ਮਨੁੱਖਤਾ ਦੀ ਹੋਂਦ ਲਈ ਵੱਡਾ ਖਤਰਾ ਹੈ ਵਾਤਾਵਰਨ ਵਿੱਚ ਲਗਾਤਾਰ ਵੱਧਦਾ ਪ੍ਰਦੂਸ਼ਣ

ਸਾਡੇ ਵਾਤਾਵਰਨ ਵਿੱਚ ਜਿਸ ਤਰੀਕੇ ਨਾਲ ਪ੍ਰਦੂਸ਼ਨ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਸ ਨਾਲ ਜਿੱਥੇ ਮੌਸਮ ਵਿੱਚ ਆ ਰਹੀ ਤਬਦੀਲੀ ਕਾਰਨ ਕੁਦਰਤ ਵਲੋਂ ਕੀਤੀ ਜਾਣ ਵਾਲੀ ਤਬਾਹੀ ਦੇ ਸੰਕੇਤ ਮਿਲਣ ਲੱਗ ਗਏ ਹਨ ਉੱਥੇ ਇਸ ਕਾਰਨ ਮਨੁੱਖ ਜਾਤੀ ਦੀ ਹੋਂਦ ਲਈ ਖਤਰਾ ਪੈਦਾ ਹੋ ਗਿਆ ਹੈ| ਧਰਤੀ ਦੇ ਵਾਤਾਵਰਨ ਵਿੱਚ ਪ੍ਰਦੂਸ਼ਨ ਦੇ ਲਗਾਤਾਰ ਵੱਧਦੇ ਪੱਧਰ ਦਾ ਅੰਦਾਜਾ ਇਸ ਤੱਥ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਇਸ ਵੇਲੇ ਦੁਨੀਆ ਦੀ ਲਗਭਗ 90 ਫੀਸਦੀ ਆਬਾਦੀ ਪ੍ਰਦੂਸ਼ਿਤ ਹਵਾ ਵਿਚ ਸਾਹ ਲੈ ਰਹੀ ਹੈ ਅਤੇ ਧਰਤੀ ਦੀ ਹਵਾ ਵਿੱਚ ਵੱਧਦਾ ਪ੍ਰਦੂਸ਼ਨ ਹਰ ਸਾਲ ਦੁਨੀਆ ਵਿੱਚ ਲਗਭਗ ਇੱਕ ਕਰੋੜ ਵਿਅਕਤੀਆਂ ਦੀ ਜਾਨ ਲੈ ਲੈਂਦਾ ਹੈ| ਇਸ ਸੰਬੰਧੀ ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਬਹੁਤ ਹੀ ਖਤਰਨਾਕ ਹਾਲਾਤ ਵੱਲ ਇਸ਼ਾਰਾ ਕਰਦੇ ਹਨ ਜਿਹਨਾਂ ਅਨੁਸਾਰ ਇਸ ਵੇਲੇ ਦੁਨੀਆ ਦੀ 92 ਫੀਸਦੀ ਆਬਾਦੀ ਅਜਿਹੀਆਂ ਥਾਵਾਂ ਉਪਰ ਰਹਿੰਦੀ ਹੈ ਜਿੱਥੇ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਤੈਅ ਮਾਣਕਾਂ ਤੋਂ ਬਹੁਤ ਜਿਆਦਾ ਵੱਧ ਹੈ|
ਵਾਤਾਵਰਨ ਮਾਹਿਰਾਂ ਅਨੁਸਾਰ ਸ਼ਹਿਰਾਂ ਵਿਚ ਤਾਂ ਪ੍ਰਦੂਸ਼ਨ ਦੀ ਇਹ ਸਮੱਸਿਆ ਬਹੁਤ ਜਿਆਦਾ ਗੰਭੀਰ ਹੈ ਹੀ, ਪੇਂਡੂ ਇਲਾਕਿਆਂ ਵਿੱਚ (ਜਿਹਨਾ ਬਾਰੇ ਲੋਕਾਂ ਵਿੱਚ ਆਮ ਧਾਰਨਾ ਹੁੰਦੀ ਹੈ ਕਿ ਉੱਥੇ ਵਾਤਾਵਰਨ ਚੰਗਾ ਹੈ) ਵੀ ਹਵਾ ਦੀ ਗੁਣਵੱਤਾ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ| ਵਿਕਸਿਤ ਦੇਸ਼ਾਂ ਦੇ ਮੁਕਾਬਲੇ ਗਰੀਬ ਮੁਲਕਾਂ (ਜਿੱਥੇ ਆਬਾਦੀ ਦੀ ਘਣਤਾ ਹੋਰ ਵੀ ਜਿਆਦਾ ਹੈ) ਵਿੱਚ ਪ੍ਰਦੂਸ਼ਨ ਦੀ ਇਹ ਮਾਤਰਾ ਕਾਫੀ ਜਿਆਦਾ ਹੈ ਪਰੰਤੂ ਇਸ ਪ੍ਰਦੂਸ਼ਣ ਦਾ ਬੁਰਾ ਅਸਰ ਵਿਸ਼ਵ ਦੇ ਸਾਰੇ ਮੁਲਕਾਂ ਅਤੇ ਸਮਾਜ ਦੇ ਹਰ ਹਿੱਸੇ ਉਪਰ ਪੈ ਰਿਹਾ ਹੈ| ਵਿਸ਼ਵ ਸਿਹਤ ਸੰਗਠਨ ਅਨੁਸਾਰ ਇਹ ਹਾਲਤ ਜਨਤਕ ਸਿਹਤ ਐਂਮਰਜੈਂਸੀ ਵਰਗੀ ਹੀ ਹੈ ਅਤੇ ਜੇਕਰ ਇਸ ਸਮੱਸਿਆ ਤੇ ਕਾਬੂ ਕਰਨ ਲਈ ਜੰਗੀ ਪੱਧਰ ਤੇ ਕਾਰਵਾਈ ਨਾ ਕੀਤੀ ਗਈ ਤਾਂ ਇਸਦਾ ਬਹੁਤ ਬੁਰਾ ਨਤੀਜਾ ਆਉਣਾ ਹੈ|
ਸਾਡੇ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਦਾ ਹੀ ਅਸਰ ਹੈ ਕਿ ਓਜੋਨ ਪਰਤ ਵਿਚ ਵੱਡੇ ਸੁਰਾਖ ਹੋ ਚੁੱਕੇ ਹਨ ਅਤੇ ਲਗਾਤਾਰ ਵੱਧਦੇ ਹਵਾ ਪ੍ਰਦੂਸ਼ਣ ਕਾਰਨ ਓਜੋਨ ਪਰਤ ਲਗਾਤਾਰ ਸੁਗੰੜਦੀ ਜਾ ਰਹੀ ਹੈ| ਓਜੋਨ ਪਰਤ ਵਿੱਚ ਹੋਏ ਇਹਨਾਂ ਸੁਰਾਖਾਂ ਵਿੱਚੋਂ ਲੰਘ ਕੇ ਆਉਣ ਵਾਲੀਆਂ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ (ਜੋ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹਨ) ਕਈ ਥਾਵਾਂ ਤੇ ਧਰਤੀ ਉੱਪਰ ਸਿੱਧੀਆਂ ਪੈਣ ਲੱਗੀਆਂ ਹਨ ਅਤੇ ਸੂਰਜ ਦੀਆਂ ਇਹ ਪਰਾਬੈਂਗਣੀ ਕਿਰਨਾਂ ਜਿੱਥੇ ਕਿਤੇ ਵੀ ਧਰਤੀ ਉੱਪਰ ਸਿੱਧੀਆਂ ਪੈ ਰਹੀਆਂ ਹਨ, ਉਥੇ ਇਹਨਾਂ ਕਾਰਨ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ|
ਵਾਤਾਵਰਨ ਵਿਚ ਲਗਾਤਾਰ ਵੰਘਦੇ ਪ੍ਰਦੂਸ਼ਨ ਵਾਸਤੇ ਖੁਦ ਮਨੁੱਖ ਹੀ ਜਿੰਮੇਵਾਰ ਹੈ ਜਿਸ ਵਲੋਂ ਵਿਕਾਸ ਦੀ ਅੰਨੀ ਦੌੜ ਦੇ ਨਾਮ ਤੇ ਕੁਦਰਤ ਨਾਲ ਬੁਰੀ ਤਰ੍ਹਾਂ ਖਿਲਵਾੜ ਕੀਤਾ ਜਾਂਦਾ ਰਿਹਾ ਹੈ ਅਤੇ ਆਪਣੀਆਂ ਛੋਟੀਆਂ ਛੋਟੀਆਂ ਸੁਵਿਧਾਵਾਂ ਲਈ ਮਨੁੱਖ ਵਲੋਂ ਸਾਡੇ ਵਾਤਾਵਰਨ ਦਾ ਵੱਡਾ ਘਾਣ ਕੀਤਾ ਗਿਆ ਹੈ| ਜਦੋਂ ਤੋਂ ਮਨੁੱਖ ਵੱਲੋਂ ਕੁਦਰਤ ਨਾਲ ਛੇੜਛਾੜ ਦੀਆਂ ਇਹਨਾਂ ਕਾਰਵਾਈਆਂ ਵਿੱਚ ਵਾਧਾ ਹੋਇਆ ਹੈ, ਵਾਤਾਵਰਨ ਦਾ ਸੰਤੁਲਨ ਵੀ ਪ੍ਰਭਾਵਿਤ ਹੋਇਆ ਹੈ| ਹਵਾ ਨੂੰ ਸ਼ੁੱਧ ਰੱਖਣ ਵਾਲੇ ਰੁੱਖਾਂ ਦੀ ਅੰਨੇਵਾਹ ਕਟਾਈ ਵਾਤਾਵਰਨ ਵਿੱਚ ਵੱਧਦੇ ਪ੍ਰਦੂਸ਼ਣ ਦਾ ਇੱਥ ਵੱਡਾ ਕਾਰਨ ਹੈ| ਸੜਕਾਂ ਤੇ ਚਲਦੇ ਵਾਹਨਾਂ ਤੋਂ ਨਿਕਲਣ ਵਾਲਾ ਜਹਿਰੀਲਾ ਧੂੰਆਂ ਅਤੇ ਵੱਖ ਵੱਖ ਫੈਕਟਰੀਆਂ ਅਤੇ ਭੱਠਿਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਧੂੰਆਂ ਸਾਡੀ ਆਬੋ ਹਵਾ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦਾ ਹੈ ਅਤੇ ਲੱਖਾਂ ਕਰੋੜਾਂ ਫੈਕਟਰੀਆਂ ਅਤੇ ਵਾਹਨਾਂ ਵਿੱਚੋਂ ਲਗਾਤਾਰ ਨਿਕਲਣ ਵਾਲਾ ਇਹ ਜਹਿਰੀਲਾ ਧੂਆਂ ਸਾਡੇ ਵਾਤਾਵਰਨ ਵਿੱਚ ਵੱਧਦੇ ਪ੍ਰਦੂਸ਼ਨ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ|
ਲਗਾਤਾਰ ਵੱਧਣੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਜਰੂਰੀ ਹੈ ਕਿ ਹਰ ਨਾਗਰਿਕ ਆਪਣੀ ਜਿੰਮੇਵਾਰੀ ਨੂੰ ਸਮਝੇ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਾਰੇ ਮਿਲ ਕੇ ਕੰਮ ਕਰਨ| ਵਾਤਾਵਰਨ ਵਿੱਚ ਵੱਧਦੇ ਪ੍ਰਦੂਸ਼ਣ ਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਕਈ ਸਾਲਾਂ ਬਾਅਦ ਆਪਣਾ ਅਸਰ ਵਿਖਾਉਂਦੀ ਹੈ ਜਦੋਂਕਿ ਇਸ ਵਿੱਚ ਵਾਧੇ ਦੀ ਰਫਤਾਰ ਬਹੁਤ ਜਿਆਦਾ ਹੈ| ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪਾਣੀ ਸਿਰ ਤੋਂ ਉੱਪਰ ਜਾ ਚੁੱਕਿਆ ਹੈ ਅਤੇ ਜੇਕਰ ਅਸੀਂ ਨਾ ਸੁਧਰੇ ਤਾਂ ਕੁਦਰਤ ਸਾਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਦੇਵੇਗੀ ਅਤੇ ਉਸ ਵੇਲੇ ਹੋਣ ਵਾਲੀ ਬਰਬਾਦੀ (ਅਤੇ ਤਬਾਹੀ) ਲਈ ਅਸੀਂ ਖੁਦ ਜਿੰਮੇਵਾਰ ਹੋਵਾਂਗੇ|

Leave a Reply

Your email address will not be published. Required fields are marked *