ਮਨੁੱਖਾਂ ਦੀ ਹੋਂਦ ਲਈ ਵੱਡਾ ਖਤਰਾ ਹੈ ਵਾਤਾਵਰਨ ਵਿੱਚ ਲਗਾਤਾਰ ਵੱਧਦਾ ਪ੍ਰਦੂਸ਼ਣ

ਪਿਛਲੇ ਕੁੱਝ ਸਾਲਾਂ ਦੌਰਾਨ ਸਾਡੀ ਧਰਤੀ ਦੀ ਆਬੋ ਹਵਾ ਇੰਨੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋਈ ਹੈ ਕਿ ਇਸ ਕਾਰਨ ਮਨੁੱਖ ਦੀ ਹੋਂਦ ਤੇ ਹੀ ਖਤਰਾ ਪੈਦਾ ਹੋ ਗਿਆ ਹੈ| ਹਾਲਾਤ ਕਿੰਨੇ ਗੰਭੀਰ ਹੋ ਚੁੱਕੇ ਹਨ ਇਸਦਾ ਅੰਦਾਜਾ ਵਿਸ਼ਵ ਸਿਹਤ ਸੰਗਠਨ ਦੀ ਉਸ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ ਜਿਸਦੇ ਅਨੁਸਾਰ ਇਸ ਵੇਲੇ ਦੁਨੀਆ ਦੀ 90 ਫੀਸਦੀ ਤੋਂ ਵੱਧ ਆਬਾਦੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਰਹੀ ਹੈ| ਇਹ ਰਿਪੋਰਟ ਦੱਸਦੀ ਹੈ ਕਿ ਮੌਜੂਦਾ ਹਾਲਾਤ ਜਨਤਕ ਸਿਹਤ ਐਂਮਰਜੈਂਸੀ ਵਰਗੇ ਹਨ ਅਤੇ ਦੁਨੀਆਂ ਵਿਚ ਹਰ ਸਾਲ ਸਿਰਫ ਹਵਾ ਪ੍ਰਦੂਸ਼ਣ ਦੇ ਕਾਰਨ 70 ਲੱਖ ਦੇ ਕਰੀਬ ਵਿਅਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ|
ਅੰਕੜੇ ਦੱਸਦੇ ਹਨ ਕਿ ਇਸ ਵੇਲੇ ਵਿਸ਼ਵ ਦੀ 92 ਫੀਸਦੀ ਆਬਾਦੀ ਉਨ੍ਹਾਂ ਥਾਵਾਂ ਉਪਰ ਰਹਿੰਦੀ ਹੈ ਜਿਥੇ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਵਲੋਂ ਤੈਅ ਮਾਣਕਾਂ ਤੋਂ ਕਿਤੇ ਵੱਧ ਹੈ| ਇਸ ਰਿਪੋਰਟ ਅਨੁਸਾਰ ਭਾਵੇਂ ਵਿਕਸਿਤ ਮੁਲਕਾਂ ਦੇ ਮੁਕਾਬਲੇ ਗਰੀਬ (ਵਿਕਾਸਸ਼ੀਲ ਅਤੇ ਪਿਛੜੇ) ਮੁਲਕਾਂ ਵਿਚ ਹਵਾ ਔਸਤਨ ਵੱਧ ਪ੍ਰਦੂਸ਼ਿਤ ਹੈ ਪਰ ਪ੍ਰਦੂਸ਼ਣ ਦਾ ਮਾੜਾ ਅਸਰ ਵਿਸ਼ਵ ਦੇ ਸਾਰੇ ਦੇਸ਼ਾਂ ਅਤੇ ਸਮਾਜ ਦੇ ਹਰ ਹਿੱਸੇ ਉਪਰ ਪੈ ਰਿਹਾ ਹੈ|
ਸਾਡੇ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਦਾ ਹੀ ਅਸਰ ਹੈ ਕਿ ਧਰਤੀ ਦੇ ਵਾਤਾਵਰਨ ਦੇ ਸੁਰਖਿਆ ਕਵਚ ਵਜੋਂ ਜਾਣੀ ਜਾਂਦੀ ਓਜੋਨ ਪਰਤ ਵਿੱਚ ਵੀ ਵੱਡੇ ਸੁਰਾਖ ਹੋ ਗਏ ਹਨ ਅਤੇ ਲਗਾਤਾਰ ਵੱਧਦੇ ਇਸ ਹਵਾ ਪ੍ਰਦੂਸ਼ਣ ਕਾਰਨ ਓਜੋਨ ਪਰਤ ਸੁਗੰੜਦੀ ਜਾ ਰਹੀ ਹੈ| ਓਜੋਨ ਪਰਤ ਵਿੱਚ ਹੋਏ ਸੁਰਾਖ ਵਿੱਚੋਂ ਲੰਘ ਕੇ ਆਉਣ ਵਾਲੀਆਂ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ (ਜੋ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹਨ) ਧਰਤੀ ਉੱਪਰ ਸਿੱਧੀਆਂ ਪੈਣ ਲੱਗੀਆਂ ਹਨ ਅਤੇ ਇਹ ਕਿਰਨਾਂ ਜਿੱਥੇ ਕਿਤੇ ਵੀ ਧਰਤੀ ਉੱਪਰ ਸਿੱਧੀਆਂ ਪੈ ਰਹੀਆਂ ਹਨ, ਉਥੇ ਬਹੁਤ ਨੁਕਸਾਨ ਹੋ ਰਿਹਾ ਹੈ| ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਦੀ ਇਹ ਸਮੱਸਿਆ ਸ਼ਹਿਰਾਂ ਵਿਚ ਬਹੁਤ ਜਿਆਦਾ ਗੰਭੀਰ ਹਾਲਤ ਵਿੱਚ ਹੈ ਅਤੇ ਪੇਂਡੂ ਖੇਤਰਾਂ (ਜਿਹਨਾਂ ਬਾਰੇ ਲੋਕਾਂ ਵਿੱਚ ਆਮ ਧਾਰਨਾ ਹੁੰਦੀ ਹੈ ਕਿ ਉੱਥੇ ਵਾਤਾਵਰਨ ਚੰਗਾ ਹੈ) ਵਿੱਚ ਵੀ ਹਵਾ ਦੀ ਗੁਣਵੱਤਾ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ|
ਵਾਤਾਵਰਨ ਵਿੱਚ ਲਗਾਤਾਰ ਵੱਧਦੇ ਇਸ ਪ੍ਰਦੂਸ਼ਣ ਲਈ ਮਨੁੱਖ ਖੁਦ ਹੀ ਜਿੰਮੇਵਾਰ ਹੈ ਅਤੇ ਜਦੋਂ ਤੋਂ ਮਨੁੱਖ ਵੱਲੋਂ ਕੁਦਰਤ ਨਾਲ ਛੇੜਛਾੜ ਦੀਆਂ ਕਾਰਵਾਈਆਂ ਵਿੱਚ ਵਾਧਾ ਹੋਇਆ ਹੈ, ਵਾਤਾਵਰਨ ਦਾ ਸੰਤੁਲਨ ਵੀ ਪ੍ਰਭਾਵਿਤ ਹੋਇਆ ਹੈ| ਹਵਾ ਨੂੰ ਸ਼ੁੱਧ ਰੱਖਣ ਵਾਲੇ ਰੁੱਖਾਂ ਦੀ ਅੰਨੇਵਾਹ ਕਟਾਈ ਵਾਤਾਵਰਨ ਵਿੱਚ ਵੱਧਦੇ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ| ਪੁਰਾਣੇ ਸਮਿਆਂ ਵਿੱਚ ਲੋਕ ਪਿੱਪਲ ਦੇ ਰੁੱਖ ਵੱਧ ਲਾਉਂਦੇ ਸਨ ਜੋ 24 ਘੰਟੇ ਆਕਸੀਜਨ ਦਿੰਦੇ ਹਨ ਅਤੇ ਹਵਾ ਨੂੰ ਸ਼ੁੱਧ ਕਰਦੇ ਹਨ| ਹਾਲਾਂਕਿ ਵੱਧਦੇ ਪ੍ਰਦੂਸ਼ਣ ਦਾ ਟਾਕਰਾ ਕਰਨ ਲਈ ਮੌਜੂਦਾ ਸਮੇਂ ਵਿੱਚ ਵੀ ਲੋਕ ਦਰਖਤ ਲਗਾਉਂਦੇ ਹਨ ਪਰੰਤੂ ਇਹਨਾਂ ਦੀ ਗਿਣਤੀ ਕਾਫੀ ਘੱਟ ਹੈ ਅਤੇ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੀਤੀ ਜਾਣ ਵਾਲੀ ਇਹ ਕਾਰਵਾਈ ਕਾਫੀ ਸਮੇਂ ਬਾਅਦ ਆਪਣਾ ਅਸਰ ਵਿਖਾਉਂਦੀ ਹੈ|
