ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਵੱਖ ਵੱਖ ਪ੍ਰਵਾਨਗੀਆਂ ਦੇਣ ਸੰਬੰਧੀ ਗਮਾਡਾ ਨੇ ਲਾਗੂ ਕੀਤੀ ਨਵੀਂ ਵਿਵਸਥਾ

ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਵੱਖ ਵੱਖ ਪ੍ਰਵਾਨਗੀਆਂ ਦੇਣ ਸੰਬੰਧੀ ਗਮਾਡਾ ਨੇ ਲਾਗੂ ਕੀਤੀ ਨਵੀਂ ਵਿਵਸਥਾ
ਪਹਿਲਾਂ ਅਰਜੀ ਦੇਣ ਵਾਲਿਆਂ ਦਾ ਕੰਮ ਪਹਿਲਾਂ ਕਰਨਾ ਜਰੂਰੀ ਕੀਤਾ, ਤਤਕਾਲ ਸਕੀਮ ਵੀ ਲਾਗੂ ਕਰ ਸਕਦੀ ਹੈ ਗਮਾਡਾ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 8 ਜੂਨ

ਗਮਾਡਾ ਮੁਹਾਲੀ ਵਲੋਂ ਦਫਤਰੀ ਕੰਮਕਾਜ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੇ ਕਾਬੂ ਕਰਨ ਲਈ ਨਵੀਂ ਪ੍ਰਣਾਲੀ ਲਾਗੂ ਕਰ ਦਿੱਤੀ ਹੈ| ਜਿਸਦੇ ਅਨੁਸਾਰ ਗਮਾਡਾ ਵਿੱਚ ਕਿਸੇ ਵੀ ਕੰਮ ਲਈ ਦਿੱਤੀ ਜਾਣ ਵਾਲੀ ਅਰਜੀ ਨੂੰ ਇੱਕ ਨੰਬਰ ਦਿੱਤਾ ਜਾਵੇਗਾ ਅਤੇ ਦਫਤਰ ਵਿੱਚ ਪਹੁੰਚਣ ਵਾਲੀਆਂ ਤਮਾਮ ਅਰਜੀਆਂ ਤੇ ਉਹਨਾਂ ਦੇ ਨੰਬਰ ਦੇ ਅਨੁਸਾਰ ਪਹਿਲਾਂ ਕਾਰਵਾਈ ਕਰਨੀ ਜਰੂਰੀ ਹੋਵੇਗੀ|
ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਰਵੀ ਭਗਤ ਨੇ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਫਤਰੀ ਕੰਮਕਾਜ ਵਿੱਚ ਸੁਧਾਰ ਕਰਨ ਅਤੇ ਭ੍ਰਿਸ਼ਟਾਚਾਰ ਦੀਆਂ ਵੱਧ ਰਹੀਆਂ ਸ਼ਿਕਾਇਤਾਂ ਤੇ ਕਾਬੂ ਕਰਨ ਲਈ ਇਹ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ| ਜਿਸਦੇ ਤਹਿਤ ਦਫਤਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਜਵਾਬਦੇਹ ਬਣਾਇਆ ਗਿਆ ਹੈ ਕਿ ਉਹ ਪਹਿਲਾਂ ਤੋਂ ਅਰਜੀ ਦੇਣ ਵਾਲਿਆਂ ਦਾ ਕੰਮ ਪਹਿਲਾਂ ਕਰਨ|  ਉਹਨਾਂ ਕਿਹਾ ਕਿ ਇਹ ਆਮ ਸ਼ਿਕਾਇਤ ਹੈ ਕਿ ਗਮਾਡਾ ਵਿੱਚ ਰੁਟੀਨ ਕੰਮ ਲਈ ਜਿੱਥੇ ਵੱਧ ਸਮਾਂ ਲਗਦਾ ਹੈ ਉਥੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਹੀ ਕੰਮ ਤੁਰੰਤ ਫੁਰਤ ਵਿੱਚ ਕਰਵਾ ਲਿਆ ਜਾਂਦਾ ਸੀ ਅਤੇ ਅਜਿਹਾ ਹੋਣ ਕਾਰਨ ਕਿਸੇ ਸਕੀਮ ਲਈ ਪਹਿਲਾਂ ਅਰਜੀ ਦੇਣ ਵਾਲੇ ਵਿਅਕਤੀ ਬਿਨਾਂ ਵਜ੍ਹਾ ਲੇਟ ਹੁੰਦੇ ਰਹਿੰਦੇ ਸਨ|
ਹਾਲਾਂਕਿ ਉਹਨਾਂ ਕਿਹਾ ਕਿ ਜੇਕਰ ਪਹਿਲਾਂ ਅਰਜੀ ਦੇਣ ਵਾਲੇ ਕਿਸੇ ਵਿਅਕਤੀ ਦੇ ਕੰਮ ਬਾਰੇ ਗਮਾਡਾ ਵੱਲੋਂ ਕੋਈ ਇਤਰਾਜ ਲਗਾਇਆ ਜਾਂਦਾ ਹੈ ਤਾਂ ਉਸਤੋਂ ਬਾਅਦ ਅਰਜੀ ਦੇਣ ਵਾਲੇ ਵਿਅਕਤੀਆਂ ਦਾ ਕੰਮ ਕੀਤਾ   ਜਾਵੇਗਾ| ਉਹਨਾਂ ਕਿਹਾ ਕਿ ਗਮਾਡਾ ਵਲੋਂ ਵੱਖ ਵੱਖ ਕੰਮਾਂ ਵਾਸਤੇ ਵੱਧ ਤੋਂ ਵੱਧ  ਸਮਾਂ ਨਿਰਧਾਰਿਤ ਹੈ ਪਰੰਤੂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਸਮੇਂ ਤੱਕ ਫਾਈਲਾਂ ਨੂੰ ਰੋਕਣ ਦੀ ਥਾਂ ਹਰਕੇ ਕੰਮ ਨੂੰ ਛੇਤੀ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲੀਅਤ ਮਿਲੇ|
ਉਹਨਾਂ ਦੱਸਿਆ ਕਿ ਗਮਾਡਾ ਵਲੋਂ ਵੱਖ -ਵੱਖ ਕੰਮਾਂ ਲਈ ਤਤਕਾਲ ਸਕੀਮ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਵੱਖ ਵੱਖ ਕੰਮਾਂ ਦੇ ਅਨੁਸਾਰ ਉਹਨਾਂ ਦੀ ਵੱਖੋਂ ਵੱਖਰੀ ਫੀਸ ਤੈਅ ਕੀਤੀ ਜਾਵੇਗੀ ਤਾਂ ਜੋ ਛੇਤੀ ਕੰਮ ਕਰਵਾਉਣ ਦੇ ਚਾਹਵਾਨ ਵਿਅਕਤੀ ਬਣਦੀ ਫੀਸ ਦੇ ਕੇ ਆਪਣਾ ਕੰਮ ਕਰਵਾਉਣ|
ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਨ ਸ੍ਰੀ ਸੰਦੀਪ ਹੰਸ ਨੇ ਇਸ ਸੰਬੰਧੀ ਗੱਲ ਕਰਨ ਤੇ ਕਿਹਾ ਕਿ ਗਮਾਡਾ ਵਲੋਂ ਇਸ ਗੱਲ ਦਾ ਵੀ ਧਿਆਨ ਰੱਖਿਆ  ਜਾਵੇਗਾ ਕਿ ਕਰਮਚਾਰੀ ਇਸ ਬਹਾਨੇ ਲੋਕਾਂ ਨੂੰ ਖਜੱਲ ਖੁਆਰ ਨਾ ਕਰ ਸਕਣ| ਉਹਨਾਂ ਕਿਹਾ ਕਿ ਜਿਆਦਾਤਰ ਲੋਕਾਂ ਵਲੋਂ ਗਮਾਡਾ ਵਿੱਚ ‘ਨੋ ਵਿਊ ਸਰਟੀਫਿਕੇਟ, ਨੋ ਆਬਜੈਕਸ਼ਨ ਸਰਟੀਫਿਕੇਟ , ਚੇਂਜ ਆਫ Tਨਰਸ਼ਿਪ, ਟ੍ਰਾਂਸਫਰ, ਆਕੂਪੈਸ਼ਨ, ਸੀਡੀ ਆਦਿ ਕੰਮਾਂ ਲਈ ਅਰਜੀਆਂ ਦਿੱਤੀਆਂ ਜਾਂਦੀਆਂ ਹਨ | ਉਹਨਾਂ ਕਿਹਾ ਕਿ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਗਮਾਡਾ ਵਿੱਚ ਆਉਣ ਵਾਲੀਆਂ ਵੱਖ ਵੱਖ ਕੰਮਾਂ ਦੀਆਂ ਅਰਜੀਆਂ ਦੇ ਵਰਗ ਅਨੁਸਾਰ ਪਹਿਲ ਦੇ ਆਧਾਰ ਤੇ ਕੰਮ ਮੁਕੰਮਲ ਕੀਤਾ  ਜਾਵੇ|

