ਮਨੁੱਖੀ ਜੀਵਨ ਦੀ ਹੋਂਦ ਲਈ ਗੰਭੀਰ ਖਤਰਾ ਹੈ ਪਲਾਸਟਿਕ ਪ੍ਰਦੂਸ਼ਣ

ਪਲਾਸਟਿਕ ਕੂੜੇ ਨੂੰ ਖਤਮ ਕਰਨਾ ਇਸ ਵਾਰ ਵਿਸ਼ਵ ਵਾਤਾਵਰਣ ਦਿਵਸ 2018 ਦਾ ਮੁੱਖ ਵਿਸ਼ਾ ਹੈ| ਇਸ ਸਾਲ ਵਿਸ਼ਵ ਵਾਤਾਵਰਣ ਦਿਸ਼ਵ ਦੀ ਸੰਸਾਰਿਕ ਮੇਜਬਾਨੀ ਭਾਰਤ ਨੇ ਸਾਂਭੀ ਹੈ| ਵਾਤਾਵਰਣ ਪ੍ਰਦੂਸ਼ਣ ਇੱਕ ਵਿਸ਼ਵਵਿਆਪੀ ਸਮੱਸਿਆ ਹੈ| ਦਰਖਤ – ਬੂਟੇ , ਮਨੁੱਖ , ਪਸ਼ੂ – ਪੰਛੀ ਸਾਰੇ ਉਸਦੀ ਲਪੇਟ ਵਿੱਚ ਹਨ| ਕਾਰਖਾਨਿਆਂ ਤੋਂ ਨਿਕਲਣ ਵਾਲੀ ਰਹਿੰਦ-ਖਹੁੰਦ, ਦਰਖਤ ਬੂਟਿਆਂ ਦੀ ਕਟਾਈ, ਹਵਾ, ਪਾਣੀ ਆਵਾਜ ਅਤੇ ਪਲਾਸਟਿਕ ਪ੍ਰਦੂਸ਼ਣ ਨੇ ਮਨੁੱਖ ਜੀਵਨ ਦੇ ਸਾਹਮਣੇ ਸੰਕਟ ਖੜਾ ਕਰ ਦਿੱਤਾ ਹੈ| ਪ੍ਰਦੂਸ਼ਣ ਦਾ ਮਤਲਬ ਹੈ ਸਾਡੇ ਨੇੜੇ ਤੇੜੇ ਦਾ ਬਹੁਤ ਗੰਦਾ ਹੋਣਾ ਅਤੇ ਕੁਦਰਤੀ ਸੰਤੁਲਨ ਵਿੱਚ ਦੋਸ਼ ਪੈਦਾ ਹੋਣਾ| ਵਾਤਾਵਰਨ ਦੇ ਨਸ਼ਟ ਹੋਣ ਅਤੇ ਉਦਯੋਗੀਕਰਨ ਦੇ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਸਦੇ ਫਲਸਰੂਪ ਮਨੁੱਖੀ ਜੀਵਨ ਮੁਸ਼ਕਿਲ ਹੋ ਗਿਆ ਹੈ| ਅਸੀਂ ਤਰੱਕੀ ਦੀ ਦੌੜ ਵਿੱਚ ਮਿਸਾਲ ਕਾਇਮ ਕੀਤੀ ਹੈਪਰੰਤੂ ਵਾਤਾਵਰਣ ਦਾ ਕਦੇ ਧਿਆਨ ਨਹੀਂ ਰੱਖਿਆ ਜਿਸ ਦੇ ਫਲਸਰੂਪ ਦਰਖਤ ਬੂਟਿਆਂ ਤੋਂ ਲੈ ਕੇ ਨਦੀ ਤਾਲਾਬ ਅਤੇ ਵਾਯੂਮੰਡਲ ਪ੍ਰਦੂਸ਼ਿਤ ਹੋਇਆ ਹੈ ਅਤੇ ਮਨੁੱਖ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ|
ਪ੍ਰਾਚੀਨ ਕਾਲ ਵਿੱਚ ਸਾਡਾ ਵਾਤਾਵਰਨ ਬਹੁਤ ਸਾਫ਼ ਅਤੇ ਸ਼ੁੱਧ ਸੀ| ਉਸ ਸਮੇਂ ਮਨੁੱਖ ਅਤੇ ਕੁਦਰਤ ਦਾ ਅਨੋਖਾ ਸੰਬੰਧ ਸੀ ਪਰੰਤੂ ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਅਤੇ ਵਿਕਾਸ ਦੇ ਰਸਤੇ ਤੇ ਆਪਣੇ ਪੈਰ ਰੱਖੇ ਉਵੇਂ ਹੀ ਉਸਨੇ ਵਾਤਾਵਰਨ ਦਾ ਸਾਥ ਛੱਡ ਦਿੱਤਾ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਦਿੱਤਾ| ਆਬਾਦੀ ਦੇ ਬਿਸਫੋਟ ਨੇ ਅੱਗ ਵਿੱਚ ਘੀ ਦਾ ਕੰਮ ਕੀਤਾ ਅਤੇ ਵਾਤਾਵਰਨ ਤੇਜੀ ਨਾਲ ਵਿਗੜਦਾ ਚਲਾ ਗਿਆ| ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਭਾਰਤ ਸਭ ਤੋਂ ਟਾਪ ਤੇ ਹੈ| ਪ੍ਰਦੂਸ਼ਣ ਦੀ ਵਜ੍ਹਾ ਨਾਲ ਦੁਨੀਆ ਭਰ ਵਿੱਚ ਹਰ ਸਾਲ ਕਰੀਬ 90 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਜੋ ਕੁਲ ਮੌਤਾਂ ਦਾ ਛੇਵਾਂ ਹਿੱਸਾ ਹੈ| ਪ੍ਰਦੂਸ਼ਣ ਨਾਲ ਜੁੜੀਆਂ 92 ਫੀਸਦੀ ਮੌਤਾਂ ਨਿਮਨ ਤੋਂ ਮੱਧ ਆਮਦਨ ਵਰਗ ਵਿੱਚ ਹੋਈਆ ਹਨ|
ਅੱਜ ਸੰਸਾਰਿਕ ਪੱਧਰ ਤੇ ਹਰ ਵਿਅਕਤੀ ਪਲਾਸਟਿਕ ਦੀ ਵਰਤੋਂ ਜਿੱਥੇ 18 ਕਿੱਲੋਗ੍ਰਾਮ ਹੈ ਉਥੇ ਹੀ ਇਸਦਾ ਰਿਸਾਇਕਲਿੰਗ ਸਿਰਫ 15.2 ਫ਼ੀਸਦੀ ਹੈ| ਪਲਾਸਟਿਕ ਪ੍ਰਦੂਸ਼ਣ ਮਨੁੱਖੀ ਜੀਵਨ ਦੇ ਸਾਹਮਣੇ ਇੱਕ ਵੱਡੇ ਖਤਰੇ ਦੇ ਰੂਪ ਵਿੱਚ ਉਭਰਿਆ ਹੈ| ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੇ ਮੁਖੀ ਸ਼੍ਰੀ ਇਰਿਕ ਸੋਲਹਿਮ ਨੇ ਕਿਹਾ ਹੈ ਪਲਾਸਟਿਕ ਵਾਤਾਵਰਨ ਅਤੇ ਸਿਹਤ ਲਈ ਇਕ ਗੰਭੀਰ ਖ਼ਤਰਾ ਹੈ| ਜਦੋਂ ਵੱਡਾ ਪਲਾਸਟਿਕ ਛੋਟੇ ਟੁਕੜਿਆਂ ਵਿੱਚ ਵੰਡ ਜਾਂਦਾ ਹੈ ਤਾਂ ਛੋਟੇ ਟੁਕੜੇ ਹੌਲੀ – ਹੌਲੀ ਸਮੁੰਦਰ ਵਿੱਚ ਪਹੁੰਚ ਜਾਂਦੇ ਹਨ| ਇਸ ਛੋਟੇ ਪਲਾਸਟਿਕ ਦੇ ਟੁਕੜਿਆਂ ਨੂੰ ਮੱਛੀਆਂ ਖਾ ਜਾਂਦੀਆਂ ਹਨ| ਅਸੀਂ ਮੱਛੀ ਖਾਂਦੇ ਹਾਂ ਅਤੇ ਇਹ ਪਲਾਸਟਿਕ ਸਾਡੇ ਸਰੀਰ ਵਿੱਚ ਪਹੁੰਚ ਜਾਂਦਾ ਹੈ| ਇਸ ਤਰ੍ਹਾਂ ਪਲਾਸਟਿਕ ਪ੍ਰਦੂਸ਼ਣ ਵਾਤਾਵਰਣ ਅਤੇ ਸਿਹਤ ਲਈ ਇਕ ਗੰਭੀਰ ਖ਼ਤਰਾ ਹੈ| ਪਲਾਸਟਿਕ ਨਾਲ ਬਣੀਆਂ ਵਸਤਾਂ ਦਾ ਜ਼ਮੀਨ ਜਾਂ ਪਾਣੀ ਵਿੱਚ ਇਕੱਠਾ ਹੋਣਾ ਪਲਾਸਟਿਕ ਪ੍ਰਦੂਸ਼ਣ ਕਹਾਉਂਦਾ ਹੈ ਜਿਸਦੇ ਨਾਲ ਮਨੁੱਖਾਂ ਦੇ ਜੀਵਨ ਉਤੇ ਬੁਰਾ ਪ੍ਰਭਾਵ ਪੈਂਦਾ ਹੈ| ਮਨੁੱਖ ਵੱਲੋਂ ਬਣਾਈਆਂ ਚੀਜਾਂ ਵਿੱਚ ਪਲਾਸਟਿਕ ਥੈਲੀ ਇੱਕ ਅਜਿਹੀ ਚੀਜ਼ ਹੈ ਜੋ ਜ਼ਮੀਨ ਤੋਂ ਅਸਮਾਨ ਤੱਕ ਹਰ ਜਗ੍ਹਾ ਮਿਲ ਜਾਂਦੀ ਹੈ| ਸੈਰ-ਸਪਾਟਾਂ ਥਾਵਾਂ, ਸਮੁੰਦਰੀ ਤਟਾਂ, ਨਦੀ ਨਾਲੀਆਂ, ਖੇਤਾਂ ਖਲਿਹਾਨਾਂ, ਭੂਮੀ ਦੇ ਅੰਦਰ ਬਾਹਰ ਸਭ ਥਾਵਾਂ ਤੇ ਅੱਜ ਪਲਾਸਟਿਕ ਦੇ ਲਿਫਾਫੇ ਅਟਕੇ ਪਏ ਹਨ| ਘਰ ਵਿੱਚ ਰਸੋਈ ਤੋਂ ਲੈ ਕੇ ਪੂਜਾ ਸਥਾਨਾਂ ਤੱਕ ਹਰ ਜਗ੍ਹਾ ਪਲਾਸਟਿਕ ਥੈਲੇ ਰੰਗ ਬਿਰੰਗੇ ਰੂਪ ਵਿੱਚ ਦੇਖਣ ਨੂੰ ਮਿਲ ਜਾਣਗੇ| ਚਾਵਲ, ਦਾਲ, ਤੇਲ, ਮਸਾਲੇ, ਦੁੱਧ, ਘੀ, ਲੂਣ, ਚੀਨੀ ਆਦਿ ਸਾਰੇ ਲੋੜੀਂਦੇ ਸਾਮਾਨ ਅੱਜਕੱਲ੍ਹ ਪਲਾਸਟਿਕ-ਪੈਕ ਵਿੱਚ ਮਿਲਣ ਲੱਗੇ ਹਨ| ਅੱਜ ਹਰ ਇੱਕ ਉਤਪਾਦ ਪਲਾਸਟਿਕ ਦੀਆਂ ਥੈਲੀਆਂ ਵਿੱਚ ਮਿਲਦਾ ਹੈ ਜੋ ਘਰ ਆਉਂਦੇ ਆਉਂਦੇ ਕੂੜੇ ਵਿੱਚ ਤਬਦੀਲ ਹੋ ਕੇ ਵਾਤਾਵਰਨ ਨੂੰ ਨੁਕਸਾਨ ਪੰਹੁਚਾ ਰਿਹਾ ਹੈ| ਵਰਤਮਾਨ ਵਿੱਚ ਪਲਾਸਟਿਕ ਪ੍ਰਦੂਸ਼ਣ ਇਕ ਗੰਭੀਰ ਸਮੱਸਿਆ ਬਣ ਗਿਆ ਹੈ| ਦੁਨੀਆ ਭਰ ਵਿੱਚ ਅਰਬਾਂ ਪਲਾਸਟਿਕ ਦੇ ਬੈਗ ਹਰ ਸਾਲ ਸੁੱਟੇ ਜਾਂਦੇ ਹਨ| ਇਹ ਪਲਾਸਟਿਕ ਬੈਗ ਨਾਲੀਆਂ ਦੇ ਪ੍ਰਵਾਹ ਨੂੰ ਰੋਕਦੇ ਹਨ ਅਤੇ ਅੱਗੇ ਵੱਧਦੇ ਹੋਏ ਉਹ ਨਦੀਆਂ ਅਤੇ ਮਹਾਸਾਗਰਾਂ ਤੱਕ ਪੁੱਜਦੇ ਹਨ| ਕਿਉਂਕਿ ਪਲਾਸਟਿਕ ਸੁਭਾਵਿਕ ਰੂਪ ਨਾਲ ਨਸ਼ਟ ਨਹੀਂ ਹੁੰਦਾ ਹੈ ਇਸ ਲਈ ਇਹ ਨਦੀਆਂ, ਮਹਾਸਾਗਰਾਂ ਆਦਿ ਦੇ ਜੀਵਨ ਅਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ| ਪਲਾਸਟਿਕ ਪ੍ਰਦੂਸ਼ਣ ਦੇ ਕਾਰਨ ਲੱਖਾਂ ਪਸ਼ੂ ਅਤੇ ਪੰਛੀ ਮਾਰੇ ਜਾਂਦੇ ਹਨ ਜੋ ਵਾਤਾਵਰਨ ਸੰਤੁਲਨ ਦੇ ਮਾਮਲੇ ਵਿੱਚ ਇੱਕ ਬਹੁਤ ਚਿੰਤਾਜਨਕ ਪਹਿਲੂ ਹੈ| ਅੱਜ ਹਰ ਜਗ੍ਹਾ ਪਲਾਸਟਿਕ ਦਿਸਦਾ ਹੈ ਜੋ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ| ਜਿੱਥੇ ਕਿਤੇ ਪਲਾਸਟਿਕ ਪਾਏ ਜਾਂਦੇ ਹਨ ਉਥੇ ਧਰਤੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ ਅਤੇ ਜ਼ਮੀਨ ਦੇ ਹੇਠਾਂ ਦਬੇ ਦਾਣੇ ਵਾਲੇ ਬੀਜ ਪੁੰਗਰ ਨਹੀਂ ਪਾਉਂਦੇ ਤਾਂ ਜਮੀਨ ਬੰਜਰ ਹੋ ਜਾਂਦੀ ਹੈ| ਪਲਾਸਟਿਕ ਨਾਲੀਆਂ ਨੂੰ ਰੋਕਦਾ ਹੈ ਅਤੇ ਲਿਫਾਫੇ ਦਾ ਢੇਰ ਮਾਹੌਲ ਨੂੰ ਪ੍ਰਦੂਸ਼ਿਤ ਕਰਦਾ ਹੈ| ਹਾਲਾਂਕਿ ਅਸੀਂ ਬਚੇ ਖੁਰਾਕ ਪਦਾਰਥਾਂ ਨੂੰ ਲਿਫਾਫੇ ਵਿੱਚ ਲਪੇਟ ਕੇ ਸੁੱਟਦੇ ਹਾਂ ਤਾਂ ਪਸ਼ੂ ਉਨ੍ਹਾਂ ਨੂੰ ਇੰਜ ਹੀ ਖਾ ਲੈਂਦੇ ਹਨ ਜਿਸਦੇ ਨਾਲ ਜਾਨਵਰਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਇੱਥੇ ਤੱਕ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ|
ਮਨੁੱਖੀ ਜੀਵਨ ਲਈ ਵਾਤਾਵਰਨ ਦਾ ਅਨੁਕੂਲ ਅਤੇ ਸੰਤੁਲਿਤ ਹੋਣਾ ਬਹੁਤ ਜਰੂਰੀ ਹੈ| ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਨਾਲ ਸਾਡੇ ਤੰਦੁਰੁਸਤ ਜੀਵਨ ਵਿੱਚ ਕੰਡੇ ਪੈਦਾ ਹੋ ਗਏ ਹਨ| ਵੱਖ-ਵੱਖ ਬਿਮਾਰੀਆਂ ਨੇ ਸਾਨੂੰ ਬੇਵਕਤ ਅੰਨੇ ਖੂਹ ਵੱਲ ਧੱਕ ਦਿੱਤਾ ਹੈ ਜਿਸ ਵਿੱਚ ਗਿਰਨਾ ਤਾਂ ਆਸਾਨ ਹੈ ਪਰੰਤੂ ਨਿਕਲਨਾ ਭਾਰੀ ਮੁਸ਼ਕਿਲ| ਜੇਕਰ ਅਸੀਂ ਹੁਣ ਤੋਂ ਵਾਤਾਵਰਨ ਸੁਰੱਖਿਆ ਤੇ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲਾ ਮਨੁੱਖੀ ਜੀਵਨ ਹਨ੍ਹੇਰੇ ਵਾਲਾ ਹੋ ਜਾਵੇਗਾ| ਇਹ ਹਰ ਇੱਕ ਵਿਅਕਤੀ ਦਾ ਕਰਤੱਵ ਹੈ ਕਿ ਉਹ ਆਪਣੇ ਆਢ-ਗੁਆਂਢ ਦੇ ਵਾਤਾਵਰਨ ਨੂੰ ਸਾਫ ਰੱਖ ਕੇ ਵਾਤਾਵਰਨ ਨੂੰ ਸੁਰੱਖਿਅਤ ਕਰੇ ਤਾਂ ਹੀ ਸਾਡੇ ਸੁਖਮਈ ਜੀਵਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ|
ਯੋਗਰਾਜ

Leave a Reply

Your email address will not be published. Required fields are marked *