ਮਰਦਾਨਾ ਤਾਕਤ ਦੀਆਂ ਦਵਾਈਆਂ ਦੇ ਨਾਮ ਤੇ ਲੋਕਾਂ ਨੂੰ ਠੱਗਦੇ ਨੀਮ ਹਕੀਮਾਂ ਨੂੰ ਕਾਬੂ ਕਰੇ ਸਰਕਾਰ

ਸੂਬੇ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਤੇ ਨਾਜਾਇਜ ਕਬਜੇ ਕਰਕੇ ਅਤੇ ਆਪਣੇ ਟੈਂਟ ਆਦਿ ਲਗਾ ਕੇ ਲੋਕਾਂ ਨੂੰ ਮਰਦਾਨਗੀ ਦੀਆਂ ਦਵਾਈਆਂ ਦੇ ਨਾਮ ਤੇ ਵੱਖੋਂ ਵੱਖ ਜੜੀਆਂ ਬੂਟੀਆਂ ਅਤੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰਾਂ ਦਾ ਤੇਲ ਕੱਢ ਕੇ ਵੇਚਣ ਵਾਲੇ ਨੀਮ ਹਕੀਮਾਂ ਦੇ ਅੱਡੇ ਆਮ ਨਜਰ ਆ ਜਾਂਦੇ ਹਨ| ਗੱਡੀਆਂ ਵਾਲਿਆਂ ਦੇ ਨਾਮ ਨਾਲ ਮਸ਼ਹੂਰ ਇਹ ਖਾਨਾਬਦੋਸ਼ ਹਕੀਮ ਆਮ ਦਾਅਵਾ ਕਰਦੇ ਹਨ ਕਿ ਉਹਨਾਂ ਵਲੋਂ ਤਿਆਰ ਕੀਤੀਆਂ ਗਈਆਂ ਦਵਾਈਆਂ ਨਾਲ ਕਿਸੇ ਵੀ ਵਿਅਕਤੀ ਦੀ ਮਰਦਾਨਾ ਕਮਜੋਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਅਤੇ ਆਪਣੇ ਇਹਨਾਂ ਦਾਅਵਿਆਂ ਦੀ ਆੜ ਵਿੱਚ ਇਹ ਨੀਮ ਹਕੀਮ ਭੋਲੇ ਭਾਲੇ ਲੋਕਾਂ ਨੂੰ ਮਨਮਾਨੀ ਕੀਮਤ ਤੇ ਦਵਾਈਆਂ ਵੇਚ ਕੇ ਉਹਨਾਂ ਨੂੰ ਠੱਗਦੇ ਹਨ|
ਸਾਡੇ ਜਿਲ੍ਹੇ ਵਿੱਚ ਵੀ ਵੱਖ ਵੱਖ ਖੇਤਰਾਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਤੰਬੂ ਲਗਾ ਕੇ ਅਤੇ ਖਾਨਦਾਨੀ ਦਵਾਖਾਨਾ ਦਾ ਬੋਰਡ ਲਗਾ ਕੇ ਬੈਠੇ ਅਜਿਹੇ ਨੀਮ ਹਕੀਮ ਦਿਖ ਜਾਂਦੇ ਹਨ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਮਰਦਾਨਾ ਤਾਕਤ ਦੀਆਂ ਦੇਸੀ ਦਵਾਈਆਂ ਬਣਾ ਕੇ ਦੇਣ ਦੇ ਨਾਮ ਤੇ ਉਹਨਾਂ ਨੂੰ ਠੱਗਦੇ ਹਨ| ਇਹਨਾਂ ਨੀਮ ਹਕੀਮਾਂ ਵਲੋਂ ਆਪਣੇ ਤੰਬੂਆਂ ਦੇ ਬਾਹਰ ਬਾਕਾਇਦਾ ਸਜਾਵਟੀ ਬੋਰਡ ਲਗਾਏ ਹੁੰਦੇ ਹਨ ਜਿਹਨਾਂ ਰਾਂਹੀ ਉਹ ਲੋਕਾਂ ਦੀਆਂ ਵੱਖ ਵੱਖ ਦਵਾਈਆਂ ਦਾ ਸ਼ਰਤੀਆਂ ਇਲਾਜ ਕਰਨ ਦਾ ਦਾਅਵਾ ਕਰਦੇ ਹਨ| ਇਹਨਾਂ ਦੀ ਇਹ ਖਾਸੀਅਤ ਹੈ ਕਿ ਇਹਨਾਂ ਵਲੋਂ ਆਪਣਾ ਇਹ ਕਾਰੋਬਾਰ ਕਿਸੇ ਨਾ ਕਿਸੇ ਮੁੱਖ ਸੜਕ ਦੇ ਕਿਨਾਰੇ ਹੀ ਚਲਾਇਆ ਜਾਂਦਾ ਹੈ ਤਾਂ ਜੋ ਰਾਹ ਜਾਂਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾ ਸਕੇ|
ਇਸ ਗੱਲ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹ ਗੱਡੀਆਂ ਵਾਲੇ ਆਪ ਮੁਹਾਰੇ ਅਜਿਹੀਆਂ ਦਵਾਈਆਂ ਬਣਾ ਕੇ ਲੋਕਾਂ ਨੂੰ              ਵੇਚਦੇ ਹਨ ਜਿਹੜੀਆਂ ਉਹਨਾਂ ਦੀ ਸ਼ਰੀਰਕ ਸਿਹਤ ਲਈ ਬਹੁਤ ਜਿਆਦਾ ਖਤਰਨਾਕ ਸਾਬਿਤ ਹੋ ਸਕਦੀਆਂ ਹਨ| ਆਪਣੇ ਅਜੀਬੋਗਰੀਬ ਨੁਸਖਿਆਂ ਰਾਂਹੀ  ਲੋਕਾਂ ਦੀਆਂ (ਖਾਸ ਕਰ ਸੈਕਸ ਨਾਲ ਸੰਬੰਧਿਤ) ਬਿਮਾਰੀਆਂ ਦੇ ਇਲਾਜ ਦਾ ਦਾਅਵਾ ਕਰਨ ਵਾਲੇ ਇਹ ਠੱਗ ਅਸਲ ਵਿੱਚ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਮਾਇਆਜਾਲ ਵਿੱਚ ਫਸਾ ਕੇ ਉਹਨਾਂ ਦੀ ਲੁੱਟ ਕਰਦੇ ਹਨ| ਇਹਨਾਂ ਕੋਲ ਨਾ ਤਾਂ ਕੋਈ ਡਿਗਰੀ ਹੁੰਦੀ ਹੈ ਅਤੇ ਨਾ ਹੀ ਇਹਨਾਂ ਨੂੰ ਸਿਹਤ ਵਿਭਾਗ ਵਲੋਂ ਅਜਿਹੀ ਕੋਈ ਪ੍ਰਵਾਨਗੀ ਦਿੱਤੀ ਜਾਂਦੀ ਹੈ ਪਰੰਤੂ ਇਹ ਧੜੱਲੇ ਨਾਲ ਆਪਣਾ ਧੰਧਾ ਚਲਾਉਂਦੇ ਹਨ|
ਪੰਜਾਬ ਸਰਕਾਰ ਵਲੋਂ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ  ਕਿ ਸਰਕਾਰ ਵਲੋਂ ਆਮ ਜਨਤਾ ਨੂੰ ਲੋੜੀਂਦੀਆਂ ਸਿਹਤ ਸੁਵਿਧਾਵਾ ਮੁਹਈਆ ਕਰਵਾਉਣ ਦੇ ਨਾਲ ਨਾਲ ਸੂਬੇ ਦੀ ਜਨਤਾ ਨੂੰ ਨੀਮ ਹਕੀਮਾਂ ਦੇ ਮਕੜਜਾਲ ਤੋਂ ਛੁਟਕਾਰਾ ਦਿਵਾਉਣ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ| ਸਰਕਾਰ ਇਹ ਦਾਅਵਾ ਵੀ ਕਰਦੀ ਹੈ ਕਿ ਉਸ ਵਲੋਂ ਸੂਬੇ ਵਿੱਚ ਅਣਅਧਿਕਾਰਤ ਤੌਰ ਤੇ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਸੰਬੰਧੀ ਵੱਖ ਵੱਖ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਸਿਹਤ ਵਿਭਾਗ ਨੂੰ ਅਜਿਹੇ ਝੋਲਾ ਛਾਪ ਡਾਕਟਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰਨ ਅਤੇ ਉਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਵਾਉਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ| ਪਰੰਤੂ ਇਸਦੇ ਬਾਵਜੂਦ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਮੁੱਖ ਸੜਕਾਂ ਦੇ ਕਿਨਾਰੇ ਤੇ ਆਪਣੇ ਅੱਡੇ ਜਮਾ ਕੇ ਬੈਠਣ ਵਾਲੇ ਇਹਨਾਂ ਨੀਮ ਹਕੀਮਾਂ ਦੇ ਖਿਲਾਫ ਸਰਕਾਰ ਵਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ|
ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ (ਜਿਸਦੀ ਇਹ                ਜਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਠੱਗਾਂ ਦੀ ਇਸ ਕਾਰਵਾਈ ਤੇ ਰੋਕ ਲਗਾਏ) ਵਲੋਂ ਇਹਨਾਂ ਨੀਮ ਹਕੀਮਾਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਅਤੇ ਇਹਨਾਂ ਦਾ ਕਾਰੋਬਾਰ ਲਗਾਤਾਰ ਚਲਦਾ ਰਹਿੰਦਾ ਹੈ| ਕਾਨੂੰਨਨ ਇਹ ਨੀਮ ਹਕੀਮ ਅਜਿਹੀ ਕੋਈ ਵੀ ਦਵਾਈ ਨਹੀਂ ਵੇਚ ਸਕਦੇ ਕਿਉਂਕਿ ਉਹਨਾਂ ਕੋਲ ਇੰਨੀ ਕਾਬਲੀਅਤ ਹੀ ਨਹੀਂ ਹੈ ਕਿ ਉਹ ਕਿਸੇ ਦਾ ਇਲਾਜ ਕਰ ਸਕਣ|
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਅਨਸਰਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਹਨਾਂ ਨੀਮ ਹਕੀਮਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਸੰਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਇਹਨਾਂ ਨੀਮ ਹਕੀਮਾਂ ਦੇ ਅੱਡੇ ਚੁਕਵਾ ਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਤਰੀਕੇ ਨਾਲ ਹੁੰਦੀ ਆਮ ਲੋਕਾਂ ਦੀ ਲੁੱਟ ਦੀ ਇਸ ਕਾਰਵਾਈ ਤੇ ਰੋਕ ਲੱਗੇ|
î

Leave a Reply

Your email address will not be published. Required fields are marked *