ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਮਿਲੀ 10 ਸਾਲ ਦੀ ਫੌਰੈਂਸਿਕ ਸਜ਼ਾ

ਬ੍ਰਿਸਬੇਨ, 10 ਅਗਸਤ (ਸ.ਬ.) ਆਸਟਰੇਲੀਆ ਵਿੱਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ 10 ਸਾਲ ਦੀ ਫੌਰੈਂਸਿਕ ਸਜ਼ਾ ਸੁਣਾਈ ਗਈ| ਅੱਜ ਆਸਟ੍ਰੇਲੀਆ ਅਦਾਲਤ ਨੇ ਐਨਥਨੀ ਓ ਡੋਨੋਹੀਉ ਨੂੰ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦਾ ਕਤਲ ਕਰਨ ਅਤੇ ਹੋਰ 14 ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ| ਸ਼ਹਿਰ ਬ੍ਰਿਸਬੇਨ ਵਿੱਚ 28 ਅਕਤੂਬਰ 2016 ਨੂੰ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨਾਲ ਵਾਪਰੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਨੂੰ ਕੌਣ ਭੁੱਲਾ ਸਕਦਾ ਹੈ|
ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਮਨਮੀਤ ਅਲੀਸ਼ੇਰ ਬ੍ਰਿਸਬੇਨ ਵਿੱਚ ਬੱਸ ਡਰਾਈਵਰ ਸੀ, ਉਸ ਮਨਹੂਸ ਦਿਨ ਨੂੰ ਯਾਦ ਕਰ ਕੇ ਉਸ ਦੇ ਮਾਪੇ ਅੱਜ ਵੀ ਦੁਖੀ ਹੋ ਜਾਂਦੇ ਹਨ, ਜਦੋਂ ਡਿਊਟੀ ਦੌਰਾਨ ਉਸ ਦੀ ਬੱਸ ਵਿੱਚ ਇਕ ਵਿਅਕਤੀ ਵਲੋਂ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਗਿਆ ਅਤੇ ਮਨਮੀਤ ਸਦਾ ਲਈ ਪਰਿਵਾਰ ਤੋਂ ਦੂਰ ਹੋ ਗਿਆ| ਦੋਸ਼ੀ ਨੇ ਹੋਰ 14 ਵਿਅਕਤੀਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਜਾਨ ਬਚ ਗਈ|
ਮਰਹੂਮ ਅਲੀਸ਼ੇਰ ਦਾ ਪਰਿਵਾਰ ਇਸ ਸੁਣਵਾਈ ਲਈ ਆਸਟ੍ਰੇਲੀਆ ਪੁੱਜਿਆ ਹੈ| ਕਿਹਾ ਜਾ ਰਿਹਾ ਸੀ ਕਿ ਦੋਸ਼ੀ ਮਾਨਸਿਕ ਰੋਗੀ ਸੀ ਪਰ ਅਲੀਸ਼ੇਰ ਦੇ ਪਰਿਵਾਰ ਨੇ ਕਿਹਾ ਸੀ ਕਿ ਜੇਕਰ ਐਨਥਨੀ ਬਿਮਾਰ ਸੀ ਤਾਂ ਉਸ ਨੂੰ ਇਸ ਤਰ੍ਹਾਂ ਲੋਕਾਂ ਵਿੱਚ ਘੁੰਮਣ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ| ਮਨਮੀਤ ਦੀ ਮੌਤ ਮਗਰੋਂ ਕਈ ਸਵਾਲ ਉਠੇ, ਜਿਨ੍ਹਾਂ ਦੇ ਜਵਾਬ ਅਦਾਲਤ ਵਿੱਚ ਮੰਗੇ ਗਏ|
ਮਨਮੀਤ ਅਲੀਸ਼ੇਰ ਆਸਟ੍ਰੇਲੀਆ ਵਿੱਚ ਇਕ ਬੱਸ ਡਰਾਈਵਰ ਹੀ ਨਹੀਂ, ਸਗੋਂ ਕਿ ਇਕ ਗਾਇਕ, ਕਵੀ ਅਤੇ ਥੀਏਟਰ ਕਲਾਕਾਰ ਸੀ| ਮਨਮੀਤ ਕਰੀਬ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟ੍ਰੇਲੀਆ ਗਿਆ ਸੀ| ਮਹਜ 28 ਸਾਲ ਦੀ ਉਮਰ ਵਿੱਚ ਹੀ ਉਸ ਨੇ ਆਸਟ੍ਰੇਲੀਆ ਵਿੱਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਭਰ ਵੀ ਨਸੀਬ ਨਹੀਂ ਹੁੰਦਾ| ਕਵੀ ਅਤੇ ਗਾਇਕ ਬਣਨ ਦੇ ਨਾਲ-ਨਾਲ ਉਸ ਨੇ ਸਾਹਿਤ ਦੀ ਦੁਨੀਆ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਸੀ| ਮਨਮੀਤ ਦਾ ਜਨਮ 20 ਸਤੰਬਰ, 1987 ਨੂੰ ਮਾਤਾ ਕਿਸ਼ਨਦੀਪ ਕੌਰ ਦੀ ਕੁੱਖੋ ਹੋਇਆ ਸੀ| ਮਨਮੀਤ ਦੇ ਪਿਤਾ ਜੀ ਦਾ ਨਾਂ ਰਾਮ ਸਰੂਪ ਹੈ| ਮਨਮੀਤ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਲਾਡਲਾ ਅਤੇ ਵੱਡੇ ਭਰਾ ਅਮਿਤ ਸ਼ਰਮਾ ਦਾ ਲਾਡਲਾ ਵੀਰ ਸੀ| ਪ੍ਰਵਾਸੀ ਡਰਾਈਵਰ ਨਾਲ ਅਜਿਹੀ ਵਾਰਦਾਤ ਵਾਪਰਨ ਨਾਲ ਪੰਜਾਬੀਆਂ ਵਿੱਚ ਦੁੱਖ ਅਤੇ ਰੋਸ ਦੀ ਲਹਿਰ ਹੈ|
ਇਸ ਤੋਂ ਪਹਿਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਤੇ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਨੂੰ ਪ੍ਰਵਾਸੀਆਂ ਤੇ ਬੱਸ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪੀਲ ਕੀਤੀ ਗਈ ਸੀ, ਤਾਂ ਜੋ ਪ੍ਰਵਾਸੀ ਬਿਨਾਂ ਕਿਸੇ ਡਰ, ਭੈਅ ਤੋਂ ਇੱਥੇ ਰਹਿ ਕੇ ਇਥੋਂ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ|

Leave a Reply

Your email address will not be published. Required fields are marked *