਚਾਲ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ| ਇਨ੍ਹਾਂ ਵਿੱਚੋਂ ਦੋ ਪੂਰਬੀ ਲੋਮਬੋਕ ਅਤੇ 3 ਸੁੰਬਾਵਾ ਟਾਪੂ ਵਿੱਚ ਮਾਰੇ ਗਏ| ਪ੍ਰਾਮੁਜਾ ਨੇ ਕਿਹਾ ਕਿ ਹੁਣ ਤਕ 5 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਹੋਰ ਲੋਕ ਜ਼ਖਮੀ ਹਨ| ਅਸੀਂ ਹੁਣ ਵੀ ਸਹੀ ਅੰਕੜਿਆਂ ਦਾ ਇੰਤਜ਼ਾਰ ਕਰ ਰਹੇ ਹਾਂ| ਤਬਾਹੀ ਦੇ ਡਰ ਕਾਰਨ ਅਧਿਕਾਰੀਆਂ ਨੇ ਕੱਲ ਕਈ ਮਰੀਜ਼ਾਂ ਨੂੰ ਸੁੰਬਾਵਾ ਦੇ ਇਕ ਹਸਪਤਾਲ ਤੋਂ ਸੁਰੱਖਿਅਤ ਸਥਾਨ ਉਤੇ ਪੰਹੁਚਾਇਆ ਹੈ| ਰਾਸ਼ਟਰੀ ਐਮਰਜੈਂਸੀ ਏਜੰਸੀ ਦੇ ਬੁਲਾਰੇ ਸੁਤੋਪੋ ਪੂਰਵੋ ਨੁਗਰੋਹੋ ਮੁਤਾਬਕ ਲੋਮਬੋਕ ਵਿੱਚ ਵਧੇਰੇ ਸਥਾਨਾਂ ਤੇ ਬਿਜਲੀ ਸਪਲਾਈ ਬੰਦ ਹੋ ਗਈ| ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਵੀ ਲੋਮਬੋਕ ਵਿੱਚ ਭੂਚਾਲ ਆਇਆ ਸੀ, ਜਿਸ ਵਿੱਚ ਲੱਖਾਂ ਘਰ, ਮਸਜਿਦਾਂ ਅਤੇ ਵਪਾਰਕ ਸੰਸਥਾਨਾਂ ਨੂੰ ਨੁਕਸਾਨ ਪੁੱਜਾ ਸੀ| ਇੱਥੇ ਘੱਟ ਤੋਂ ਘੱਟ 481 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦ ਕਿ ਹਜ਼ਾਰਾਂ ਲੋਕ ਜ਼ਖਮੀ ਹੋਏ ਸਨ|

Leave a Reply

Your email address will not be published. Required fields are marked *