ਮਕਾਨਾਂ ਦੇ ਬਾਹਰ ਖੜ੍ਹਦੇ ਦੋ ਪਹੀਆਂ ਵਾਹਨਾਂ ਤੋਂ ਪੈਟਰੋਲ ਚੋਰੀ ਕਰਨ ਵਾਲਿਆਂ ਦਾ ਗਿਰੋਹ ਸਰਗਰਮ

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਸ਼ਹਿਰ ਵਿੱਚ ਮਕਾਨਾਂ ਦੇ ਬਾਹਰ ਖੜ੍ਹੇ ਹੋਣ ਵਾਲੇ ਦੋ ਪਹੀਆ ਵਾਹਨਾਂ ਤੋਂ ਪੈਟਰੋਲ ਚੋਰੀ ਕਰਨ ਵਾਲੇ ਸਰਗਰਮ ਹਨ ਅਤੇ ਇਹ ਵਿਅਕਤੀ ਗਲੀਆਂ ਵਿੱਚ ਮਕਾਨਾਂ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ਦਾ ਪੈਟਰੋਲ ਕੱਢ ਕੇ ਲੈ ਜਾਂਦੇ ਹਨ| ਅਜਿਹੇ ਕੁੱਝ ਵਿਅਕਤੀ ਅੱਜ ਸਵੇਰੇ ਪੌਣੇ ਛੇ ਵਜੇ ਦੇ ਕਰੀਬ ਫੇਜ਼ 7 ਦੇ 1700 ਨੰਬਰ ਵਾਲੀਆਂ ਕੋਠੀਆਂ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ਦਾ ਪੈਟਰੋਲ ਕੱਢ ਰਹੇ ਸਨ| ਇਸੇ ਦੌਰਾਨ ਸਵੇਰੇ ਇਹਨਾਂ ਮਕਾਨਾਂ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਸਬੀਰ ਸਿੰਘ ਜੱਸੀ ਜੋ ਗੁਰਦੁਆਰਾ ਸਾਹਿਬ ਤੋਂ ਘਰ ਪਰਤ ਰਹੇ ਸਨ ਦੀ ਨਿਗ੍ਹਾ ਉਹਨਾਂ ਤੇ ਪਈ ਅਤੇ ਇਹ ਵਿਅਕਤੀ ਜੋ ਗਿਣਤੀ ਵਿੱਚ ਦੋ ਸੀ, ਆਪਣੀਆਂ ਪਾਈਪਾਂ ਅਤੇ ਪੀਪੀਆਂ ਮੌਕੇ ਤੇ ਹੀ ਛੱਡ ਕੇ ਫਰਾਰ ਹੋ ਗਏ|
ਇਹਨਾਂ ਚੋਰਾਂ ਵਲੋਂ ਮੋਟਰਸਾਈਕਲ ਦੀ ਟੈਂਕੀ ਤੋਂ ਤੇਲ ਕੱਢਣ ਲਈ ਟੈਂਕੀ ਦੇ ਥੱਲੇ ਵਾਲਾ ਵਾਈਪ (ਜੋ ਇੰਜਨ ਵਿੱਚ ਲੱਗਦਾ ਹੈ) ਖੋਲ੍ਹ ਲਿਆ ਜਾਂਦਾ ਹੈ ਅਤੇ ਉਸ ਨਾਲ ਇਹ ਪੀਪੀ ਭਰ ਲੈਂਦੇ ਹਨ| ਸ੍ਰ ਜਸਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਪੀਪੀ ਪੂਰੀ ਭਰ ਗਈ ਸੀ ਜਦੋਂਕਿ ਦੂਜੀ ਵਿੱਚ ਥੋੜ੍ਹਾ ਜਿਹਾ ਪੈਟਰੋਲ ਸੀ| ਜਿਹਨਾਂ ਮੋਟਰਸਾਈਕਲਾਂ ਤੋਂ ਤੇਲ ਕੱਢਿਆ ਜਾ ਰਿਹਾ ਸੀ ਉਹ ਸਾਮਣੇ ਮਕਾਨ ਵਿੱਚ ਰਹਿੰਦੇ ਪੀ ਜੀ ਨੌਜਵਾਨਾਂ ਦੇ ਸਨ|
ਨਗਰ ਨਿਗਮ ਦੇ ਕੌਂਸਲਰ ਸ੍ਰ. ਫੂਲਰਾਜ ਸਿੰਘ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਅਤੇ ਇਸ ਨਾਲ ਸਾਬਿਤ ਹੁੰਦਾ ਹੈ ਕਿ ਗੈਰ ਸਮਾਜੀ ਅਨਸਰ ਲੋਕਾਂ ਦੇ ਘਰਾਂ ਵਿੱਚ ਪਹੁੰਚ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ| ਉਹਨਾਂ ਐਸ ਐਸ ਪੀ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਇਸ ਖੇਤਰ ਵਿੱਚ ਪੁਲੀਸ ਦੀ ਚੌਕਸੀ ਵਧਾਈ ਜਾਵੇ ਅਤੇ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ|

Leave a Reply

Your email address will not be published. Required fields are marked *