ਇਸ ਸੰਬੰਧੀ ਜੇਕਰ ਪੰਜਾਬ ਅਤੇ ਹਰਿਆਣਾ ਦੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਕਣਕ ਅਤੇ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਫੈਲਦਾ ਹੈ ਜਦੋਂ ਫਸਲ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ| ਇਸ ਤੋਂ ਇਲਾਵਾ ਵਾਹਨਾਂ ਦੀ ਵੱਧਦੀ ਗਿਣਤੀ ਅਤੇ ਵਾਹਨਾਂ ਦਾ ਜਹਿਰੀਲਾ ਧੂੰਆਂ ਵੀ ਸਾਡੇ ਵਾਤਾਵਰਨ ਵਿੱਚ ਵੱਧਦੇ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ| ਅੱਜ ਸੜਕਾਂ ਉਪਰ ਲੱਖਾਂ ਦੀ ਗਿਣਤੀ ਵਿੱਚ ਵਾਹਨ ਮੌਜੂਦ ਹਨ ਜਿਹੜੇ ਹਰ ਵੇਲੇ ਧੂੰਆਂ ਛੱਡਦੇ ਰਹਿੰਦੇ ਹਨ ਅਤੇ ਇਹ ਜ਼ਹਿਰੀਲਾ ਧੂੰਆਂ ਹਵਾ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਿਹਾ ਹੈ| ਇਸੇ ਤਰ੍ਹਾਂ ਵੱਖ ਵੱਖ ਫੈਕਟਰੀਆਂ ਅਤੇ ਭੱਠਿਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਧੂੰਆਂ ਵੀ ਹਵਾ ਨੂੰ ਬਹੁਤ ਹੱਦ ਤੱਕ ਦੂਸ਼ਿਤ ਕਰਦਾ ਹੈ|
ਲਗਾਤਾਰ ਵੱਧਦੇ ਇਸ ਪ੍ਰਦੂਸ਼ਣ ਲਈ ਮਨੁੱਖ ਖੁਦ ਹੀ ਜਿੰਮੇਵਾਰ ਹੈ ਅਤੇ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਦੇ ਇਸ ਜਹਿਰ ਨੇ ਧਰਤੀ ਤੋਂ ਜਿੰਦਗੀ ਦਾ ਨਾਮੋਨਿਸ਼ਾਨ ਹੀ ਮਿਟਾ ਦੇਣਾ ਹੈ| ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਤਾਂ ਕਦਮ ਚੁੱਕੇ ਹੀ ਜਾਂਦੇ ਹਨ ਪਰ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ| ਪਾਣੀ ਹੁਣ ਸਿਰ ਤੋਂ ਉੱਪਰ ਪਹੁੰਚ ਗਿਆ ਹੈ ਅਤੇ ਵਾਤਾਵਰਨ ਵਿੱਚ ਲਗਾਤਾਰ ਵੱਧਦਾ ਪ੍ਰਦੂਸ਼ਣ ਮਨੁੱਖ ਦੀ ਹੋਂਦ ਲਈ ਖਤਰਾ ਬਣ ਚੁੱਕਿਆ ਹੈ| ਇਹ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਜੇਕਰ ਅਸੀਂ ਹੁਣੇ ਵੀ ਨਾ ਸੰਭਲੇ ਤਾਂ ਫਿਰ ਸ਼ਾਇਦ ਸਾਨੂੰ ਸੰਭਲਣ ਦਾ ਮੌਕਾ ਹੀ ਨਾ ਮਿਲੇ|

Leave a Reply

Your email address will not be published. Required fields are marked *