ਮਈ 2017 ਵਿਚ 50 ਭੁਗਤਾਨ ਬੈਂਕ ਖੋਲ੍ਹੇਗਾ ਭਾਰਤੀ ਡਾਕ ਵਿਭਾਗ

ਨਵੀਂ ਦਿੱਲੀ, 22 ਜੁਲਾਈ (ਸ.ਬ.)  ਭਾਰਤੀ ਡਾਕ ਵਿਭਾਗ ਆਪਣੇ 50 ਭੁਗਤਾਨ ਬੈਂਕ ਮਈ 2017 ਵਿਚ ਸ਼ੁਰੂ ਕਰੇਗਾ| ਮੌਜੂਦਾ ਯੋਜਨਾ ਮੁਤਾਬਕ ਪੂਰੇ ਦੇਸ਼ ਵਿਚ 650 ਭਾਰਤੀ ਡਾਕ ਭੁਗਤਾਨ ਬੈਂਕ ਸ਼ਾਖਾਵਾਂ ਖੋਲ੍ਹੀਆਂ ਜਾਣਗੀਆਂ| ਜਦੋਂ ਕਿ ਪਹਿਲੇ ਪੜਾਅ ਵਿਚ 50 ਸ਼ਾਖਾਵਾਂ ਮਈ ਵਿਚ ਖੋਲ੍ਹੀਆਂ ਜਾਣਗੀਆਂ ਅਤੇ ਬਾਕੀ ਸਤੰਬਰ 2017 ਵਿਚ ਕੰਮ ਸ਼ੁਰੂ ਕਰਨਗੀਆਂ| ਇਸ ਦੀ ਜਾਣਕਾਰੀ ਡਾਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ| ਡਾਕ ਵਿਭਾਗ ਦੇ ਸਕੱਤਰ ਐਸ. ਕੇ. ਸਿਨਹਾ ਨੇ ਕਿਹਾ, ”ਵਿਭਾਗ ਉਮੀਦ ਕਰਦਾ ਹੈ ਕਿ ਆਖਰੀ ਪ੍ਰਸਤਾਵ ਰਿਜ਼ਰਵ ਬੈਂਕ ਨੂੰ ਫਰਵਰੀ ਵਿਚ ਭੇਜ ਦਿੱਤਾ ਜਾਵੇਗਾ ਅਤੇ ਇਸ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ” ਪਿਛਲੇ ਸਾਲ ਅਗਸਤ ਵਿਚ ਰਿਜ਼ਰਵ ਬੈਂਕ ਨੇ ਭੁਗਤਾਨ ਬੈਂਕ ਲਈ 11 ਅਰਜ਼ੀਆਂ ਮਨਜ਼ੂਰ ਕੀਤੀਆਂ ਸਨ| ਇਨ੍ਹਾਂ ਵਿਚ ਡਾਕ ਵਿਭਾਗ, ਅਦਿੱਤਿਆ ਬਿਰਲਾ ਨੋਵੋ, ਏਅਰਟੈੱਲ ਐੱਮ ਕਾਮਰਸ ਸਰਵਿਸ, ਫਿਨੋ ਪੇ ਟੈੱਕ, ਨੈਸ਼ਨਲ ਸਕਿਓਰਿਟੀ ਜਮ੍ਹਾ ਕਰਤਾ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ ਅਤੇ ਵੋਡਾਫੋਨ ਐਮ-ਪੈਸਾ ਸ਼ਾਮਲ ਸਨ, ਜਿਨ੍ਹਾਂ ਨੂੰ ਭੁਗਤਾਨ ਬੈਂਕ ਖੋਲ੍ਹਣ ਦੀ ਮਨਜ਼ੂਰੀ ਮਿਲੀ ਹੈ| ਇਨ੍ਹਾਂ 11 ਵਿਚੋਂ ਤਿੰਨ ਨੇ ਭੁਗਤਾਨ ਬੈਂਕ ਨਹੀਂ ਖੋਲ੍ਹਣ ਦਾ ਫੈਸਲਾ ਲਿਆ ਹੈ| ਇਨ੍ਹਾਂ ਭੁਗਤਾਨ ਬੈਂਕਾਂ ਦੇ ਸੰਚਾਲਨ ਲਈ 2,000 ਲੋਕਾਂ ਦੀ ਲੋੜ ਹੋਵੇਗੀ| ਭਾਰਤੀ ਡਾਕ ਵਿਭਾਗ ਦੇ 1,55,000 ਡਾਕ ਘਰ ਹਨ| ਸਿਨਹਾ ਨੇ ਕਿਹਾ ਕਿ ਡਾਕ ਵਿਭਾਗ ਆਪਣੀਆਂ ਸੇਵਾਵਾਂ ਉਨ੍ਹਾਂ ਖੇਤਰਾਂ ਵਿਚ ਦੇਣ ਦੀ ਸੋਚ ਰਿਹਾ ਹੈ ਜਿੱਥੇ ਲੋਕਾਂ ਕੋਲ ਬੈਂਕ ਸਹੂਲਤਾਂ ਉਪਲੱਬਧ ਨਹੀਂ ਹਨ| ਉਨ੍ਹਾਂ ਕਿਹਾ ਕਿ ਭੁਗਤਾਨ ਬੈਂਕ ਦੀਆਂ ਸ਼ਾਖਾਵਾਂ ਦੇਸ਼ ਦੇ ਲਗਭਗ ਸਾਰੇ ਜ਼ਿਲਿਆਂ ਵਿਚ ਖੋਲ੍ਹੀਆਂ ਜਾਣਗੀਆਂ|

Leave a Reply

Your email address will not be published. Required fields are marked *