ਮਨਮੋਹਨ ਸਰਕਾਰ ਦੇ ਕਾਰਜਕਾਲ ਨੂੰ ਹੁਣੇ ਵੀ ਯਾਦ ਕਰਦੇ ਹਨ ਲੋਕ

ਸਾਬਕਾ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਭਾਵੇਂ ਹੁਣ ਅਤੀਤ ਦਾ ਹਿੱਸਾ ਬਣ ਚੁਕੀ ਹੈ ਪਰ ਵੱਡੀ ਗਿਣਤੀ ਦੇਸ਼ ਵਾਸੀ ਅਜਿਹੇ ਵੀ ਹਨ, ਜੋ ਕਿ ਅਜੇ ਵੀ ਮਨਮੋਹਨ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰਦੇ ਹਨ| ਅਸਲ ਵਿੱਚ ਭਾਰਤ ਦੀ ਮੌਜੂਦਾ ਮੋਦੀ ਸਰਕਾਰ ਦੇ ਹਰ ਫਰੰਟ ਉਪਰ ਹੀ ਫੇਲ ਹੋਣ, ਮਹਿੰਗਾਈ ਵਿੱਚ ਢੇਰ ਵਾਧਾ ਹੋਣ, ਨੋਟਬੰਦੀ ਅਤੇ ਜੀ ਐਸ ਟੀ ਵਰਗੇ ਲੋਕ ਮਾਰੂ ਫੈਸਲੇ ਲੈਣ ਕਰਕੇ ਆਮ ਲੋਕ ਆਪਸ ਵਿੱਚ ਗਲਬਾਤ ਕਰਦਿਆਂ ਇਹ ਕਹਿਣ ਲੱਗੇ ਹਨ ਕਿ ਇਸ ਮੋਦੀ ਸਰਕਾਰ ਨਾਲੋਂ ਤਾਂ ਮਨਮੋਹਨ ਸਰਕਾਰ ਹੀ ਚੰਗੀ ਸੀ| ਜਦੋਂ ਸ੍ਰ. ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਕਈ ਲੋਕਾਂ ਨੂੰ ਉਹਨਾਂ ਦੀ ਚੁੱਪ ਰਹਿਣ ਦੀ ਆਦਤ ਸਹੀ ਨਹੀਂ ਸੀ ਜਾਪਦੀ ਪਰ ਉਹਨਾਂ ਵਲੋਂ ਚੁਪ ਚਾਪ ਕੀਤੇ ਗਏ ਵਿਕਾਸ ਕੰਮਾਂ ਅਤੇ ਹੋਰ ਲੋਕ ਭਲਾਈ ਕੰਮਾਂ ਦੀ ਯਾਦ ਅੱਜ ਵੀ ਲੋਕਾਂ ਨੂੰ ਹੈ| ਭਾਰਤ ਵਿੱਚ ਮਨਮੋਹਨ ਸਰਕਾਰ ਦੇ ਕਾਰਜਕਾਲ ਵੇਲੇ ਭਾਵੇਂ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਪਰ ਫਿਰ ਵੀ ਮਨਮੋਹਨ ਸਰਕਾਰ ਨੇ ਚੁਪ ਚਪੀਤੇ ਹੀ ਪੰਜਾਬ ਸਰਕਾਰ ਨੂੰ ਬਹੁਤ ਕੁੱਝ ਦਿੱਤਾ ਸੀ| ਜਦੋਂ ਪਿਛਲੀਆਂ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਚੋਣ ਰੈਲੀਆਂ ਦੌਰਾਨ ਦਾਅਵਾ ਕੀਤਾ ਸੀ ਕਿ ਜੇ ਕੇਂਦਰ ਵਿੱਚ ਭਾਜਪਾ ਸਰਕਾਰ ਬਣੀ ਤਾਂ ਪੰਜਾਬ ਨੂੰ ਕੇਂਦਰ ਵਲੋਂ ਨੋਟਾਂ ਦੇ ਟਰੱਕ ਭਰ ਕੇ ਭੇਜੇ ਜਾਣਗੇ ਤੇ ਸਾਰੇ ਪੰਜਾਬੀ ਨੌਟਾਂ ਦੀ ਇਕ ਇਕ ਬੋਰੀ ਉਤਾਰ ਲਿਓ ਪਰ ਹੋਇਆ ਇਸਦੇ ਉਲਟ| ਕੇਂਦਰ ਵਿੱਚ ਮੋਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਇਸ ਸਰਕਾਰ ਨੇ ਨਵਾਂ ਕੁਝ ਤਾਂ ਕੀ ਦੇਣਾ ਸੀ ਸਗੋਂ ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਪੰਜਾਬ ਸਰਕਾਰ ਤੋਂ ਮਨਮੋਹਨ ਸਰਕਾਰ ਵੇਲੇ ਦਿੱਤੀਆਂ ਹੋਈਆਂ ਗ੍ਰਾਂਟਾਂ ਦਾ ਹੀ ਹਿਸਾਬ ਮੰਗ ਲਿਆ ਸੀ | ਜਿਸ ਕਰਕੇ ਉਸ ਸਮੇਂ ਦੀ ਪੰਜਾਬ ਦੀ ਬਾਦਲ ਸਰਕਾਰ ਦੀ ਸਥਿਤੀ ਬਹੁਤ ਹਾਸੋਹੀਣੀ ਹੋ ਗਈ ਸੀ ਤੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ ਨੂੰ ਇਕ ਵਾਰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਸੀ ਕਿ ਜੇ ਮੋਦੀ ਸਰਕਾਰ ਪੰਜਾਬ ਨੂੰ ਕੁੱਝ ਨਹੀਂ ਦੇ ਰਹੀ ਤਾਂ ਕੀ ਉਹ ਮੋਦੀ ਸਰਕਾਰ ਤੋਂ ਪੈਸਾ ਤੇ ਗ੍ਰਾਂਟਾਂ ਖੋਹ ਕੇ ਲੈ ਆਉਣ|
ਇਹ ਇੱਕ ਹਕੀਕਤ ਹੈ ਕਿ ਆਮ ਪੰਜਾਬੀਆਂ ਦੇ ਨਾਲ ਨਾਲ ਅਕਾਲੀ ਦਲ ਦੇ ਸਮਰਥਕਾਂ ਦੇ ਵਿੱਚ ਵੀ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਗਏ ਮਤਰੇਈ ਮਾਂ ਵਾਲੇ ਸਲੂਕ ਕਾਰਨ ਰੋਸ ਪਾਇਆ ਜਾ ਰਿਹਾ ਹੈ| ਮੋਦੀ ਸਰਕਾਰ ਦੇ ਇਸ ਰਵੱਈਏ ਕਾਰਨ ਹੀ ਅਕਾਲੀ ਦਲ ਅਤੇ ਭਾਜਪਾ ਦੇ ਸਬੰਧਾਂ ਵਿੱਚ ਤਰੇੜਾਂ ਆਉਣ ਦੀ ਚਰਚਾ ਵੀ ਹੁੰਦੀ ਰਹਿੰਦੀ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਸ੍ਰ. ਮਨਮੋਹਨ ਸਿੰਘ ਦੀ ਸਖਸੀਅਤ ਕਾਰਨ ਆਮ ਸਿੱਖ ਵੀ ਕਾਂਗਰਸ ਨਾਲ ਜੁੜ ਗਏ ਸਨ| ਹੋਰ ਤਾਂ ਹੋਰ ਜਦੋਂ ਸ੍ਰ. ਮਨਮੋਹਨ ਸਿੰਘ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਪੰਜਾਬ ਦੇ ਅਨੇਕਾਂ ਹੀ ਸੀਨੀਅਰ ਅਕਾਲੀ ਆਗੂਆਂ ਨੇ ਵੀ ਜਨਤਕ ਤੌਰ ਤੇ ਸ੍ਰ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦਾ ਸਵਾਗਤ ਕੀਤਾ ਸੀ ਕਿਉਂਕਿ ਸ੍ਰ. ਮਨਮੋਹਨ ਸਿੰਘ ਸਿੱਖ ਭਾਈਚਾਰੇ ਨਾਲ ਸਬੰਧ ਰਖਦੇ ਹਨ ਅਤੇ ਅਕਾਲੀ ਦਲ ਵੀ ਸਿੱਖਾਂ ਦੀਆਂ ਵੋਟਾਂ ਉਪਰ ਹੀ ਵਧੇਰੇ ਟੇਕ ਰਖਦਾ ਹੈ| ਜਦੋਂ ਅਕਾਲੀ ਆਗੂਆਂ ਦੇ ਸ੍ਰ. ਮਨਮੋਹਨ ਸਿੰਘ ਦੀ ਸ਼ਲਾਘਾ ਕਰਨ ਦੇ ਬਿਆਨ ਮੀਡੀਆ ਵਿੱਚ ਆਉਣ ਲੱਗ ਪਏ ਸਨ ਤਾਂ ਅਕਾਲੀ ਦਲ ਦੇ ਸੁਪਰੀਮੋ ਬਾਦਲ ਸਾਹਿਬ ਨੇ ਇਹਨਾਂ ਅਕਾਲੀ ਆਗੂਆਂ ਨੂੰ ਸ੍ਰ. ਮਨਮੋਹਨ ਸਿੰਘ ਦੀ ਸ਼ਲਾਘਾ ਕਰਨ ਤੋਂ ਵਰਜਿਆ ਸੀ|
ਮਨਮੋਹਨ ਸਰਕਾਰ ਵੇਲੇ ਜਦੋਂ ਅਮਰੀਕਾ ਸਮੇਤ ਪੂਰਾ ਸੰਸਾਰ ਹੀ ਆਰਥਿਕ ਮੰਦੀ ਦੀ ਮਾਰ ਹੇਠ ਆ ਗਿਆ ਸੀ ਪਰ ਮਨਮੋਹਨ ਸਰਕਾਰ ਦੀਆਂ ਮਜਬੂਤ ਅਤੇ ਲੋਕ ਪੱਖੀ ਆਰਥਿਕ ਨੀਤੀਆਂ ਕਾਰਨ ਉਸ ਆਲਮੀ ਆਰਥਿਕ ਮੰਦੀ ਦਾ ਭਾਰਤ ਉਪਰ ਕੋਈ ਅਸਰ ਨਹੀਂ ਸੀ ਹੋਇਆ ਜਿਸ ਕਾਰਨ ਪੂਰੇ ਵਿਸ਼ਵ ਵਿੱਚ ਹੀ ਮਨਮੋਹਨ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਸ਼ਲਾਘਾ ਹੋਈ ਸੀ ਅਤੇ ਅਮਰੀਕਾ ਦੇ ਉਸ ਸਮੇਂ ਦੇ ਰਾਸਟਰਪਤੀ ਬਰਾਕ ਓਬਾਮਾ ਨੇ ਵੀ ਮਨਮੋਹਨ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਬਹੁਤ ਸ਼ਲਾਘਾ ਕੀਤੀ ਸੀ| ਮਨਮੋਹਨ ਸਰਕਾਰ ਵੇਲੇ ਵਿਸ਼ਵ ਵਿੱਚ ਆਈ ਆਰਥਿਕ ਮੰਦੀ ਕਾਰਨ ਦੂਸਰੇ ਦੇਸ਼ਾਂ ਵਿੱਚ ਵੱਡੇ ਵੱਡੇ ਕਾਰਖਾਨੇ ਅਤੇ ਹੋਰ ਉਦਯੋਗ ਬੰਦ ਹੋ ਰਹੇ ਸਨ ਅਤੇ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਆਪਣੇ ਮੁਲਾਜਮਾਂ ਦੀ ਛਾਂਟੀ ਕਰ ਰਹੀਆਂ ਸਨ ਤਾਂ ਉਸ ਸਮੇਂ ਮਨਮੋਹਨ ਸਰਕਾਰ ਦੇ ਯਤਨਾਂ ਨਾਲ ਭਾਰਤ ਵਿੱਚ ਨਵੇਂ ਕਾਰਖਾਨੇ ਅਤੇ ਉਦਯੋਗ ਲੱਗ ਰਹੇ ਸਨ, ਜਿਹਨਾਂ ਵਿਚ ਹਜਾਰਾਂ ਲੋਕਾਂ ਨੂੰ ਰੁਜਗਾਰ ਮਿਲਿਆ ਸੀ|