ਤਤਕਾਲ ਸਕੀਮ ਲਾਗੂ ਕਰੇ ਗਮਾਡਾ


ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰ. ਸੁਲਿੰਦਰ ਆਨੰਦ ਨੇ ਕਿਹਾ ਕਿ ਗਮਾਡਾ ਵਲੋਂ ਲਾਗੂ ਕੀਤੀ ਗਈ ਨਵੀਂ ਵਿਵਸਥਾ ਸੁਆਗਤ ਯੋਗ ਹੈ ਪਰੰਤੂ ਇਸ ਦੇ ਨਾਲ ਹੀ ਗਮਾਡਾ ਨੂੰ ਇਹ ਵੀ ਯਕੀਨੀ ਕਰਨਾ ਚਾਹੀਦਾ ਹੈ ਕਿ ਇਸ ਨਵੀਂ ਵਿਵਸਥਾ ਦੇ ਬਹਾਨੇ ਕਰਮਚਾਰੀ ਲੋਕਾਂ ਨੂੰ ਖੱਜਲਖੁਆਰ ਨਾ ਕਰਨ| ਉਹਨਾਂ ਮੰਗ ਕੀਤੀ ਕਿ ਗਮਾਡਾ ਵਲੋਂ ਦੂਰੋਂ ਆਉਣ ਵਾਲਿਆਂ ਜਾਂ ਕਿਸੇ ਹੋਰ ਕਾਰਨ ਜਲਦੀ ਕੰਮ ਕਰਵਾਉਣ ਵਾਲਿਆਂ ਲਈ ਤਤਕਾਲ ਸਕੀਮ ਲਾਗੂ ਕੀਤੀ ਜਾਵੇ ਤਾਂ ਜੋ ਭ੍ਰਿਸ਼ਟਾਚਾਰ ਤੇ ਕਾਬੂ ਹੋਣ ਦੇ ਨਾਲ ਨਾਲ ਗਮਾਡਾ ਦੀ ਕਮਾਈ ਵਿੱਚ ਵੀ ਵਾਧਾ ਹੋਵੇ ਅਤੇ ਆਮ ਲੋਕਾਂ ਨੂੰ ਵੀ ਸਹੂਲੀਅਤ ਮਿਲੇ|

Leave a Reply

Your email address will not be published. Required fields are marked *