ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ ਦੇਸ਼ ਵਿੱਚ ਹੁੰਦੀ ਨਕਲੀ ਸਾਮਾਨ ਦੀ ਵਿਕਰੀ

ਭ੍ਰਿਸ਼ਟਾਚਾਰ ਇਸ ਵੇਲੇ ਵੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਹਰ ਦੇਸ਼ ਵਾਸੀ ਇਸ ਤੋਂ ਤੰਗ ਨਜਰ ਆਉਂਦਾ ਹੈ| ਪਿਛਲੇ ਸਮੇਂ ਦੌਰਾਨ ਭਾਵੇਂ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਜਾਗਰੂਕਤਾ ਆਈ ਹੈ ਅਤੇ ਲੋਕ ਹੁਣ ਭ੍ਰਿਸ਼ਟਾਚਾਰ ਦੇ ਵਿਰੁੱਧ ਖੁੱਲ ਕੇ ਸਾਮ੍ਹਣੇ ਵੀ ਆਉਣ ਲੱਗ ਪਏ ਹਨ| ਹਾਲਾਂਕਿ ਲੋਕਾਂ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਹੋਣ ਵਾਲੀ ਚਰਚਾ ਦਾ ਕੇਂਦਰ ਸਰਕਾਰੀ ਕੰਮ ਕਾਜ ਦੌਰਾਨ ਹੋਣ ਵਾਲਾ ਭ੍ਰਿਸ਼ਟਾਚਾਰ ਹੀ ਹੁੰਦਾ ਹੈ ਅਤੇ ਆਮ ਗੱਲਬਾਤ ਦੌਰਾਨ ਲੋਕ ਇਸਦੀ ਹੀ ਗੱਲ ਕਰਦੇ ਹਨ ਪਰੰਤੂ ਇਸਤੋਂ ਇਲਾਵਾ ਵੀ ਭ੍ਰਿਸ਼ਟਾਚਾਰ ਦੇ ਹੋਰ ਕਈ ਰੂਪ ਹਨ ਜਿਹਨਾਂ ਬਾਰੇ ਹੁਣੇ ਆਮ ਲੋਕਾਂ ਵਿੱਚ ਕੋਈ ਜਾਗਰੂਕਤਾ ਜਾਂ ਉਸਦੇ ਖਿਲਾਫ ਕੋਈ ਸਰਗਰਮੀ ਨਜਰ ਨਹੀਂ ਆਉਂਦੀ|
ਭ੍ਰਿਸ਼ਟਾਚਾਰ ਦਾ ਸਿੱਧਾ ਅਰਥ ਹੈ ਭ੍ਰਿਸ਼ਟ ਆਚਰਣ ਨੂੰ ਅੰਜਾਮ ਦੇ ਕੇ ਨਿੱਜੀ ਫਾਇਦਾ ਹਾਸਿਲ ਕਰਨਾ| ਇਹ ਕਾਰਵਾਈ ਭਾਵੇਂ ਕਿਸੇ ਸਰਕਾਰੀ ਕਰਮਚਾਰੀ ਵਲੋਂ ਅੰਜਾਮ ਦਿੱਤੀ ਜਾਵੇ, ਕਿਸੇ ਉਦਯੋਗਪਤੀ, ਵਪਾਰੀ ਜਾਂ ਆਮ ਜਨਤਾ ਵਲੋਂ ਇਸਦਾ ਅਰਥ ਉਹੀ ਰਹਿੰਦਾ ਹੈ ਹਾਂ ਇਸਦੇ ਤਰੀਕੇ ਜਰੂਰ ਬਦਲ ਜਾਂਦੇ ਹਨ| ਭਿਸ਼ਟਾਚਾਰ ਨੂੰ ਸਿਰਫ ਰਿਸ਼ਵਤ ਦੇ ਲੈਣ ਦੇਣ ਤਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ ਹੈ ਬਲਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਖੁਦ ਨੂੰ ਨਿੱਜੀ ਫਾਇਦਾ ਪਹੁੰਚਾਉਣ ਵਾਲੀਆਂ ਸਾਰੀਆਂ ਕਾਰਵਾਈਆਂ ਭ੍ਰਿਸ਼ਟਾਚਾਰ ਦੇ ਦਾਇਰੇ ਹੇਠ ਹੀ ਆਉਂਦੀਆਂ ਹਨ| ਦੇਸ਼ ਦੇ ਵੱਡੇ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਖਾਤਿਆਂ ਦਾ ਹੇਰਫੇਰ ਕਰਕੇ ਕੀਤੀਆਂ ਜਾਂਦੀਆਂ ਕਾਰਵਾਈਆਂ ਹੋਣ ਜਾਂ ਆਮ ਵਪਾਰੀਆਂ ਵਲੋਂ ਕੀਤੀ ਜਾਂਦੀ ਟੈਕਸ ਚੋਰੀ, ਅਜਿਹੀ ਹਰ ਛੋਟੀ ਤੋਂ ਵੱਡੀ ਕਾਰਵਾਈ ਭ੍ਰਿਸ਼ਟਾਚਾਰ ਦੇ ਦਾਇਰੇ ਵਿੱਚ ਹੀ ਆਉਂਦੀ ਹੈ| ਅਜਿਹੇ ਲੋਕਾਂ ਵਲੋਂ ਆਪਣੇ ਕੰਮ ਨਾਲ ਸੰਬੰਧਿਤ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਆਪਣੀਆਂ ਇਹਨਾਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਆਪਣੇ ਨਿੱਜੀ ਫਾਇਦੇ ਲਈ ਨਾ ਸਿਰਫ ਦੂਜਿਆਂ ਦਾ ਹੱਕ ਮਾਰਿਆ ਜਾਂਦਾ ਹੈ ਬਲਕਿ ਦੇਸ਼ ਦੇ ਖਜਾਨੇ ਨੂੰ ਵੀ ਚੂਨਾ ਲਗਾਇਆ ਜਾਂਦਾ ਹੈ|
ਸਾਡੇ ਦੇਸ਼ ਵਿੱਚ ਨਕਲੀ ਸਾਮਾਨ ਦੀ ਵਿਕਰੀ ਦਾ ਕੰਮ ਬਹੁਤ ਵਿਆਪਕ ਪੱਧਰ ਤੇ ਹੁੰਦਾ ਹੈ ਅਤੇ ਇੱਥੇ ਹਰ ਅਸਲ ਸਾਮਾਨ ਦੀ ਨਕਲ ਬਾਜਾਰ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ| ਬਾਜਾਰਾਂ ਵਿੱਚ ਹਰ ਤਰ੍ਹਾਂ ਦਾ ਨਕਲੀ ਅਤੇ ਮਿਲਾਵਟੀ ਸਾਮਾਨ ਧੜੱਲੇ ਨਾਲ ਵਿਕਦਾ ਹੈ| ਬਾਜਾਰ ਵਿੱਚ ਵਿਕਣ ਵਾਲੇ ਇਸ ਨਕਲੀ ਸਾਮਾਨ ਦੀ ਕੀਮਤ ਅਸਲ ਸਾਮਾਨ ਤੋਂ ਘੱਟ ਹੁੰਦੀ ਹੈ ਅਤੇ ਇਸ ਵਿੱਚ ਦੁਕਾਨਦਾਰ ਦਾ ਮੁਨਾਫਾ ਵੀ ਜਿਆਦਾ ਹੁੰਦਾ ਹੈ ਪਰੰਤੂ ਸਾਮਾਨ ਦੀ ਕੁਆਲਟੀ ਘਟੀਆ ਕਿਸਮ ਦੀ ਹੋਣ ਕਾਰਨ ਬਾਅਦ ਵਿੱਚ ਖਪਤਕਾਰ ਨੂੰ ਪਛਤਾਉਣਾ ਪੈਂਦਾ ਹੈ| ਵੇਖਿਆ ਜਾਵੇ ਤਾਂ ਦੇਸ਼ ਵਿੱਚ ਵੱਡੇ ਪੱਧਰ ਤੇ ਹੁੰਦੀ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਵੀ ਭ੍ਰਿਸ਼ਟਾਚਾਰ ਦੇ ਦਾਇਰੇ ਵਿੱਚ ਹੀ ਆਉਂਦੀ ਹੈ ਜਿਸਨੂੰ ਭ੍ਰਿਸ਼ਟ ਉਦਯੋਗਪਤੀਆਂ, ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅੰਜਾਮ ਦਿੱਤਾ ਜਾਂਦਾ ਹੈ|
ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਨਕਲੀ ਸਾਮਾਨ ਦੀ ਵਿਕਰੀ ਦੀ ਇਸ ਕਾਰਵਾਈ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਹੈ ਕਿਉਂਕਿ ਨਾ ਤਾਂ ਨਕਲੀ ਸਾਮਾਨ ਤਿਆਰ ਕਰਨ ਵਾਲੇ ਸਰਕਾਰ ਨੂੰ ਕੋਈ ਟੈਕਸ ਦਿੰਦੇ ਹਨ, ਨਾ ਇਸਨੂੰ ਵੇਚਣ ਵਾਲੇ ਦੁਕਾਨਦਾਰ ਅਤੇ ਇਹ ਸਾਰਾ ਕੰਮ ਦੋ ਨੰਬਰ ਵਿੱਚ ਹੀ ਹੁੰਦਾ ਹੈ| ਪਰੰਤੂ ਇਸਦੇ ਬਾਵਜੂਦ ਨਕਲੀ ਸਾਮਾਨ ਦੀ ਵੱਡੇ ਪੱਧਰ ਤੇ ਹੁੰਦੀ ਵਿਕਰੀ ਦੀ ਇਸ ਕਾਰਵਾਈ ਨੂੰ ਰੋਕਣ ਵਿੱਚ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਨਾਕਾਮ ਹਨ| ਇਸਦਾ ਕਾਰਨ ਇਹ ਹੈ ਕਿ ਜਿਸ ਸਰਕਾਰੀ ਤੰਤਰ ਦੇ ਸਿਰ ਇਸ ਕਾਰਵਾਈ ਨੂੰ ਰੋਕਣ ਦੀ ਜਿੰਮੇਵਾਰੀ ਹੈ ਉਸ ਦੀ ਸਰਪਰਤੀ ਵਿੱਚ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਨਕਲੀ ਸਮਾਨ ਦੇ ਇਸ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਏ| ਇਸ ਕਾਰਵਾਈ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਇਸ ਸੰਬੰਧੀ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਅਤੇ ਦੇਸ਼ ਭਰ ਵਿੱਚ ਚਲਦੇ ਇਸ ਕਾਲੇ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਈ ਜਾਵੇ| ਹਾਲਾਂਕਿ ਅਜਿਹਾ ਕਰਨਾ ਆਸਾਨ ਨਹੀਂ ਹੈ ਕਿਉਂਕਿ ਭ੍ਰਿਸ਼ਟ ਨੌਕਰਸ਼ਾਹਾਂ, ਰਾਜਨੇਤਾਵਾਂ, ਉਦਯੋਗਪਤੀਆਂ ਅਤੇ ਵਪਾਰੀਆਂ ਵਲੋਂ ਮਿਲਕੇ ਚਲਾਏ ਜਾਣ ਵਾਲੇ ਇਸ ਕਾਲੇ ਕਾਰੋਬਾਰ ਦਾ ਮੁਨਾਫਾ ਕਈ ਥਾਂਵਾਂ ਤੇ ਵੰਡਿਆ ਜਾਂਦਾ ਹੈ ਅਤੇ ਜਿਹਨਾਂ ਪ੍ਰਭਾਵਸ਼ਾਲੀ ਹੱਥਾਂ ਤਕ ਇਹ ਮੁਨਾਫਾ ਪਹੁੰਚਦਾ ਹੈ ਉਹੀ ਇਸਦੇ ਖਿਲਾਫ ਹੋਣ ਵਾਲੀ ਕਿਸੇ ਕਾਰਵਾਈ ਦੇ ਰਾਹ ਦੀ ਰੁਕਾਵਟ ਬਣ ਜਾਂਦੇ ਹਨ ਇਸ ਲਈ ਇਸਤੇ ਕਾਬੂ ਕਰਨ ਲਈ ਸਰਕਾਰ ਕੋਲ ਮਜਬੂਤ ਇਰਾਦਾ ਹੋਣਾ ਬਹੁਤ ਜਰੂਰੀ ਹੈ ਤਾਂ ਹੀ ਇਸ ਤਰੀਕੇ ਨਾਲ ਹੋ ਰਹੀ ਖਪਤਕਾਰਾਂ ਦੀ ਲੁੱਟ ਤੇ ਰੋਕ ਲੱਗ ਸਕਦੀ ਹੈ|

Leave a Reply

Your email address will not be published. Required fields are marked *