ਮਖੂ ਵਿੱਚ ਪੁਲੀਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ

ਮੋਗਾ, 11 ਫਰਵਰੀ (ਸ.ਬ.) ਮਖੂ ਵਿੱਚ ਅੱਜ ਸਵੇਰੇ ਪੁਲੀਸ ਅਤੇ ਗੈਂਗਸਟਰਾਂ ਵਿਚਕਾਰ ਜ਼ਬਰਦਸਤ ਗੋਲੀਬਾਰੀ ਹੋਈ| ਇਸ ਦੌਰਾਨ ਦੋਹਾਂ ਪਾਸਿਓਂ ਭਾਰੀ ਗੋਲੀਬਾਰੀ ਕੀਤੀ ਗਈ| ਦੱਸਿਆ ਜਾ ਰਿਹਾ ਹੈ ਕਿ 100 ਤੋਂ ਵਧ ਗੋਲੀਆਂ ਚੱਲੀਆਂ, ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ| ਚੜ੍ਹਦੀ ਸਵੇਰ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਲੋਕ ਸਹਿਮ ਗਏ, ਉਨ੍ਹਾਂ ਅੰਦਰ ਡਰ ਫੈਲ ਗਿਆ ਕਿ ਅਚਾਨਕ ਇਹ ਕੀ ਹੋ ਗਿਆ|
ਇਸ ਪੁਲੀਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਜ਼ਖਮੀ ਹੋ ਗਿਆ, ਉਸ ਦੇ ਪੱਟ ਵਿੱਚ ਗੋਲੀ ਵੱਜੀ| ਜ਼ਖਮੀ ਹੋਏ ਗੈਂਗਸਟਰ ਦਾ ਨਾਮ ਗਾਜਿਆ ਖਾਨ ਪੁੱਤਰ ਅਕਬਰ ਹੈ, ਜੋ ਕਿ ਮਾਤੋਈ ਜ਼ਿਲਾ ਸੰਗਰੂਰ ਦਾ ਰਹਿਣ ਵਾਲਾ ਹੈ| ਉਸ ਨੂੰ ਮਖੂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਅਤੇ ਪੁਲੀਸ ਉਸ ਦੀ ਨਿਗਰਾਨੀ ਕਰ ਰਹੀ ਹੈ| ਪੁਲੀਸ ਨੇ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ|
ਪੁਲੀਸ ਨੇ ਦੱਸਿਆ ਕਿ ਇਹ ਗੈਂਗਸਟਰ ਇਕ ਮਕਾਨ ਵਿੱਚ ਲੁਕੇ ਹੋਏ ਸਨ, ਜਿਸ ਨੂੰ ਘੇਰਾ ਪਾ ਲਿਆ ਗਿਆ ਸੀ| ਸਵੇਰੇ ਜਦੋਂ ਪੁਲੀਸ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲੱਗੀ ਤਾਂ ਗੈਂਗਸਟਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ| ਜਿਸ ਦੇ ਜਵਾਬ ਵਿੱਚ ਪੁਲੀਸ ਨੇ ਵੀ ਕਾਰਵਾਈ ਕੀਤੀ| ਇਹ ਕਾਰਵਾਈ ਸਵੇਰੇ 6.45 ਵਜੇ ਸ਼ੁਰੂ ਹੋਈ ਅਤੇ ਅੱਧੇ ਘੰਟੇ ਤਕ ਚੱਲੀ|
ਜਿਸ ਮਕਾਨ ਵਿੱਚ ਇਹ ਗੈਂਗਸਟਰ ਲੁਕੇ ਹੋਏ ਸਨ ਉਹ ਅਮਨ ਨਾਮ ਦੇ ਗੈਂਗਸਟਰ ਨੇ ਕਿਰਾਏ ਤੇ ਲਿਆ ਹੋਇਆ ਹੈ, ਜੋ ਕਿ ਸਾਬਕਾ ਕਾਂਗਰਸੀ ਐਮ.ਸੀ. ਕ੍ਰਿਸ਼ਣਾ ਰਾਣੀ ਦਾ ਹੈ| ਅਮਨ ਪੁੱਤਰ ਰੇਸ਼ਮ ਮਖੂ ਵਿੱਚ ਵੋਡਾਫੋਨ ਦੇ ਦਫਤਰ ਵਿੱਚ ਕੰਮ ਕਰ ਰਿਹਾ ਸੀ| ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਹੋਰ ਗੈਂਗਸਟਰਾਂ ਵਿੱਚ ਜ਼ਿਲਾ ਸੰਗਰੂਰ ਦੇ ਤੱਖਰਖੁਰਦ ਦਾ ਰਹਿਣ ਵਾਲਾ ਬੂਟਾ ਖਾਂ ਪੁੱਤਰ ਰੁਲਦੂ ਖਾਂ, ਮਖੂ ਦੇ ਈਸਾ ਨਗਰੀ ਦੇ ਰਹਿਣ ਵਾਲੇ ਵਿਸ਼ਾਲ ਪੁੱਤਰ ਸੁੱਖਾ ਅਤੇ ਸਟੀਫਨ ਪੁੱਤਰ ਰੇਸ਼ਮ ਸ਼ਾਮਲ ਹਨ| ਪੁਲੀਸ ਨੇ ਇਨ੍ਹਾਂ ਕੋਲੋਂ 3 ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ 1 ਪਿਸਤੌਲ 315 ਬੋਰ ਦਾ ਹੈ ਅਤੇ ਬਾਕੀ ਦੋ 32 ਬੋਰ ਦੇ ਹਨ| ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਪਹਿਲਾਂ ਵੀ ਕਈ ਵਾਰਦਾਤਾਂ ਕਰ ਚੁੱਕੇ ਹਨ ਅਤੇ ਇਨ੍ਹਾਂ ਦਾ ਸੰਬੰਧ ਮਲੇਰਕੋਟਲਾ ਦੇ ਗੈਂਗ ਨਾਲ ਹੈ|

Leave a Reply

Your email address will not be published. Required fields are marked *