ਮਨ ਮਰਜੀ ਦੇ ਰੇਟ ਵਸੂਲ ਰਹੇ ਹਨ ਆਟੋ ਰਿਕਸ਼ਿਆਂ ਵਾਲੇ

ਮਨ ਮਰਜੀ ਦੇ ਰੇਟ ਵਸੂਲ ਰਹੇ ਹਨ ਆਟੋ ਰਿਕਸ਼ਿਆਂ ਵਾਲੇ
ਆਮ ਲੋਕਾਂ ਦੀ ਕੀਤੀ ਜਾ ਰਹੀ ਹੈ ਆਰਥਿਕ ਲੁੱਟ-ਖਸੁੱਟ
ਐਸ ਏ ਐਸ ਨਗਰ, 22 ਜੂਨ (ਸ. ਬ.) ਮੁਹਾਲੀ ਸ਼ਹਿਰ ਵਿਚ ਆਟੋ ਰਿਕਸ਼ਿਆਂ ਵਾਲੇ ਆਮ ਲੋਕਾਂ ਤੋਂ ਮਨ ਮਰਜੀ ਦੇ ਪੈਸੇ ਵਸੂਲ ਰਹੇ ਹਨ ਜਿਸ ਕਾਰਨ ਆਮ ਲੋਕਾਂ ਦੀ ਸਿੱਧੀ ਆਰਥਿਕ ਲੁੱਟ ਖਸੁਟ ਹੋ  ਰਹੀ ਹੈ ਪਰ ਪ੍ਰਸ਼ਾਸ਼ਨ ਵਲੋਂ ਆਟੋ ਰਿਕਸ਼ਿਆਂ ਦਾ ਕਿਰਾਇਆ ਨਿਰਧਾਰਿਤ ਨਾ ਕੀਤੇ ਜਾਣ ਕਾਰਨ ਆਟੋ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ ਅਤੇ ਆਮ ਲੋਕ ਚੁਪ ਕਰਕੇ ਆਪਣੀਆਂ ਜੇਬਾਂ ਹਲਕੀਆਂ ਕਰਨ ਨੂੰ ਮਜਬੂਰ ਹਨ|
ਸ਼ਹਿਰ ਦੇ ਲਗਭਗ ਹਰ ਚੌਂਕ ਅਤੇ ਮੁੱਖ ਬੱਸ ਸਟਾਪਾਂ ਨੇੜੇ ਹਰ ਵੇਲੇ ਇਹ ਆਟੋ ਵਾਲੇ ਖੜੇ ਰਹਿੰਦੇ ਹਨ, ਜੋ ਕਿ ਅਕਸਰ ਆਪਸ ਵਿਚ ਵੀ ਗਾਲੀ ਗਲੋਚ ਦੀ ਭਾਸ਼ਾ ਵਿਚ ਹੀ ਗਲਬਾਤ ਕਰਦੇ ਹਨ, ਜਿਸ ਕਾਰਨ ਇਹਨਾ ਦੇ  ਨੇੜਿਓਂ ਲੰਘਣ ਤੋਂ ਮਹਿਲਾਵਾਂ ਕਤਰਾਉਂਦੀਆਂ ਹਨ| ਇਸ ਤੋਂ ਇਲਾਵਾ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਸ਼ਹਿਰ ਵਿਚੋਂ ਆ ਰਹੀ ਬੱਸ ਵਿਚੋਂ ਉਤਰ ਕੇ ਇਹਨਾਂ ਆਟੋ ਵਾਲਿਆਂ ਕੋਲੋਂ  ਆਪਣੀ ਮੰਜਿਲ ਉਪਰ ਜਾਣ ਬਾਰੇ ਪੁੱਛਦਾ ਹੈ ਤਾਂ ਇਹਨਾ ਆਟੋ ਵਾਲਿਆਂ ਦਾ ਪਹਿਲਾ ਜਵਾਬ ਇਹ ਹੀ ਹੁੰਦਾ ਹੈ, ਜੀ ਉਥੇ ਤਾਂ ਸਪੈਸ਼ਲ ਆਟੋ ਜਾਵੇਗਾ ਅਤੇ ਸਪੈਸ਼ਲ ਆਟੋ ਜਾਣ ਦਾ ਕਿਰਾਇਆ ਹੀ 100 ਰੁਪਏ ਤੋਂ ਵੱਧ ਹੁੰਦਾ ਹੈ| ਇਸ ਤਰਾਂ ਦੂਜੇ ਸ਼ਹਿਰ ਵਿਚੋਂ  ਆਇਆ ਅਣਜਾਣ ਵਿਅਕਤੀ ਇਹਨਾਂ ਆਟੋ ਵਾਲਿਆਂ ਦੇ ਚੁੰਗਲ ਵਿਚ ਫਸ ਜਾਂਦਾ ਹੈ ਤੇ ਇਹਨਾਂ ਨੂੰ ਮੁੰਹ ਮੰਗੇ ਪੈਸੇ ਦੇਣ ਲਈ ਤਿਆਰ ਹ ੋ ਜਾਂਦਾ ਹੈ, ਜਦੋਂ ਕਿ ਉਸੇ ਥਾਂ ਜਾਣ ਲਈ ਲੋਕਲ ਬੱਸ ਵਿਚ ਸਿਰਫ 10 ਰੁਪਏ ਹੀ ਲੱਗਦੇ ਹਨ|
ਇਸ ਤੋਂ ਇਲਾਵਾ ਫੇਜ 6 ਤੋਂ  ਫੇਜ 3 ਬੀ 2 ਆਉਣ ਲਈ ਵੀ ਆਟੋ ਵਾਲਿਆਂ ਵਲੋਂ 20 ਰੁਪਏ ਪ੍ਰਤੀ ਸਵਾਰੀ ਲਏ ਜਾਂਦੇ ਹਨ ਜਦੋਂ ਕਿ ਇਹ ਕਿਰਾਇਆ ਸਿਰਫ 10 ਰੁਪਏ ਪ੍ਰਤੀ ਸਵਾਰੀ ਬਣਦਾ ਹੈ| ਇਸੇ ਤਰਾਂ ਫੇਜ 11 ਤੋਂ ਨਵੇਂ ਬੱਸ ਸਟੈਂਡ ਜਾਣ ਲਈ 30 ਜਾਂ 50 ਰੁਪਏ ਪ੍ਰਤੀ ਸਵਾਰੀ ਮੰਗੇ ਜਾਂਦੇ ਹਨ ਜੋ ਕਿ ਬਹੁਤ ਹੀ ਜਿਆਦਾ ਹਨ ਪਰ  ਲੋਕਾਂ ਨੂੰ ਮਜਬੂਰੀ ਬਸ ਇਹ ਪੈਸੇ ਆਟੋ ਵਾਲਿਆਂ ਨੂੰ ਦੇਣੇ ਪੈ ਰਹੇ ਹਨ|
ਭਾਰਤ ਦੇ ਵੱਡੀ ਗਿਣਤੀ ਸ਼ਹਿਰਾਂ ਵਿਚ ਪ੍ਰਸ਼ਾਸਨ ਨੇ ਆਟੋ ਰਿਕਸ਼ਿਆਂ ਦੇ ਕਿਰਾਏ ਦੂਰੀ ਅਤੇ ਕਿਲੋਮੀਟਰਾਂ ਦੇ ਹਿਸਾਬ ਨਾਲ ਤੈਅ ਕਰ ਰਖੇ ਹਨ, ਉਸ ਤੈਅ ਕਿਰਾਏ ਤੋਂ ਵੱਧ ਕੋਈ ਵੀ ਆਟੋ ਵਾਲਾ ਪੈਸੇ ਨਹੀਂ ਲੈ ਸਕਦਾ ਪਰ ਮੁਹਾਲੀ ਵਿਚ ਪ੍ਰਸ਼ਾਸਨ ਜਿਵੇਂ ਸੁੱਤਾ ਪਿਆ ਹੈ ਅਤੇ ਉਸ ਵਲੋਂ ਆਟੋ ਰਿਕਸ਼ਿਆਂ ਦੇ ਕਿਰਾਏ ਨਿਰਧਾਰਿਤ ਕਰਨ ਵੱਲ ਕੋਈ ਧਿਆਨ ਨਹੀਂ ਦਿਤਾ ਜਾਂਦਾ, ਜਿਸ ਕਰਕੇ ਆਟੋ ਰਿਕਸ਼ੇ ਵਾਲੇ ਆਪਣੀ ਮਰਜੀ ਨਾਲ  ਲੋਕਾਂ ਤੋਂ ਕਿਰਾਇਆ ਵਸੂਲ ਕਰ ਰਹੇ ਹਨ|
ਇਸ ਤੋਂ ਇਲਾਵਾ ਇਹ ਵੀ  ਵੇਖਣ ਵਿਚ ਆਇਆ ਹੈ ਕਿ ਵੱਡੀ ਗਿਣਤੀ ਆਟੋ ਰਿਕਸ਼ਾ ਦੇ ਡਰਾਇਵਰ ਨਸ਼ੇੜੀ ਹਨ| ਇਹਨਾਂ ਵਿੱਚੋਂ ਕਈ ਆਟੋ ਰਿਕਸ਼ਾ ਵਾਲੇ ਨਾਬਾਲਗ ਵੀ ਹਨ| ਜਿਆਦਾਤਰ ਆਟੋ ਰਿਕਸ਼ਿਆਂ ਵਾਲੇ ਦੂਜੇ ਰਾਜਾਂ ਤੋਂ  ਆਏ ਹੋਏ ਹਨ ਜਿਸ ਕਰਕੇ ਉਹਨਾਂ ਦੀ ਪਹਿਚਾਣ ਕਰਨੀ ਮੁਸਿਕਲ ਹੋ ਜਾਂਦੀ ਹੈ| ਕਈ ਆਟੋ ਰਿਕਸ਼ੇ ਵਾਲੇ ਬਿਨਾਂ ਲਾਇਸੈਂਸ ਹੀ ਆਟੋ ਚਲਾ ਰਹੇ ਹਨ| ਇਸ ਤੋਂ ਇਲਾਵਾ ਕਈ ਆਟੋ ਰਿਕਸ਼ਾ ਵਾਲੇ ਆਟੋ ਵਿਚ ਡੀਜਲ ਦੀ ਥਾਂ ਮਿੱਟੀ ਦਾ ਤੇਲ ਪਾ ਕੇ ਹੀ ਬਹੁਤ ਜਿਆਦਾ ਧੂੰਆਂ ਫੈਲਾਉਂਦੇ ਹਨ ਅਤੇ ਪ੍ਰਦੂਸਣ ਪੈਦਾ ਕਰਦੇ ਹਨ|
ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਆਟੋ ਰਿਕਸ਼ਿਆਂ ਵਲੋਂ ਵੱਧ ਕਿਰਾਇਆ ਵਸੂਲਣ ਉਪਰ ਰੋਕ ਲਗਾਈ ਜਾਵੇ ਅ ਤੇ ਪ੍ਰਸ਼ਾਸਨ ਵਲੋਂ ਆਟੋ ਰਿਕਸ਼ਿਆਂ ਦੇ ਕਿਰਾਏ ਨਿਰਧਾਰਿਤ ਕੀਤੇ ਜਾਣ|

Leave a Reply

Your email address will not be published. Required fields are marked *