ਮਨੁਚਿਨ ਨੇ ਅਮਰੀਕੀ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ

ਵਾਸ਼ਿੰਗਟਨ, 14 ਫਰਵਰੀ (ਸ.ਬ.) ਨਿਵੇਸ਼ ਸ਼ਾਹੂਕਾਰ ਅਤੇ ਗੋਲਡਮੈਨ ਸਾਕਸ ਦੇ ਸਾਬਕਾ ਅਧਿਕਾਰੀ ਸਟੀਵਨ ਮਨੁਚਿਨ ਨੇ ਅਮਰੀਕਾ ਦੇ 77ਵੇਂ ਵਿੱਤ ਮੰਤਰੀ ਦੇ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਹੈ| ਰਾਸ਼ਟਰਪਤੀ ਟਰੰਪ ਦੀ ਆਰਥਿਕ ਟੀਮ ਵਿੱਚ ਇਹ ਬਹੁਤ ਮਹੱਤਵਪੂਰਨ ਅਹੁਦਾ ਹੈ| ਅਮਰੀਕੀ ਸੈਨੇਟ ਤੋਂ ਮਨੁਚਿਨ ਦੀ ਨਿਯੁਕਤੀ ਨੂੰ ਬੀਤੇ ਸੋਮਵਾਰ 13 ਫਰਵਰੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ| ਸੈਨੇਟ ਨੇ 48 ਦੇ ਮੁਕਾਬਲੇ 53 ਵੋਟਾਂ ਨਾਲ ਮਨੁਚਿਤ ਦੀ ਵਿੱਤ ਮੰਤਰੀ ਦੇ ਤੌਰ ਤੇ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ| ਮਨੁਚਿਤ (54) ਗੋਲਡਮੈਨ ਸਾਕਸ ਦੇ ਤੀਸਰੇ ਅਜਿਹੇ ਅਧਿਕਾਰੀ ਹਨ, ਜੋ ਦੇਸ਼ ਦੇ ਵਿੱਤ ਮੰਤਰੀ ਬਣੇ ਹਨ| ਇਸ ਤੋਂ ਪਹਿਲਾਂ ਰਾਬਰਟ ਰੂਬਿਨ ਅਤੇ ਹੇਨਰੀ ਪਾਲਸਨ ਇਸ ਅਹੁਦੇ ਤੇ ਰਹਿ ਚੁੱਕੇ ਹਨ| ਨੌਕਰਸ਼ਾਹੀ ਦੀਆਂ ਰੁਕਾਵਟਾਂ ਨੂੰ ਖ਼ਤਮ ਕਰਕੇ ਅਤੇ ਟੈਕਸ ਨਿਯਮਾਂ ਨੂੰ ਸੌਖਾ ਬਣਾ ਕੇ ਅਮਰੀਕਾ ਨੂੰ ਨਿਵੇਸ਼ ਦੇ ਦ੍ਰਿਸ਼ਟੀਕੋਣ ਤੋਂ ਆਕਰਸ਼ਕ ਬਣਾਉਣ ਲਈ ਟਰੰਪ ਦੀ ਆਰਥਿਕ ਯੋਜਨਾ ਵਿੱਚ ਮਨੁਚਿਨ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਏ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ| ਅਮਰੀਕੀ ਕਾਂਗਰਸ ਵਿੱਚ ਆਮਦਨ ਅਤੇ ਖ਼ਰਚ ਨਾਲ ਜੁੜੀ ਸਭ ਤੋਂ ਪੁਰਾਣੀ ਕਮੇਟੀ ਦੇ ਮੁਖੀ ਕੇਵਿਨ ਬ੍ਰੈਡੀ ਨੇ ਮਨੁਚਿਨ ਦੀ ਨਿਯੁਕਤੀ ਦੀ ਪ੍ਰਸ਼ੰਸਾ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਨਿੱਜੀ ਖੇਤਰ ਵਿੱਚ ਦਹਾਕਿਆਂ ਦੇ ਅਨੁਭਵ ਨਾਲ ਮਨੁਚਿਨ ਭਲੀਭਾਂਤੀ ਸਮਝਦੇ ਹਨ ਕਿ ਕਿਸ ਪ੍ਰਕਾਰ ਮੌਜੂਦਾ ਖ਼ਰਾਬ ਟੈਕਸ ਪ੍ਰਣਾਲੀ ਅਤੇ ਫਜ਼ੂਲਖ਼ਰਚੀ ਪਰਤੱਖ ਤੌਰ ਤੇ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਅਮਰੀਕੀਆਂ ਨੂੰ ਅੱਗੇ ਵਧਣ ਤੋਂ ਰੋਕ ਰਹੇ ਹਨ| ਹਾਲਾਂਕਿ, ਡੈਮੋਕਰੈਟਿਕ ਪਾਰਟੀ ਦੇ ਕਈ ਸਾਂਸਦਾਂ ਨੇ ਮਨੁਚਿਨ ਨੂੰ ਵਿੱਤ ਮੰਤਰੀ ਬਣਾਏ ਜਾਣ ਦਾ ਵਿਰੋਧ ਕੀਤਾ| ਸੈਨੇਟ ਨੇ ਸਾਬਕਾ ਸੈਨਿਕਾਂ ਦੇ ਮਾਮਲਿਆਂ ਸੰਬੰਧੀ ਮੰਤਰੀ ਦੇ ਤੌਰ ਤੇ ਡੇਵਿਡ ਸ਼ਲੀਕਨ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ|

Leave a Reply

Your email address will not be published. Required fields are marked *