ਮਟੌਰ ਪੁਲੀਸ ਵਲੋਂ ਦੋ ਵਾਹਨ ਚੋਰ ਕਾਬੂ, ਚੋਰੀ ਦੇ 30 ਮੋਟਰਸਾਈਕਲ ਬਰਾਮਦ

ਮਟੌਰ ਪੁਲੀਸ ਵਲੋਂ ਦੋ ਵਾਹਨ ਚੋਰ ਕਾਬੂ, ਚੋਰੀ ਦੇ 30 ਮੋਟਰਸਾਈਕਲ ਬਰਾਮਦ
ਐਸ਼ਪ੍ਰਸਤੀ ਲਈ ਚੋਰੀ ਕੀਤੇ ਵਾਹਨਾਂ ਦੇ ਜਾਅਲੀ ਕਾਗਜ ਤਿਆਰ ਕਰਕੇ ਵੇਚਦੇ ਸੀ ਅੱਗੇ
ਐਸ ਏ ਐਸ ਨਗਰ , 27 ਅਗਸਤ (ਸ.ਬ.) ਥਾਣਾ ਮਟੌਰ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਚੋਰੀ ਕੀਤੇ ਗਏ 30 ਮੋਟਰਸਾਈਕਲ ਬਰਾਮਦ ਕੀਤੇ ਹਨ| ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਪੀ ਸਿਟੀ ਸ੍ਰ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲਣ ਤੇ ਵਾਈ ਪੀ ਐਸ ਚੌਂਕ ਫੇਜ਼ 7 ਮੁਹਾਲੀ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ, ਇਸ ਦੌਰਾਨ ਦੋ ਮੋਟਰਸਾਈਕਲਾਂ ਉਪਰ ਸਵਾਰ ਲੱਕੀ ਵਸਨੀਕ ਜੰਡੇਕਲਾਂ, ਥਾਣਾ ਸਰਦੂਲਗੜ੍ਹ ਜਿਲ੍ਹਾ ਮਾਨਸਾ ਅਤੇ ਸੁਖਮੰਦਰ ਸਿੰਘ ਵਸਨੀਕ ਢਾਣੀ ਕਾਹਮਾਂ ਰਾਮ ਜਿਲ੍ਹਾ ਫਿਰੋਜਪੁਰ ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਇਹਨਾਂ ਦੋਵਾਂ ਕੋਲ ਮੌਜੂਦ ਮੋਟਰਸਾਈਕਲ ਚੋਰੀ ਦੇ ਪਾਏ ਗਏ| ਇਹਨਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ|
ਉਹਨਾਂ ਦਸਿਆ ਕਿ ਇਹ ਵਿਅਕਤੀ ਵੱਖ ਵੱਖ ਥਾਂਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਸਨ ਅਤੇ ਇਸ ਤੋਂ ਮਿਲੇ ਪੈਸਿਆਂ ਨਾਲ ਚੰਡੀਗੜ੍ਹ ਵਿਖੇ ਐਸ਼ਪ੍ਰਸਤੀ ਕਰਦੇ ਸਨ| ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਅੰਤਰਰਾਜੀ ਵਾਹਨ ਚੋਰ ਗਿਰੋਹ ਦੇ ਮਂੈਬਰ ਹਨ ਅਤੇ ਆਪਣੇ ਸਾਥੀਆਂ ਗੁਰਪ੍ਰੀਤ ਸਿੰਘ ਗੋਪੀ, ਅਮਨਦੀਪ ਸਿੰਘ, ਪ੍ਰਸ਼ੋਤਮ , ਨਾਲ ਮਿਲ ਕੇ ਮਾਨਸਾ, ਸਿਰਸਾ, ਫਾਜਿਲਕਾ, ਫਿਰੋਜਪੁਰ, ਲੁਧਿਆਣਾ, ਦਿਲੀ, ਚੰਡੀਗੜ੍ਹ ਤੇ ਮੁਹਾਲੀ ਦੇ ਵੱਖ ਵੱਖ ਇਲਾਕਿਆਂ ਵਿਚੋਂ ਮੋਟਰਸਾਈਕਲ ਚੋਰੀ ਕਰਦੇ ਸਨ ਅਤੇ ਅੱਗੇ ਵੇਚ ਦਿੰਦੇ ਸਨ|
ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਵਿਅਕਤੀਆਂ ਦੀ ਨਿਸ਼ਾਨਦੇਹੇ ਉਪਰ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਖੇੜ 28 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਪੁਲੀਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹਨਾਂ ਵਿਅਕਤੀਆਂ ਨੇ ਮੰਨਿਆ ਹੈ ਕਿ ਇਹਨਾਂ ਦੇ ਸਾਥੀਆਂ ਨੇ ਹੋਰ ਵੀ ਵੱਖ ਵੱਖ ਥਾਂਵਾਂ ਉਪਰ ਚੋਰੀ ਦੇ 40 ਮੋਟਰਸਾਈਕਲ ਖੜੇ ਕੀਤੇ ਹੋਏ ਹਨ , ਜਿਹਨਾਂ ਨੂੰ ਬਰਾਮਦ ਕਰਨ ਅਤੇ ਇਹਨਾਂ ਦੇ ਸਾਥੀਆਂ ਨੂੰ ਫੜਨ ਲਈ ਪੁਲੀਸ ਪਾਰਟੀਆਂ ਰਵਾਨਾ ਕੀਤੀਆਂ ਗਈਆਂ ਹਨ|
ਉਹਨਾਂ ਕਿਹਾ ਕਿ ਇਹ ਗਿਰੋਹ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਿਹਾ ਸੀ ਅਤੇ ਦੋ ਪਹੀਆ ਵਾਹਨ ਚੋਰੀ ਕਰਕੇ ਕਿਸੇ ਸ਼ਾਪਿੰਗ ਮਾਲ ਵਿੱਚ ਖੜੇ ਕਰ ਦਿੰਦਾ ਸੀ| ਇਸ ਗਿਰੋਹ ਦੇ ਨਾਲ ਅਜਿਹੇ ਲੋਕ ਵੀ ਜੁੜੇ ਹਨ ਜੋ ਕਿ ਜਾਅਲੀ ਕਾਗਜਾਂ ਨੂੰ ਬਣਾਉਣ ਦਾ ਕੰਮ ਕਰਦੇ ਹਨ ਅਤੇ ਜਾਅਲੀ ਕਾਗਜਾਂ ਨਾਲ ਹੀ ਵਾਹਨਾਂ ਨੂੰ ਅੱਗੇ ਵੇਚ ਦਿੰਦੇ ਸਨ| ਇਸ ਗਿਰੋਹ ਦਾ ਮਾਸਟਰਮਾਈਂਡ ਗੋਪੀ ਹੈ ਜੋ ਕਿ ਫਰਾਰ ਹੈ| ਇਹ ਗਿਰੋਹ ਪਿਛਲੇ ਡੇਢ ਸਾਲ ਤੋਂ ਇਸ ਇਲਾਕੇ ਵਿੱਚ ਸਰਗਰਮ ਸੀ|
ਇਸ ਮੌਕੇ ਡੀ ਐਸ ਪੀ ਸਿਟੀ ਵਨ ਅਮਰੋਜ ਸਿੰਘ, ਥਾਣਾ ਮਟੌਰ ਦੇ ਮੁੱਖ ਅਫਸਰ ਰਾਜੀਵ ਕੁਮਾਰ, ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *