ਮਨਪ੍ਰੀਤ ਬਾਦਲ ਵਲੋਂ ਲੋਕ ਲੁਭਾਊ ਬਜਟ ਪੇਸ਼

ਮਨਪ੍ਰੀਤ ਬਾਦਲ ਵਲੋਂ ਲੋਕ ਲੁਭਾਊ ਬਜਟ ਪੇਸ਼
‘ਸ਼ਗਨ ਸਕੀਮ’ ਦੀ ਰਕਮ 15 ਹਜਾਰ  ਤੋਂ ਵਧਾ ਕੇ 21ਹਜਾਰ ਕੀਤੀ, ਬੁਢਾਪਾ ਪੈਨਸ਼ਨ  500 ਤੋਂ ਵਧਾ ਕੇ 750 ਕੀਤੀ
ਚੰਡੀਗੜ੍ਹ, 20  ਜੂਨ (ਸ.ਬ.) ਪੰਜਾਬ ਵਿਧਾਨ ਸਭਾ ਵਿੱਚ ਅੱਜ ਚਲ ਰਹੇ ਬਜਟ ਸ਼ੈਸ਼ਨ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ  ਵਲੋਂ  ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ| ਇਸ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਰਿਵਾਇਤੀ ਸੂਟਕੇਸ ਦੀ ਬਜਾਏ ਚੰਦ ਫਾਈਲਾਂ ਹੀ ਨਜ਼ਰ ਆਈਆਂ| ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਵੱਲੋਂ 7 ਸਾਲ ਬਾਅਦ ਬਜਟ ਪੇਸ਼ ਬਜਟ ਕੀਤਾ|  ਇਸੇ ਦੌਰਾਨ ਵਿਧਾਨ ਸਭਾ ਵਿੱਚ ਸੈਸ਼ਨ ਦੇ ਪਹਿਲੇ ਦਿਨ ਤੋਂ ਹੋ ਰਿਹਾ ਹੰਗਾਮਾ ਬਜਟ ਦੌਰਾਨ ਵੀ ਚਾਲੂ ਰਿਹਾ| ਵਿੱਤ ਮੰਤਰੀ ਵਲੋਂ  ਪੇਸ਼ ਕੀਤਾ ਗਿਆ 2017-18 ਦਾ ਇਹ ਕੁੱਲ ਬਜਟ 1,18, 237.90 ਕਰੋੜ ਦਾ ਹੈ ਅਤੇ ਇਸ ਬਜਟ ਵਿੱਚ ਵਿੱਤੀ ਘਾਟਾ 14,784.87 ਦਰਸ਼ਾਇਆ ਗਿਆ ਹੈ| ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਅੱਜ ਪਹਿਲੇ ਬਜਟ ਦਾ ਵਿਰੋਧੀ ਧਿਰਾਂ ਵੱਲੋਂ ਵਿਰੋਧ ਕੀਤਾ ਗਿਆ| ਇਸ ਦੌਰਾਨ ਅਕਾਲੀ ਦਲ ਨੇ ਬਜਟ ਦੀਆਂ ਕਾਪੀਆਂ ਪਾੜ ਦਿੱਤੀਆਂ| ਉਨ੍ਹਾਂ ਵੱਲੋਂ ਪੁਆਇੰਟ ਆਫ ਆਰਡਰ ਦੀ ਕੀਤੀ ਮੰਗ ਕੀਤੀ ਗਈ| ਇਸ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਸ਼ਾਮਲ ਸਨ| ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚੋਂ ਵਾਕ ਆਊਟ ਕੀਤਾ ਗਿਆ|
ਇਸ ਮੌਕੇ ਵਿੱਤ ਮੰਤਰੀ  ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਵਲੋਂ ਵੱਡੇ ਐਲਾਨ ਕਰਦਿਆਂ  ਕਿਹਾ ਕਿ ਸਰਕਾਰ ਵਲੋਂ ਚੋਣ ਮੈਨੀਫੈਸਟੋ ਦੌਰਾਨ ਨੌਜਵਾਨਾਂ ਨਾਲ ਕੀਤੇ ਵਾਅਦੇ ਵੀ ਪੂਰੇ ਕੀਤੇ ਜਾਣਗੇ, ਜਿਸ ਲਈ ਇਸ ਬਜਟ ਵਿੱਚ 10 ਕਰੋੜ ਰੁਪਏ ਦੇ ਰਾਖਵੇਂਕਰਨ ਦੀ ਤਜਵੀਜ਼ ਕੀਤੀ ਗਈ ਹੈ|
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਅਤੇ ਪ੍ਰੋਤਸਾਹਨ ਵੱਲ ਕਦਮ ਚੁੱਕ ਰਹੀ ਹੈ ਅਤੇ ਨੌਜਵਾਨਾਂ ਦੇ ਜੀਵਨ ਵਿੱਚ ਡਿਜ਼ੀਟਲ ਤਕਨਾਲੋਜੀ ਦੀ ਵਰਤੋਂ ਲਈ ਸਰਕਾਰ ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਦੇਵੇਗੀ| ਮਨਪ੍ਰੀਤ ਮੁਤਾਬਕ ਨੌਜਵਾਨਾਂ ਨੂੰ ਇਹ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ ਇਸ ਸਾਲ ਦੇ ਬਜਟ ਵਿੱਚ 10 ਕਰੋੜ ਰੁਪਏ ਦੇ ਰਾਖਵੇਂਕਰਨ ਦੀ ਤਜਵੀਜ਼ ਕੀਤੀ ਗਈ ਹੈ ਅਤੇ ਸਰਕਾਰ ਜਲਦ ਹੀ ਇਸ ਪਾਸੇ ਵੱਲ ਕੰਮ ਕਰਨਾ ਸ਼ੁਰੂ ਕਰ ਦੇਵੇਗੀ|
ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ ਮੁਆਫ ਕਰਨ ਲਈ 1500 ਕਰੋੜ ਦਾ ਪ੍ਰਬੰਧ ਕੀਤਾ  ਜਾਵੇਗਾ, ਦੋ ਮਹੀਨਿਆਂ  ਵਿੱਚ  ਨਵੀਂ ਖੇਤੀਬਾੜੀ ਨੀਤੀ ਲਿਆਂਦੀ ਜਾਵੇਗੀ| ਖੇਤੀ ਦਾ ਬਜਟ 65.77 ਫੀਸਦੀ ਵਧਾ ਕੇ 10 ਹਜ਼ਾਰ 580 ਕਰੋੜ ਕੀਤਾ  ਜਾਵੇਗਾ| ਜਲੰਧਰ, ਮੁਹਾਲੀ ਅਤੇ ਅੰਮ੍ਰਿਤਸਰ ਦੇ ਮਿਲਕ ਪਲਾਟਾਂ ਉਤੇ 110 ਕਰੋੜ ਰੁਪਏ ਖਰਚ ਹੋਣਗੇ| ਫਸਲੀ ਨੁਕਸਾਨ  ਤੇ ਮੁਆਵਜ਼ਾ 8 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਕਰੋੜ ਕੀਤਾ ਗਿਆ| ਪੰਜਾਬ  ਖੇਤੀ ਬੀਮਾ ਨਿਗਮ ਦੀ ਸਥਾਪਨਾ ਕੀਤੀ ਗਈ ਹੈ| ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਫਰਨੀਚਰ  ਉਤੇ 21 ਕਰੋੜ ਰੁਪਏ ਖਰਚ ਹੋਣਗੇ ਅ ਤੇ ਪ੍ਰਾਇਮਰੀ ਸਕੂਲਾਂ  ਵਿੱਚ ਕੰਪਿਊਟਰ ਦੀ ਖਰੀਦ ਲਈ 10 ਕਰੋੜ ਰੁਪਏ ਰਾਖਵੇਂ ਰੱਖੇ ਜਾਣਗੇ| ਵਧੀਆ ਨਤੀਜੇ ਦੇਣ ਵਾਲੇ ਅਧਿਆਪਕਾਂ ਲਈ 9.27 ਕਰੋੜ ਰੁਪਏ ਰਾਂਖਵੇ ਰੱਖੇ ਜਾਣਗੇ| ਪੰਜਾਬ ਯੂਨੀਵਰਸਿਟੀ ਦੀ ਗਰਾਂਟ 26 ਕਰੋੜ ਤੋਂ ਵਧਾ ਕੇ 33 ਕਰੋੜ ਕੀਤੀ ਗਈ| ਉਹਨਾਂ ਐਲਾਨ ਕੀਤਾ ਕਿ ਸੂਬੇ ਦੇ 46 ਸਰਕਾਰੀ ਕਾਲਜਾਂ ਵਿੱਚ ਫਰੀ ਇੰਟਰਨੈਟ ਦਿੱਤਾ ਜਾਵੇਗਾ|
ਪੰਜਾਬ ਵਿੱਚ ਪਿਛੜੇ ਜ਼ਿਲਿਆਂ ਵਿੱਚ 5 ਨਵੇਂ ਡਿਗਰੀ ਕਾਲਜ ਖੋਲ੍ਹੇ ਜਾਣਗੇ, ਪੈਨਸ਼ਨ ਲਈ ਰਕਮ 500 ਤੋਂ ਵਧਾ ਕੇ 750 ਕੀਤੀ ਗਈ ਹੈ|
‘ਸ਼ਗਨ ਸਕੀਮ’ ਦੀ ਰਕਮ 15 ਹਜਾਰ  ਤੋਂ ਵਧਾ ਕੇ 21000 ਕੀਤੀ ਗਈ|
ਨੌਜਵਾਨਾਂ ਨੂੰ ਫਰੀ ਮੋਬਾਈਲ ਲਈ 10 ਕਰੋੜ ਰੁਪਏ ਰਾਂਖਵੇਂ ਕੀਤੇ ਜਾਣਗੇ, ਰੋਜ਼ਗਾਰ ਸਿਰਜਣ ਅਤੇ ਸਿਖਲਾਈ ਪ੍ਰੋਗਰਾਮ ਦੇ ਵਿਕਾਸ ਲਈ 91 ਕਰੋੜ ਰੁਪਏ ਖਰਚ ਹੋਣਗੇ| ਕੁਦਰਤੀ ਆਫਤਾਂ ਕਰਕੇ ਖਰਾਬ ਫਸਲ ਲਈ ਮੁਆਵਜ਼ਾ ਦਿਤਾ ਜਾਇਆ ਕਰੇਗਾ|
ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਐਨ. ਆਰ. ਆਈ. ਲਈ ਵੀ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਲਈ ਵੀ ਜਲਦੀ ਹੀ ‘ਫਰੈਂਡਜ਼ ਆਫ ਪੰਜਾਬ’ ਸਕੀਮ ਲਿਆਂਦੀ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ, ਸਮਰਪਣ ਅਤੇ ਪ੍ਰਤੀਬੱਧਤਾ ਦੀਆਂ ਭਾਵਨਾਵਾਂ ਨਾਲ ਜੀਵਨ ਦੇ ਹਰੇਕ ਖੇਤਰ ਵਿੱਚ ਵਿਦੇਸ਼ੀ ਧਰਤੀ ਉਤੇ ਸਫਲਤਾ ਨਾਲ ਆਪਣੇ ਆਪ ਨੂੰ ਸਥਾਪਤ ਕੀਤਾ ਹੈ| ਇਨ੍ਹਾਂ ਪੰਜਾਬੀਆਂ ਨੇ ਨਾ ਸਿਰਫ ਕੌਮੀ ਆਰਥਿਕਤਾ ਦੀ ਮਦਦ ਕੀਤੀ ਹੈ ਸਗੋਂ ਬਹੁਤ ਸਾਰੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਨਾਮਣਾ ਖੱਟਿਆ ਹੈ| ਸਾਡੇ ਬਹੁਤ ਸਾਰੇ ਐਨ. ਆਰ. ਆਈ ਭਰਾ ਪੰਜਾਬ  ਵਿੱਚ ਆਪਣੀਆਂ ਜੜ੍ਹਾਂ ਨਾਲ ਸੰਪਰਕ ਕਰਨਾ ਚਾਹੁੰਦੇ ਹਨ| ਇਸ ਲਈ ਰਾਜ ਸਰਕਾਰ ਨੇ ‘ਫਰੈਂਡਜ਼ ਆਫ ਪੰਜਾਬ’ ਨਾਂ ਦੀ ਸਕੀਮ ਸ਼ੁਰੂ ਕਰਕੇ ਪਹਿਲਕਦਮੀ ਕੀਤੀ ਹੈ| ਇਸ ਸਕੀਮ ਅਧੀਨ ਐਨ. ਆਰ. ਆਈਜ਼ ਨੂੰ ਉਨ੍ਹਾਂ ਦੇ ਪਿੰਡਾਂ ਨਾਲ ਸੰਪਰਕ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ| ਇਸ ਦੌਰਾਨ ਇਸ ਸਕੀਮ ਨੂੰ ਅਮਲ ਵਿੱਚ ਲਿਆਉਣ ਲਈ ਉਚਿਤ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ|
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਐਨ. ਆਰ. ਆਈਜ਼ ਜਾਂ ਤਾਂ ਆਪਣੀ ਜਾਇਦਾਦ ਕਾਰਨ ਜਾਂ ਹੋਰ ਮਾਮਲਿਆਂ ਦੇ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ| ਐਨ. ਆਰ. ਆਈ. ਸਾਲ ਦੌਰਾਨ ਥੋੜ੍ਹੇ ਸਮੇਂ ਲਈ ਆਪਣੇ ਸੂਬੇ ਵਿੱਚ ਆਉਂਦੇ ਹਨ ਅਤੇ ਉਹ ਵਧੇਰੇ ਲੰਬਾ ਸਮਾਂ ਇਥੇ ਨਹੀਂ ਰਹਿ ਸਕਦੇ| ਉਨ੍ਹਾਂ ਦੀਆਂ ਸਮੱਸਿਆਂ ਨੂੰ ਪ੍ਰਭਾਵਕਾਰੀ ਢੰਗ ਦੇ ਨਾਲ ਸਮਾਂ-ਬੱਧ ਤਰੀਕੇ ਨਾਲ ਨਿਪਟਾਉਣ ਦੇ ਉਦੇਸ਼ ਨਾਲ ਰਾਜ ਸਰਕਾਰ ਐਨ. ਆਰ. ਆਈਜ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਐਨ. ਆਰ. ਆਈਜ਼ ਮਾਮਲੇ ਵਾਸਤੇ ਲੋਕਪਾਲ ਸਥਾਪਤ ਕਰਨ ਲਈ ਇਕ ਨਵਾਂ ਕਾਨੂੰਨ ਲਿਆ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਐਨ. ਆਰ. ਆਈਜ਼ ਦੀ ਭਲਾਈ ਲਈ ਵਚਨਬੱਧ ਹੈ ਅਤੇ ਰਾਜ ਕਾਨੂੰਨ ਦਾ ਰਾਜ ਯਕੀਨੀ ਬਣਾਉਣ ਅਤੇ ਨਿਆਂ ਦੀ ਸੁਖਾਲੀ ਅਤੇ ਤੁਰੰਤ ਸੁਪਰਦਗੀ ਲਈ ਐਨ.ਆਰ. ਆਈਜ਼ ਦੀਆਂ ਜਾਇਦਾਦਾਂ ਦੀ ਸਰੁੱਖਿਆ ਲਈ ‘ਐਨ. ਆਰ. ਆਈ. ਪ੍ਰਾਪਰਟੀ ਸੇਫ ਗਾਰਡਜ਼ ਐਕਟ’ ਬਣਾਉਣ ਦੀ ਤਜਵੀਜ਼ ਰੱਖਦੀ ਹੈ|

Leave a Reply

Your email address will not be published. Required fields are marked *