ਲੋਕਾਂ ਵਿੱਚ ਇਹ ਵੀ ਚਰਚਾ ਹੋ ਰਹੀ ਹੈ ਕਿ ਮਨਮੋਹਨ ਸਰਕਾਰ ਸਮੇਂ ਲੋਕਾਂ ਨੂੰ ਆਪਣੇ ਵਲੋਂ ਕਮਾਏ ਜਾ ਰਹੇ ਪੈਸੇ ਅਤੇ ਬੈਂਕਾਂ ਵਿੱਚ ਜੋੜ ਕੇ ਰੱਖੇ ਗਏ ਜਮਾਂ ਪੂੰਜੀ ਦੀ ਚਿੰਤਾ ਨਹੀਂ ਸੀ ਹੁੰਦੀ ਪਰ ਹੁਣ ਮੋਦੀ ਸਰਕਾਰ ਵੇਲੇ ਹਰ ਕਿਸੇ ਨੂੰ ਇਹ ਹੀ ਡਰ ਲਗਿਆ ਰਹਿੰਦਾ ਹੈ ਕਿ ਉਸ ਵਲੋਂ ਕਮਾਏ ਜਾ ਰਹੇ ਪੈਸੇ ਅਤੇ ਬੈਂਕਾਂ ਵਿਚ ਜਮਾਂ ਪੂੰਜੀ ਉਪਰ ਮੋਦੀ ਸਰਕਾਰ ਕੋਈ ਹੋਰ ਨਵਾਂ ਟੈਕਸ ਨਾ ਲਾ ਦੇਵੇ ਜਾਂ ਕਿਸੇ ਬਹਾਨੇ ਇਹ ਪੈਸੇ ਦੱਬ ਹੀ ਨਾ ਲਵੇ| ਜਿਸ ਤਰੀਕੇ ਨਾਲ ਮੋਦੀ ਸਰਕਾਰ ਵਲੋਂ ਧਾਰਮਿਕ ਸਥਾਨਾਂ ਉਪਰ ਚਲਦੇ ਲੰਗਰ ਦੇ ਸਮਾਨ ਉਪਰ ਵੀ ਜੀ ਐਸ ਟੀ ਲਾਗੂ ਕੀਤਾ ਗਿਆ ਹੈ ਅਤੇ ਇਸ ਟੈਕਸ ਨੂੰ ਧਾਰਮਿਕ ਸਥਾਨਾਂ ਉਪਰ ਚਲਦੇ ਲੰਗਰ ਲਈ ਖਰੀਦੇ ਜਾਂਦੇ ਸਮਾਨ ਤੋਂ ਹਟਾਉਣ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਉਸ ਕਰਕੇ ਵੀ ਆਮ ਲੋਕ ਭਾਰਤ ਦੀ ਮੌਜੂਦਾ ਮੋਦੀ ਸਰਕਾਰ ਤੋਂ ਨਿਰਾਸ਼ ਹੋ ਗਏ ਹਨ|
ਜਿਸ ਤਰੀਕੇ ਨਾਲ ਲੋਕ ਅੱਜ ਕਲ ਮੋਦੀ ਸਰਕਾਰ ਤੋਂ ਨਿਰਾਸ਼ ਹੋ ਕੇ ਸਾਬਕਾ ਮਨਮੋਹਨ ਸਰਕਾਰ ਦੇ ਕਾਰਜਕਾਲ ਨੂੰ ਮੁੜ ਯਾਦ ਕਰਨ ਲੱਗ ਪਏ ਹਨ ਤਾਂ ਇਸਦਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜਰੂਰ ਪਵੇਗਾ| ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮੁੜ ਸ੍ਰ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਖੜਾ ਕਰਦੀ ਹੈ ਤਾਂ ਇਸਦਾ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਾਫੀ ਫਾਇਦਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ|
ਜਗਮੋਹਨ ਸਿੰਘ

Leave a Reply

Your email address will not be published. Required fields are marked *