ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ ਦੇਸ਼ ਵਿੱਚ ਹੁੰਦੀ ਨਕਲੀ ਸਾਮਾਨ ਦੀ ਵਿਕਰੀ

ਜੇਕਰ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਵੱਧਦੇ ਭ੍ਰਿਸ਼ਟਾਚਾਰ ਨੂੰ ਦੇਸ਼ ਦੀ ਸਭ ਤੋਂ ਪ੍ਰਮੁਖ ਸਮੱਸਿਆ ਮੰਨਿਆ ਜਾ ਸਕਦਾ ਹੈ| ਇਹ ਇੱਕ ਅਜਿਹਾ ਘੁੱਟ ਹੈ ਜਿਹੜਾ ਸਾਡੇ ਦੇਸ਼ ਦੀ ਪੂਰੀ ਵਿਵਸਥਾ ਨੂੰ ਅੰਦਰ ਹੀ ਅੰਦਰ ਖੋਖਲਾ ਕਰਦਾ ਜਾ ਰਿਹਾ ਹੈ ਅਤੇ ਇਸਨੇ ਸਿਰਫ ਸਰਕਾਰੀ ਢਾਂਚੇ ਨੂੰ ਹੀ ਨਹੀਂ ਬਲਕਿ ਆਮ ਜਨਤਾ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਹੈ| ਆਮ ਗੱਲਬਾਤ ਵਿੱਚ ਭਾਵੇਂ ਹਰ ਕੋਈ ਇਸ ਤੋਂ ਤੰਗ ਦਿਖਦਾ ਹੈ ਪਰੰਤੂ ਇਹ ਵੀ ਅਸਲੀਅਤ ਹੈ ਕਿ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਹਿੱਸਾ ਬਣੇ ਹੋਏ ਹਾਂ| ਹਾਲਾਂਕਿ ਪਿਛਲੇ ਸਮੇਂ ਦੌਰਾਨ ਦੇਸ਼ ਭਰ ਵਿੱਚ ਇਸ ਬਾਰੇ ਕਾਫੀ ਜਾਗਰੂਕਤਾ ਵੀ ਆਈ ਹੈ ਅਤੇ ਹੁਣ ਲੋਕ ਖੁੱਲ ਕੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ ਵੀ ਚੁੱਕਣ ਲੱਗੇ ਹਨ ਪਰੰਤੂ ਇਸਦੇ ਬਾਵਜੂਦ ਇਸਤੇ ਰੋਕ ਲਗਣੀ ਤਾਂ ਇੱਕ ਪਾਸੇ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ|
ਆਮ ਲੋਕ ਭਾਵੇਂ ਸਰਕਾਰੀ ਕੰਮਕਾਜ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਦੀ ਹੀ ਗੱਲ ਕਰਦੇ ਹਨ ਪਰੰਤੂ ਭ੍ਰਿਸ਼ਟਾਚਾਰ ਦੇ ਹੋਰ ਵੀ ਕਈ ਰੂਪ ਹਨ ਜਿਹਨਾਂ ਬਾਰੇ ਹੁਣੇ ਆਮ ਲੋਕਾਂ ਵਿੱਚ ਕੋਈ ਜਾਗਰੂਕਤਾ ਜਾਂ ਉਸਦੇ ਖਿਲਾਫ ਕੋਈ ਸਰਗਰਮੀ ਨਜ਼ਰ ਨਹੀਂ ਆਉਂਦੀ| ਲਫਜਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਭ੍ਰਿਸ਼ਟਾਚਾਰ ਦਾ ਸਿੱਧਾ ਅਰਥ ਹੈ ਭ੍ਰਿਸ਼ਟ ਆਚਰਣ ਨੂੰ ਅੰਜਾਮ ਦੇ ਕੇ ਨਿੱਜੀ ਫਾਇਦਾ ਹਾਸਿਲ ਕਰਨਾ| ਇਹ ਕਾਰਵਾਈ ਭਾਵੇਂ ਕਿਸੇ ਸਰਕਾਰੀ ਕਰਮਚਾਰੀ ਵਲੋਂ ਅੰਜਾਮ ਦਿੱਤੀ ਜਾਵੇ, ਕਿਸੇ ਉਦਯੋਗਪਤੀ, ਵਪਾਰੀ ਜਾਂ ਆਮ ਨਾਗਰਿਕ ਵਲੋਂ ਇਸਦਾ ਅਰਥ ਉਹੀ ਰਹਿੰਦਾ ਹੈ ਹਾਂ ਇਸਦੇ ਤਰੀਕੇ ਜਰੂਰ ਬਦਲ ਜਾਂਦੇ ਹਨ| ਇਹ ਵੀ ਕਿਹਾ ਜਾ ਸਕਦਾ ਹੈ ਕਿ ਭ੍ਰਿਸ਼ਟਾਚਾਰ ਨੂੰ ਸਿਰਫ ਰਿਸ਼ਵਤ ਦੇ ਲੈਣ ਦੇਣ ਤਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ ਬਲਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਖੁਦ ਨੂੰ ਨਿੱਜੀ ਫਾਇਦਾ ਪਹੁੰਚਾਉਣ ਵਾਲੀਆਂ ਹਰ ਤਰ੍ਹਾਂ ਦੀਆਂ ਕਾਰਵਾਈਆਂ ਭ੍ਰਿਸ਼ਟਾਚਾਰ ਦੇ ਦਾਇਰੇ ਹੇਠ ਹੀ ਆਉਂਦੀਆਂ ਹਨ|
ਦੇਸ਼ ਦੇ ਵੱਡੇ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਖਾਤਿਆਂ ਦਾ ਹੇਰਫੇਰ ਕਰਕੇ ਕੀਤੀਆਂ ਜਾਂਦੀਆਂ ਕਾਰਵਾਈਆਂ ਹੋਣ ਜਾਂ ਆਮ ਵਪਾਰੀਆਂ ਵਲੋਂ ਕੀਤੀ ਜਾਂਦੀ ਟੈਕਸ ਚੋਰੀ, ਅਜਿਹੀ ਹਰ ਛੋਟੀ ਵੱਡੀ ਕਾਰਵਾਈ ਭ੍ਰਿਸ਼ਟਾਚਾਰ ਦੇ ਦਾਇਰੇ ਵਿੱਚ ਹੀ ਆਉਂਦੀ ਹੈ| ਆਮ ਲੋਕਾਂ ਵਲੋਂ ਆਪਣੇ ਕੰਮ ਨਾਲ ਸੰਬੰਧਿਤ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਆਪਣੀਆਂ ਭ੍ਰਿਸ਼ਟ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ| ਇਹ ਲੋਕ ਨਾ ਸਿਰਫ ਦੂਜਿਆਂ ਦਾ ਹੱਕ ਮਾਰਦੇ ਹਨ ਬਲਕਿ ਸਰਕਾਰੀ ਖਜਾਨੇ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ| ਸਾਡੇ ਦੇਸ਼ ਦੇ ਬਾਜਾਰਾਂ ਵਿੱਚ ਖੁੱਲੇਆਮ ਹੁੰਦੀ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਦੀ ਕਾਰਵਾਈ ਵੀ ਭ੍ਰਿਸ਼ਟਾਚਾਰ ਦਾ ਅਜਿਹਾ ਹੀ ਇੱਕ ਰੂਪ ਹੈ ਜਿਸਨੂੰ ਭ੍ਰਿਸ਼ਟ ਉਦਯੋਗਪਤੀਆਂ, ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅੰਜਾਮ ਦਿੱਤਾ ਜਾਂਦਾ ਹੈ| ਨਕਲੀ ਸਾਮਾਨ ਦੀ ਇਸ ਵਿਕਰੀ ਦਾ ਕੰਮ ਬਹੁਤ ਵਿਆਪਕ ਪੱਧਰ ਤੇ ਹੁੰਦਾ ਹੈ| ਬਾਜਾਰ ਵਿੱਚ ਵਿਕਣ ਵਾਲੇ ਨਕਲੀ ਸਾਮਾਨ ਦੀ ਕੀਮਤ ਅਸਲ ਸਾਮਾਨ ਤੋਂ ਕਾਫੀ ਘੱਟ ਹੁੰਦੀ ਹੈ ਅਤੇ ਇਸ ਵਿੱਚ ਦੁਕਾਨਦਾਰ ਦਾ ਮੁਨਾਫਾ ਵੀ ਜਿਆਦਾ ਹੁੰਦਾ ਹੈ ਪਰੰਤੂ ਸਾਮਾਨ ਦੀ ਕੁਆਲਟੀ ਘਟੀਆ ਕਿਸਮ ਦੀ ਹੋਣ ਕਾਰਨ ਬਾਅਦ ਵਿੱਚ ਖਪਤਕਾਰ ਨੂੰ ਪਛਤਾਉਣਾ ਪੈਂਦਾ ਹੈ|
ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਨਕਲੀ ਸਾਮਾਨ ਦੀ ਵਿਕਰੀ ਦੀ ਇਸ ਕਾਰਵਾਈ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਹੈ ਕਿਉਂਕਿ ਨਾ ਤਾਂ ਨਕਲੀ ਸਾਮਾਨ ਤਿਆਰ ਕਰਨ ਵਾਲੇ ਸਰਕਾਰ ਨੂੰ ਕੋਈ ਟੈਕਸ ਦਿੰਦੇ ਹਨ, ਨਾ ਇਸਨੂੰ ਵੇਚਣ ਵਾਲੇ ਦੁਕਾਨਦਾਰ ਅਤੇ ਇਹ ਸਾਰਾ ਕੰਮ ਦੋ ਨੰਬਰ ਵਿੱਚ ਹੀ ਹੁੰਦਾ ਹੈ| ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਨਕਲੀ ਸਮਾਨ ਦੇ ਇਸ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਏ| ਇਸ ਕਾਰਵਾਈ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਇਸ ਸੰਬੰਧੀ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਅਤੇ ਦੇਸ਼ ਭਰ ਵਿੱਚ ਚਲਦੇ ਇਸ ਕਾਲੇ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਈ ਜਾਵੇ| ਅਜਿਹਾ ਕਰਨਾ ਆਸਾਨ ਨਹੀਂ ਹੈ ਕਿਉਂਕਿ ਇਸ ਕਾਲੇ ਕਾਰੋਬਾਰ ਦਾ ਫਾਇਦਾ ਕਈ ਥਾਂਵਾਂ ਤੇ ਵੰਡਿਆ ਜਾਂਦਾ ਹੈ ਅਤੇ ਇਸਦਾ ਫਾਇਦਾ ਚੁੱਕਣ ਵਾਲੇ ਰਸੂਖਦਾਰ ਲੋਕ ਹੀ ਇਸਦੇ ਖਿਲਾਫ ਹੋਣ ਵਾਲੀ ਕਾਰਵਾਈ ਵਿੱਚ ਰੁਕਾਵਟ ਬਣ ਜਾਂਦੇ ਹਨ| ਮੋਦੀ ਸਰਕਾਰ ਵੀ ਆਪਣੇ ਤਮਾਮ ਦਾਅਵਿਆਂ ਦੇ ਬਾਵਜੂਦ ਇਸ ਤੇ ਕਾਬੂ ਕਰਨ ਦੀ ਕਾਮਯਾਬ ਨਹੀਂ ਹੋ ਪਾਈ ਹੈ ਅਤੇ ਵੇਖਣਾ ਇਹ ਹੈ ਕਿ ਆਪਣੇ ਕਾਰਜਕਾਲ ਦੇ ਆਖਿਰੀ ਸਾਲ ਵਿੱਚ ਸਰਕਾਰ ਇਸਦੇ ਖਿਲਾਫ ਕੀ ਰੁੱਖ ਅਖਤਿਆਰ ਕਰਦੀ ਹੈ|

Leave a Reply

Your email address will not be published. Required fields are marked *